ਵਿਆਨਾ ਕਾਂਡ ਦੌਰਾਨ ਲੱਗੇ ਦੋਸ਼ਾਂ ਦਾ ਮਾਮਲਾ, ਕੌਂਸਲਰ ਮਨਦੀਪ ਜੱਸਲ ਸਣੇ ਪੰਜ ਲੋਕਾਂ ਨੂੰ 5-5 ਸਾਲ ਦੀ ਸਜ਼ਾ

Friday, Jan 13, 2023 - 05:45 AM (IST)

ਵਿਆਨਾ ਕਾਂਡ ਦੌਰਾਨ ਲੱਗੇ ਦੋਸ਼ਾਂ ਦਾ ਮਾਮਲਾ, ਕੌਂਸਲਰ ਮਨਦੀਪ ਜੱਸਲ ਸਣੇ ਪੰਜ ਲੋਕਾਂ ਨੂੰ 5-5 ਸਾਲ ਦੀ ਸਜ਼ਾ

ਜਲੰਧਰ (ਭਾਰਦਵਾਜ, ਜਤਿੰਦਰ, ਮਹੇਸ਼)-ਰਾਮਾ ਮੰਡੀ ਦੇ ਕਾਂਗਰਸੀ ਕੌਂਸਲਰ ਮਨਦੀਪ ਕੁਮਾਰ ਜੱਸਲ ਸਣੇ 5 ਵਿਅਕਤੀਆਂ ਨੂੰ ਮਾਣਯੋਗ ਅਦਾਲਤ ਨੇ ਵਿਆਨਾ ਕਾਂਡ ਦੌਰਾਨ ਲਾਏ ਦੋਸ਼ਾਂ ਦੇ ਮਾਮਲੇ ’ਚ 5-5 ਸਾਲ ਦੀ ਸਜ਼ਾ ਸੁਣਾਈ ਹੈ। ਵਿਆਨਾ ਕਾਂਡ ਸਮੇਂ ਸਾਲ 2009 ’ਚ ਰਾਮਾ ਮੰਡੀ ’ਚ ਜੌਹਲ ਹਸਪਤਾਲ ’ਚ ਭੰਨ-ਤੋੜ ਕਰਨ ਸਬੰਧੀ ਡਾ. ਬੀ. ਐੱਸ. ਜੌਹਲ ਵੱਲੋਂ ਥਾਣਾ ਰਾਮਾ ਮੰਡੀ ’ਚ ਜੱਸਲ ’ਤੇ ਕੇਸ ਦਰਜ ਕਰਵਾਇਆ ਗਿਆ ਸੀ। ਡਾ. ਜੌਹਲ ਲਗਾਤਾਰ ਇਹ ਕੇਸ ਲੜ ਰਹੇ ਸਨ ਤੇ ਅੱਜ 14 ਸਾਲਾਂ ਬਾਅਦ ਜੱਸਲ ਤੇ ਉਸ ਦੇ ਸਾਥੀਆਂ ਨੂੰ ਮਾਣਯੋਗ ਅਦਾਲਤ ਵੱਲੋਂ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅੱਜ ਸੁਣਾਏ ਗਏ ਫ਼ੈਸਲੇ ਸਬੰਧੀ ਡਾ. ਬੀ. ਐੱਸ. ਜੌਹਲ ਨੇ ਕਿਹਾ ਹੈ ਕਿ ਲੰਬੇ ਸਮੇਂ ਦੀ ਲੜਾਈ ਤੋਂ ਬਾਅਦ ਅੱਜ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਇਹ ਕੇਸ ਵਾਪਸ ਲੈਣ ਲਈ ਉਨ੍ਹਾਂ ਨੂੰ ਕਾਫ਼ੀ ਦਬਾਅ ਦਾ ਸਾਹਮਣਾ ਕਰਨਾ ਪਿਆ, ਸਗੋਂ ਉਨ੍ਹਾਂ ਨੂੰ ਪ੍ਰਮਾਤਮਾ ’ਤੇ ਪੂਰਾ ਭਰੋਸਾ ਸੀ ਤੇ ਅੱਜ ਸੱਚਾਈ ਦੀ ਜਿੱਤ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : 500 ਰੁਪਏ ਲਈ ਗੁਆਂਢੀ ਦੀ ਧੀ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ

ਇਹ ਕੇਸ ਉਨ੍ਹਾਂ ਵੱਲੋਂ ਸ਼ਹਿਰ ਦੇ ਮੰਨੇ-ਪ੍ਰਮੰਨੇ ਕ੍ਰਿਮੀਨਲ ਕੇਸਾਂ ਦੇ ਵਕੀਲ ਦਰਸ਼ਨ ਸਿੰਘ ਦਿਆਲ ਵੱਲੋਂ ਲੜਿਆ ਜਾ ਰਿਹਾ ਸੀ। ਉਨ੍ਹਾਂ ਜੱਸਲ ’ਤੇ ਜ਼ਮਾਨਤੀ ਧਾਰਾਵਾਂ ਤਹਿਤ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਨੂੰ ਹਾਈਕੋਰਟ ਤੱਕ ਪਹੁੰਚਾਇਆ ਗਿਆ ਸੀ। ਅੱਜ ਜੱਸਲ ਦੀ ਪੇਸ਼ੀ ਦੌਰਾਨ ਡਾ. ਜੌਹਲ ਦੇ ਹੱਕ ’ਚ ਐਡ. ਦਰਸ਼ਨ ਸਿੰਘ ਦਿਆਲ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਨੂੰ ਮੁੱਖ ਰੱਖਦਿਆਂ ਮਾਣਯੋਗ ਅਦਾਲਤ ਨੇ ਜੱਸਲ ਤੇ ਉਸ ਦੇ ਸਾਥੀਆਂ ਗੁਲਜ਼ਾਰਾ ਸਿੰਘ, ਬਾਲ ਮੁਕੰਦ ਬਿੱਲਾ, ਸ਼ਿੰਗਾਰਾ ਰਾਮ ਤੇ ਕਿਸ਼ਨਪਾਲ ਮਿੰਟੂ ਸਾਰੇ ਨਿਵਾਸੀ ਕਾਕੀ ਪਿੰਡ ਰਾਮਾ ਮੰਡੀ ਨੂੰ ਸਜ਼ਾ ਸੁਣਾਉਂਦੇ ਹੋਏ ਪੁਲਸ ਨੂੰ ਮੌਕੇ ’ਤੇ ਹੀ ਹਿਰਾਸਤ ’ਚ ਲੈਣ ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ। ਮਾਣਯੋਗ ਅਦਾਲਤ ਵੱਲੋਂ ਜੱਸਲ ਤੇ ਉਸ ਦੇ ਸਾਥੀਆਂ ਨੂੰ 5 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮਾ ਮੰਡੀ ਥਾਣੇ ਦੇ ਇੰਚਾਰਜ ਇੰਸ. ਅਜਾਇਬ ਸਿੰਘ ਔਜਲਾ ਵੱਲੋਂ ਮਨਦੀਪ ਕੁਮਾਰ ਜੱਸਲ, ਗੁਲਜ਼ਾਰਾ ਸਿੰਘ, ਸ਼ਿੰਗਾਰਾ ਰਾਮ, ਬਾਲ ਮੁਕੰਦ ਤੇ ਕਿਸ਼ਨ ਪਾਲ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ। ਉਸ ਤੋਂ ਬਾਅਦ ਇੰਸ. ਔਜਲਾ ਜੱਸਲ ਤੇ ਬਾਕੀ ਲੋਕਾਂ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਛੱਡ ਆਏ। ਦੱਸਿਆ ਜਾ ਰਿਹਾ ਹੈ ਕਿ ਸਮਾਂ ਮਿਲਣ ’ਤੇ ਕੌਂਸਲਰ ਜੱਸਲ ਨੂੰ ਹੁਣ ਆਪਣੀ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਅਪੀਲ ਦਾਇਰ ਕਰਨੀ ਪਵੇਗੀ ਪਰ ਉਦੋਂ ਤੱਕ ਉਨ੍ਹਾਂ ਨੂੰ ਜੇਲ੍ਹ ’ਚ ਹੀ ਰਹਿਣਾ ਹੋਵੇਗਾ

ਇਹ ਖ਼ਬਰ ਵੀ ਪੜ੍ਹੋ : JDU ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਦਿਹਾਂਤ, 75 ਸਾਲ ਦੀ ਉਮਰ ’ਚ ਲਏ ਆਖਰੀ ਸਾਹ

PunjabKesari

ਸਿਵਲ ਹਸਪਤਾਲ ’ਚ ਪੁਲਸ ਰਹੀ ਚੌਕਸ, ਬਾਥਰੂਮ ਕੋਲ ਪਹਿਰਾ ਦਿੰਦੀ ਆਈ ਨਜ਼ਰ

ਜਲੰਧਰ, (ਸ਼ੋਰੀ)-ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਅੱਜ ਜਿਉਂ ਹੀ ਕੌਂਸਲਰ ਮਨਦੀਪ ਜੱਸਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਸ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਪਹੁੰਚੀ ਤਾਂ ਉੱਥੇ ਸੁਰੱਖਿਆ ਕਾਰਨਾਂ ਕਰ ਕੇ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਥਾਣਾ 4 ਦੇ ਐੱਸ. ਐੱਚ. ਓ. ਮੁਕੇਸ਼, ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਅਜਾਇਬ ਸਿੰਘ ਅਤੇ ਥਾਣਾ 2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਪੁਲਸ ਫੋਰਸ ਨਾਲ ਪੁੱਜੇ। ਪੁਲਸ ਨੂੰ ਸ਼ੱਕ ਸੀ ਕਿ ਕੌਂਸਲਰ ਜੱਸਲ ਦੇ ਸਾਥੀਆਂ ਦੀ ਭੀੜ ਜ਼ਿਆਦਾ ਨਾ ਹੋਵੇ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਜਿਸ ਕਾਰਨ ਪੁਲਸ ਨੇ ਮੈਡੀਕਲ ਜਾਂਚ ਦੌਰਾਨ ਐਮਰਜੈਂਸੀ ਵਾਰਡ ਦਾ ਦਰਵਾਜ਼ਾ ਬੰਦ ਕਰਵਾ ਦਿੱਤਾ ਸੀ। ਇਸ ਦੇ ਨਾਲ ਹੀ ਡਾ. ਮਯੰਕ ਅਰੋੜਾ ਨੇ ਸਾਰੇ ਅਪਰਾਧੀਆਂ ਦਾ ਮੈਡੀਕਲ ਕੀਤਾ ਤੇ ਇਸ ਤੋਂ ਬਾਅਦ ਕੁਝ ਅਪਰਾਧੀਆਂ ਨੇ ਪੇਸ਼ਾਬ ਕਰਨ ਲਈ ਬਾਥਰੂਮ ਜਾਣ ਦਾ ਕਿਹਾ ਤਾਂ ਪੁਲਸ ਵੀ ਉਨ੍ਹਾਂ ਦੇ ਨਾਲ ਬਾਥਰੂਮ ਦੇ ਬਾਹਰ ਖੜ੍ਹੀ ਰਹੀ ਕਿਉਂਕਿ ਸਿਵਲ ਹਸਪਤਾਲ ਤੋਂ ਪੁਲਸ ਨੂੰ ਕਿਸੇ ਨੇ ਦੱਸਿਆ ਕਿ ਬਾਥਰੂਮ ਦੀ ਇਕ ਖਿੜਕੀ ਖੁੱਲ੍ਹੀ ਰਹਿੰਦੀ ਹੈ ਤੇ ਕਈ ਵਾਰ ਪੁਲਸ ਦੇ ਕਾਬੂ ਕੀਤੇ ਦੋਸ਼ੀ ਪੇਸ਼ਾਬ ਕਰਨ ਦੇ ਬਹਾਨੇ ਖਿੜਕੀ ਤੋਂ ਛਾਲ ਮਾਰ ਕੇ ਫਰਾਰ ਹੋ ਜਾਂਦੇ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਨੰ. 2 ਗੁਰਪ੍ਰੀਤ ਸਿੰਘ ਖੁਦ ਪੁਲਸ ਮੁਲਾਜ਼ਮਾਂ ਨਾਲ ਬਾਥਰੂਮ ਅੰਦਰ ਮੌਜੂਦ ਰਹੇ ਤੇ ਉਦੋਂ ਤੱਕ ਇੰਤਜ਼ਾਰ ਕਰਦੇ ਰਹੇ, ਜਦੋਂ ਤੱਕ ਦੋਸ਼ੀ ਪੇਸ਼ਾਬ ਕਰਨ ਤੋਂ ਬਾਅਦ ਬਾਹਰ ਨਹੀਂ ਆਏ। ਆਖ਼ਿਰਕਾਰ ਪੁਲਸ ਨੇ ਸਾਰੇ ਦੋਸ਼ੀਆਂ ਨੂੰ ਸਰਕਾਰੀ ਗੱਡੀ ’ਚ ਬਿਠਾ ਕੇ ਹਸਪਤਾਲ ਤੋਂ ਬਾਹਰ ਕੱਢਿਆ।


author

Manoj

Content Editor

Related News