ਮੁੜ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਚਹਿਲ, ਸਿਹਤ ਦਾ ਹਵਾਲਾ ਦੇ ਕੇ 2 ਹਫ਼ਤਿਆਂ ਦੀ ਮੰਗੀ ਛੋਟ
Wednesday, Apr 19, 2023 - 04:53 PM (IST)
ਪਟਿਆਲਾ (ਜ. ਬ.) : ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਮੁੜ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ 2 ਹਫ਼ਤਿਆਂ ਦੀ ਛੋਟ ਮੰਗੀ ਹੈ। ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਚਹਿਲ ਦੇ ਘਰ ਦੇ ਬਾਹਰ ਨੋਟਿਸ ਲਗਾ ਕੇ ਉਨ੍ਹਾਂ ਨੂੰ ਵਿਜੀਲੈਂਸ ਅੱਗੇ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਸੀ। ਵਿਜੀਲੈਂਸ ਨੇ ਨੋਟਿਸ ’ਚ ਪਿਛਲੀਆਂ ਬਹੁਤ ਸਾਰੀਆਂ ਤਾਰੀਖ਼ਾਂ ’ਤੇ ਪੇਸ਼ ਹੋਣ ਲਈ ਕਿਹਾ ਸੀ ਪਰ ਭਰਤ ਇੰਦਰ ਸਿੰਘ ਚਹਿਲ ਪੇਸ਼ ਨਾ ਹੋਏ, ਜਿਸ ਕਾਰਨ ਉਨ੍ਹਾਂ ਦੇ ਘਰ ਦੇ ਬਾਹਰ ਨੋਟਿਸ ਲਗਾ ਕੇ 18 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਪਟਿਆਲਾ ਭਰਤ ਇੰਦਰ ਸਿੰਘ ਚਹਿਲ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਜਾਂਚ ਕਰ ਰਹੀ ਹੈ। ਵਿਜੀਲੈਂਸ ਨੇ ਉਸ ਦੇ ਸਰਹਿੰਦ ਰੋਡ ਸਥਿਤ ਅਲਕਾਜਾਰ ਪੈਲੇਸ ਦੀ ਪੈਮਾਇਸ਼ ਵੀ ਕੀਤੀ। ਇਸ ਤੋਂ ਇਲਾਵਾ ਕੁਝ ਹੋਰ ਜਾਇਦਾਦਾਂ ਦੀ ਜਾਂਚ ਵੀ ਕੀਤੀ ਸੀ।
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਜਾਂਚ ਏਜੰਸੀ ਦੇ ਸਾਹਮਣੇ ਹੋਣਗੇ ਪੇਸ਼
ਭਰਤ ਇੰਦਰ ਚਹਿਲ ਨੇ ਵਿਜੀਲੈਂਸ ਨੂੰ ਪੱਤਰ ਲਿਖ ਕੇ ਦੱਸਿਆ ਕਿ ਉਹ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਆਏ ਹਨ, ਇਸ ਲਈ 18 ਅਪ੍ਰੈਲ ਨੂੰ ਬਿਊਰੋ ਦੀ ਜਾਂਚ ’ਚ ਸ਼ਾਮਲ ਨਹੀਂ ਹੋ ਸਕੇ। ਡਾਕਟਰਾਂ ਦੇ ਨਿਰਦੇਸ਼ ਅਨੁਸਾਰ ਚਹਿਲ 2 ਹਫ਼ਤੇ ਲਈ ਏਕਾਂਤਵਾਸ ’ਚ ਹਨ ਅਤੇ ਤੰਦਰੁਸਤ ਹੋਣ ’ਤੇ ਜਦੋਂ ਵੀ ਵਿਜੀਲੈਂਸ ਬੁਲਾਏਗੀ, ਉਹ ਜਾਂਚ ’ਚ ਸ਼ਾਮਲ ਹੋਣਗੇ। ਉਨ੍ਹਾਂ ਨੇ ਪੱਤਰ ’ਚ ਇਹ ਵੀ ਲਿਖਿਆ ਹੈ ਕਿ ਉਹ ਪਹਿਲਾਂ ਵੀ ਵਿਜੀਲੈਂਸ ਨੂੰ ਸੂਚਿਤ ਕਰ ਚੁੱਕੇ ਹਨ ਕਿ ਇਸ ਲਈ ਪੇਸ਼ ਨਹੀਂ ਹੋ ਸਕੇ ਕਿਉਂਕਿ ਉਹ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਦੇ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨਾਲ ਗ੍ਰਸਤ ਹੋਣ ਕਾਰਨ ਉਨ੍ਹਾਂ ਦਾ ਇਲਾਜ ਕਰਵਾਉਣ ’ਚ ਰੁੱਝੇ ਹਨ। ਸੂਤਰਾਂ ਮੁਤਾਬਿਕ ਚਹਿਲ ਨੇ ਹਸਪਤਾਲ ਦਾ ਸਰਟੀਫਿਕੇਟ ਵੀ ਵਿਜੀਲੈਂਸ ਬਿਊਰੋ ਨੂੰ ਪੱਤਰ ਦੇ ਨਾਲ ਭੇਜਿਆ ਹੈ।