ਵਿਜੀਲੈਂਸ ਬਿਊਰੋ ਨੇ 10,000 ਰੁਪਏ ਰਿਸ਼ਵਤ ਲੈਂਦਾ ਹੋਮਗਾਰਡ ਦਾ ਜਵਾਨ ਕੀਤਾ ਕਾਬੂ

Wednesday, Jan 31, 2024 - 09:24 PM (IST)

ਵਿਜੀਲੈਂਸ ਬਿਊਰੋ ਨੇ 10,000 ਰੁਪਏ ਰਿਸ਼ਵਤ ਲੈਂਦਾ ਹੋਮਗਾਰਡ ਦਾ ਜਵਾਨ ਕੀਤਾ ਕਾਬੂ

ਚੰਡੀਗੜ੍ਹ- ਪੰਜਾਬ ਵਿਜੀਲੈਂਸ ਬਿਊਰੋ ਨੇ ਪੁਲਸ ਚੌਕੀ ਪਿੰਡ ਲਲਤੋਂ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਪੰਜਾਬ ਹੋਮ ਗਾਰਡ (ਪੀ.ਐੱਚ.ਜੀ.) ਦੇ ਵਲੰਟੀਅਰ ਹਰਜਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਅਧੀਨ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਕੇਸ ਭਾਈ ਬਾਲਾ ਕਲੋਨੀ, ਪੱਖੋਵਾਲ ਰੋਡ, ਲੁਧਿਆਣਾ ਦੀ ਰਹਿਣ ਵਾਲੀ ਮਨਦੀਪ ਕੌਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਪੁਲਸ ਚੌਕੀ ਲਲਤੋਂ ਕਲਾਂ, ਲੁਧਿਆਣਾ ਵਿਖੇ ਤਾਇਨਾਤ ਪੀ.ਐੱਚ.ਜੀ. ਵਲੰਟੀਅਰ ਹਰਜਿੰਦਰ ਸਿੰਘ ਅਤੇ ਏ.ਐੱਸ.ਆਈ. ਰਵਿੰਦਰ ਕੁਮਾਰ, ਉਸ ਦੇ ਭਰਾਵਾਂ ਵਿਰੁੱਧ ਦਰਜ ਪੁਲਸ ਕੇਸ ਵਿੱਚ ਉਸ ਦੀ ਮਦਦ ਕਰਨ ਬਦਲੇ ਉਸ ਕੋਲੋਂ 30,000 ਰੁਪਏ ਰਿਸ਼ਵਤ ਮੰਗ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਵੱਡਾ ਫੇਰਬਦਲ, 32 DSPs ਦਾ ਕੀਤਾ ਗਿਆ ਟਰਾਂਸਫਰ

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਉਕਤ ਏ.ਐੱਸ.ਆਈ. ਦੀ ਤਰਫੋਂ ਮੁਲਜ਼ਮ ਪੀ.ਐੱਚ.ਜੀ. ਵਲੰਟੀਅਰ ਹਰਜਿੰਦਰ ਸਿੰਘ ਉਸ ਤੋਂ ਪਹਿਲਾਂ ਹੀ 10,000 ਰੁਪਏ ਰਿਸ਼ਵਤ ਲੈ ਚੁੱਕਾ ਹੈ ਤੇ ਹੁਣ ਬਾਕੀ ਰਹਿੰਦੇ 20,000 ਰੁਪਏ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਉਕਤ ਪੀ.ਐੱਚ.ਜੀ. ਵਲੰਟੀਅਰ ਵੱਲੋਂ ਕੀਤੀ ਗਈ ਮੰਗ ਦੀ ਰਿਕਾਰਡਿੰਗ ਵੀ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। 

ਸ਼ਿਕਾਇਤ ਮਿਲਣ ਉਪਰੰਤ ਵਿਜੀਲੈਂਸ ਰੇਂਜ ਲੁਧਿਆਣਾ ਨੇ ਸ਼ਿਕਾਇਤ ਦੀ ਪੜਤਾਲ ਕੀਤੀ ਅਤੇ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਹੀ ਪਾਇਆ। ਇਸ ਰਿਪੋਰਟ ਦੇ ਆਧਾਰ ’ਤੇ ਮੁਲਜ਼ਮ ਪੀ.ਐੱਚ.ਜੀ. ਵਲੰਟੀਅਰ ਹਰਜਿੰਦਰ ਸਿੰਘ ਦੇ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐੱਫ.ਆਈ.ਆਰ. ਨੰਬਰ 05 ਮਿਤੀ 31.01.2024 ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਉਪਰੋਕਤ ਏ.ਐੱਸ.ਆਈ. ਰਵਿੰਦਰ ਕੁਮਾਰ ਅਤੇ ਹੋਰ ਪੁਲਸ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IPS/PPS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News