ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਮਾਮਲੇ ''ਚ ਨਗਰ-ਨਿਗਮ ਦਾ ਇੰਸਪੈਕਟਰ ਗ੍ਰਿਫ਼ਤਾਰ

Saturday, Oct 10, 2020 - 06:00 PM (IST)

ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਮਾਮਲੇ ''ਚ ਨਗਰ-ਨਿਗਮ ਦਾ ਇੰਸਪੈਕਟਰ ਗ੍ਰਿਫ਼ਤਾਰ

ਪਟਿਆਲਾ (ਬਲਜਿੰਦਰ) : ਵਿਜੀਲੈਂਸ ਬਿਊਰੋ ਪਟਿਆਲਾ ਨੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ 25 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਮਾਮਲੇ 'ਚ ਨਗਰ ਨਿਗਮ ਦੇ ਇੰਸਪੈਕਟਰ ਸੁਨੀਲ ਗੁਲਾਟੀ ਅਤੇ ਉਸ ਦੇ ਸਹਿਯੋਗੀ ਰਾਕੇਸ਼ ਬਹਿਲ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ 7, 7(ਏ) ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ 'ਚ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੰਸਪੈਕਟਰ ਗੁਲਾਟੀ ਨੇ ਉਸ ਦੀ ਤ੍ਰਿਪੜੀ ਇਲਾਕੇ 'ਚ ਦੁਕਾਨ ਦੇ ਸ਼ਟਰ ਤੋਂ ਸੀਲ ਉਤਾਰਨ ਬਦਲੇ 25000 ਰੁਪਏ ਦੀ ਰਿਸ਼ਵਤ ਮੰਗੀ ਸੀ। ਗੁਲਾਟੀ ਨੇ ਸ਼ਿਕਾਇਤਕਰਤਾ ਨੂੰ ਇਹ ਰਿਸ਼ਵਤ ਦੀ ਰਕਮ ਮਾਡਲ ਟਾਊਨ ਦੇ ਇਕ ਦੁਕਾਨਦਾਰ ਰਾਕੇਸ਼ ਬਹਿਲ ਨੂੰ ਦੇਣ ਲਈ ਕਿਹਾ ਸੀ।

ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਦੀ ਪੁਲਸ ਟੀਮ ਨੇ ਰਾਕੇਸ਼ ਬਹਿਲ ਨੂੰ ਇੰਸਪੈਕਟਰ ਗੁਲਾਟੀ ਲਈ ਇਹ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਰਾਕੇਸ਼ ਬਹਿਲ ਅਤੇ ਇੰਸਪੈਕਟਰ ਗੁਲਾਟੀ ਦੀ ਆਪਸੀ ਗੱਲਬਾਤ ਮਗਰੋਂ ਵਿਜੀਲੈਂਸ ਨੇ ਇੰਸਪੈਕਟਰ ਗੁਲਾਟੀ ਨੂੰ ਵੀ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


author

Gurminder Singh

Content Editor

Related News