15000 ਰੁਪਏ ਦੀ ਮੰਗ ਕਰਨ ਵਾਲੇ ਕਾਨੂੰਗੋ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜ

Wednesday, Aug 14, 2024 - 06:02 PM (IST)

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮੋਗਾ ਜ਼ਿਲ੍ਹੇ ਦੀ ਤਹਿਸੀਲ ਅਜੀਤਵਾਲ ਵਿਖੇ ਤਾਇਨਾਤ ਫ਼ੀਲਡ ਕਾਨੂੰਗੋ ਚਮਕੌਰ ਸਿੰਘ ਵਿਰੁੱਧ 15000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਾਨੂੰਗੋ ਖਿਲਾਫ਼ ਇਹ ਮੁਕੱਦਮਾ ਪਿੰਡ ਮੱਦੋਕੇ, ਜ਼ਿਲ੍ਹਾ ਮੋਗਾ ਦੇ ਵਸਨੀਕ ਕੇਵਲ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਅਤੇ ਬਿਊਰੋ ਕੋਲ ਸਬੂਤ ਵਜੋਂ ਪੇਸ਼ ਕੀਤੀ ਆਡੀਓ ਰਿਕਾਰਡਿੰਗ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਆਡੀਓ ਰਿਕਾਰਡਿੰਗ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਸਹਾਇਕ ਕੁਲੈਕਟਰ, ਅਜੀਤਵਾਲ, ਮੋਗਾ ਜਿਲ੍ਹਾ ਦੀ ਅਦਾਲਤ ਨੇ ਉਕਤ ਸ਼ਿਕਾਇਤਕਰਤਾ ਨੂੰ ਜ਼ਮੀਨ ਦੀ ਮਾਲਕੀ ਦਿਵਾਉਣ ਲਈ ਦਖ਼ਲ ਦੇਣ ਵਾਸਤੇ ਵਾਰੰਟ ਜਾਰੀ ਕੀਤਾ ਸੀ ਅਤੇ ਇਸ ਮਕਸਦ ਲਈ ਉਕਤ ਕਾਨੂੰਗੋ ਨੇ ਸ਼ਿਕਾਇਤਕਰਤਾ ਦੀ ਮੱਦਦ ਕਰਨ ਬਦਲੇ ਉਸ ਕੋਲ਼ੋਂ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਇਹ ਦੋਸ਼ ਸਹੀ ਪਾਇਆ ਗਿਆ। ਇਸ ਤੋਂ ਬਾਅਦ ਇਸ ਪੜਤਾਲੀਆ ਰਿਪੋਰਟ ਦੇ ਆਧਾਰ 'ਤੇ ਚਮਕੌਰ ਸਿੰਘ ਕਾਨੂੰਗੋ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਜਿਸ ਦੌਰਾਨ ਇਸ ਤਹਿਸੀਲ ਦਫ਼ਤਰ ਵਿਖੇ ਤਾਇਨਾਤ ਹੋਰ ਮੁਲਾਜ਼ਮ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।


Gurminder Singh

Content Editor

Related News