ਨਾਭਾ ਕੋਤਵਾਲੀ ਦਾ ਇਕ ਹੋਰ ਥਾਣੇਦਾਰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ
Tuesday, Aug 08, 2017 - 04:44 PM (IST)
ਨਾਭਾ (ਜੈਨ) : ਸਥਾਨਕ ਕੋਤਵਾਲੀ ਪੁਲਸ ਦੇ ਥਾਣੇਦਾਰ ਟਹਿਲ ਸਿੰਘ (ਏ. ਐੈੱਸ. ਆਈ.) ਨੂੰ ਵਿਜੀਲੈਂਸ ਬਿਊਰੋ ਟੀਮ ਦੇ ਇੰਸਪੈਕਟਰ ਰਜਿੰਦਰ ਕੁਮਾਰ ਸਹੋਤਾ ਨੇ 35 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਵਿੰਗ ਲੁਧਿਆਣਾ ਕੋਲ ਹਰਿੰਦਰਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਬਾਈਪਾਸ ਨੇੜੇ ਗੁਲਜ਼ਾਰ ਹਸਪਤਾਲ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਪੁਰਾਣੇ ਕੇਸ ਦੇ ਸਬੰਧ ਵਿਚ ਉਸ ਤੋਂ ਰਿਸ਼ਵਤ ਮੰਗੀ ਜਾ ਰਹੀ ਹੈ।
ਵਰਨਣਯੋਗ ਹੈ ਕਿ 2 ਮਹੀਨੇ ਪਹਿਲਾਂ ਕੋਤਵਾਲੀ ਪੁਲਸ ਨਾਭਾ ਦੇ ਥਾਣੇਦਾਰ ਸ਼ਿਵਦੇਵ ਸਿੰਘ ਚੀਗਲ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਮੋਹਾਲੀ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕਾਰ ਦੀ ਸਪੁਰਦਗੀ ਲਈ ਰਿਸ਼ਵਤ ਮੰਗੀ ਜਾ ਰਹੀ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਸ਼ਹਿਰ ਵਿਚ ਥਾਣੇ ਦੇ 2 ਥਾਣੇਦਾਰਾਂ ਨੂੰ 65 ਦਿਨਾਂ ਵਿਚ ਵਿਜੀਲੈਂਸ ਵੱੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਸਪੱਸ਼ਟ ਹੈ ਕਿ ਕੈਪਟਨ ਸਰਕਾਰ ਕਥਿਤ ਭ੍ਰਿਸ਼ਟਾਚਾਰ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ।
