ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ

Friday, Jul 21, 2023 - 08:09 PM (IST)

ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਮਾਲ ਹਲਕਾ ਜੰਡਿਆਲਾ ਗੁਰੂ ਵਿਖੇ ਤਾਇਨਾਤ ਪਟਵਾਰੀ ਹਰਪ੍ਰੀਤ ਸਿੰਘ ਨੂੰ 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਖਰਾਜ ਸਿੰਘ ਵਾਸੀ ਪਿੰਡ ਧਾਰੜ ਜ਼ਿਲ੍ਹਾ ਅੰਮ੍ਰਿਤਸਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣੇ ਪਿੰਡ ਦੇ ਪ੍ਰੀਤਮ ਸਿੰਘ ਤੋਂ ਇਕ ਏਕੜ ਜ਼ਮੀਨ ਖਰੀਦੀ ਸੀ ਅਤੇ ਸ਼ਿਕਾਇਤਕਰਤਾ ਦੇ ਦਾਦਾ ਚਰਨ ਸਿੰਘ ਦੇ ਨਾਂ ’ਤੇ ਜ਼ਮੀਨ ਦਾ ਇੰਤਕਾਲ ਦਰਜ ਹੋ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚੋਂ ਬਰਸਾਤੀ ਪਾਣੀ ਕੱਢਣ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ, 1 ਦੀ ਮੌਤ

ਸ਼ਿਕਾਇਤਕਰਤਾ ਨੇ ਦੱਸਿਆ ਕਿ ਤਕਰੀਬਨ ਇਕ ਮਹੀਨਾ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਜ਼ਮੀਨ ਦਾ ਇੰਤਕਾਲ ਉਸ ਦੇ ਦਾਦਾ ਚਰਨ ਸਿੰਘ ਦੀ ਬਜਾਏ ਗ਼ਲਤੀ ਨਾਲ ਸ਼ੇਰ ਸਿੰਘ ਦੇ ਨਾਂ ’ਤੇ ਦਰਜ ਹੋ ਗਿਆ ਹੈ। ਜਦੋਂ ਉਸ ਨੇ ਗ਼ਲਤੀ ਸੁਧਾਰਨ ਲਈ ਪਟਵਾਰੀ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਤੋਂ ਇਸ ਦਰੁੱਸਤੀ ਬਦਲੇ ਪਟਵਾਰੀ ਨੇ 5000 ਰੁਪਏ ਰਿਸ਼ਵਤ ਮੰਗੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸੰਮਨ ਜਾਰੀ, ਵਿਜੀਲੈਂਸ ਨੇ ਪੁੱਛਗਿੱਛ ਲਈ ਸੱਦਿਆ

ਸੁਖਰਾਜ ਸਿੰਘ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਦੀ ਟੀਮ ਨੇ ਅੱਜ ਟਰੈਪ ਲਗਾ ਕੇ ਉਕਤ ਦੋਸ਼ੀ ਪਟਵਾਰੀ ਹਰਪ੍ਰੀਤ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਕੋਲੋਂ 5000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਇਸ ਸਬੰਧੀ ਪਟਵਾਰੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ-7 ਅਧੀਨ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ।


author

Manoj

Content Editor

Related News