ਪੰਜਾਬ ਚੋਣ ਦੰਗਲ : ਰਾਜਨੀਤੀ ਇਨ੍ਹਾਂ ਕਲਾਕਾਰਾਂ ਨੂੰ ਆਈ ਰਾਸ, ਕਈਆਂ ਨੂੰ ਮਿਲੀ ਮਾਤ
Wednesday, Jan 19, 2022 - 12:17 PM (IST)
ਇਕ ਦੌਰ ਸੀ ਜਦੋਂ ਕਲਾਕਾਰਾਂ ਨੂੰ ਰੈਲੀਆਂ, ਖ਼ਾਸ ਕਰਕੇ ਚੋਣ ਰੈਲੀਆਂ 'ਚ ਭੀੜ ਜੁਟਾਉਣ ਲਈ ਬੁਲਾਇਆ ਜਾਂਦਾ ਸੀ ਪਰ ਕਲਾਕਾਰਾਂ ਨੇ ਆਪਣੇ ਕ੍ਰਿਸ਼ਮੇ ਨੂੰ ਭੁਨਾਉਣ ਦੀ ਸੋਚੀ। ਉਨ੍ਹਾਂ ਨੂੰ ਲੱਗਾ ਕਿ ਜਦੋਂ ਉਹ ਇੰਨੀ ਤਾਦਾਦ 'ਚ ਭੀੜ ਜੁਟਾ ਸਕਦੇ ਹਨ ਤਾਂ ਖੁਦ ਵੀ ਚੋਣ ਜਿੱਤ ਸਕਦੇ ਹਨ। ਆਲਮ ਇਹ ਹੈ ਕਿ ਕਲਾਕਾਰ ਖੁਦ ਹੀ ਚੋਣ ਮੈਦਾਨ 'ਚ ਉਤਰਨ ਲੱਗੇ। ਇਨ੍ਹਾਂ 'ਚ ਫ਼ਿਲਮੀ ਸਿਤਾਰਿਆਂ ਤੋਂ ਲੈ ਕੇ ਗਾਇਕ ਅਤੇ ਟੀ. ਵੀ. ਸਿਤਾਰੇ ਤੱਕ ਸ਼ਾਮਲ ਹਨ। ਹਾਲਾਂਕਿ ਇਨ੍ਹਾਂ 'ਚੋਂ ਕਈ ਨੂੰ ਰਾਜਨੀਤੀ ਖੂਬ ਰਾਸ ਆਈ, ਜਦੋਂ ਕਿ ਕੁੱਝ ਜਿੱਤ ਨੂੰ ਤਰਸਦੇ ਰਹੇ। ਇਨ੍ਹਾਂ ਕਲਾਕਾਰਾਂ 'ਤੇ 'ਜਗ ਬਾਣੀ' ਤੋਂ ਹਰੀਸ਼ਚੰਦਰ ਦੀ ਖ਼ਾਸ ਰਿਪੋਰਟ :-
ਵਿਨੋਦ ਖੰਨਾ ਨੇ ਤੈਅ ਕੀਤਾ ਕੇਂਦਰੀ ਮੰਤਰੀ ਤੱਕ ਦਾ ਸਫ਼ਰ
ਪੇਸ਼ਾਵਰ 'ਚ ਪੈਦਾ ਹੋਏ ਵਿਨੋਦ ਖੰਨਾ ਦਾ ਨਾਮ ਪੰਜਾਬ ਦੇ ਉਨ੍ਹਾਂ ਨੇਤਾਵਾਂ ’ਚ ਸ਼ਾਮਲ ਹੁੰਦਾ ਹੈ, ਜਿਨ੍ਹਾਂ ਨੇ ਮੁੰਬਈ ਦੀ ਫ਼ਿਲਮੀ ਜਿੰਦਗੀ ਛੱਡ ਕੇ ਪੰਜਾਬ ਨੂੰ ਚੋਣਾਵੀ ਕਸਰਤ ਲਈ ਚੁਣਿਆ। ਉਹ ਕਾਮਯਾਬ ਵੀ ਹੋਏ। 1998 ’ਚ ਪਹਿਲੀਆਂ ਲੋਕ ਸਭਾ ਚੋਣਾਂ ਵਿਨੋਦ ਖੰਨਾ ਨੇ ਗੁਰਦਾਸਪੁਰ ਤੋਂ ਲੜੀਆਂ ਅਤੇ 5 ਵਾਰ ਦੀ ਸੰਸਦ ਮੈਂਬਰ ਸੁਖਬੰਸ ਕੌਰ ਦਾ ਰਾਜਨੀਤਕ ਸਫ਼ਰ ਇਕ ਤਰ੍ਹਾਂ ਨਾਲ ਖਤਮ ਕਰ ਦਿੱਤਾ। ਇਸ ਤੋਂ ਬਾਅਦ 1999 ਅਤੇ 2004 ’ਚ ਵੀ ਉਹ ਜਿੱਤੇ। ਸਾਲ 2009 ’ਚ ਚਾਹੇ ਪ੍ਰਤਾਪ ਸਿੰਘ ਬਾਜਵਾ ਤੋਂ ਹਾਰ ਗਏ ਪਰ 2014 ’ਚ ਬਾਜਵਾ ਤੋਂ ਇਹ ਸੀਟ ਖੋਹ ਲਈ। 2017 ’ਚ ਦਿਹਾਂਤ ਤੱਕ ਉਹ ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੇ। ਉਹ ਕੇਂਦਰ ਦੀ ਵਾਜਪਾਈ ਸਰਕਾਰ ’ਚ ਸੱਭਿਆਚਾਰ ਅਤੇ ਸੈਰ-ਸਪਾਟਾ ਅਤੇ ਵਿਦੇਸ਼ੀ ਮਾਮਲਿਆਂ ਦੇ ਰਾਜ ਮੰਤਰੀ ਵੀ ਰਹੇ।
ਮਾਣਕ ਅਤੇ ਜੱਸੀ ਹਾਰੇ
ਕੁੱਝ ਅਜਿਹੇ ਨਾਮ ਵੀ ਹਨ, ਜੋ ਚੋਣ ਨਹੀਂ ਜਿੱਤ ਸਕੇ। ਆਪਣੀ ਲੰਮੀ ਹੇਕ ਤੇ ਮਸ਼ਹੂਰ ਕਲੀਆਂ ਦੇ ਬਾਦਸ਼ਾਹ ਕਹੇ ਜਾਂਦੇ ਪੰਜਾਬੀ ਗਾਇਕ ਕੁਲਦੀਪ ਮਾਣਕ ਨੇ 1996 ’ਚ ਬਠਿੰਡਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਕਿਸਮਤ ਅਜ਼ਮਾਈ, ਪਰ ਜਿੱਤ ਨਸੀਬ ਨਹੀਂ ਹੋਈ।
ਜਸਰਾਜ ਸਿੰਘ ਲੌਂਗੀਆ ਉਰਫ਼ ਜੱਸੀ ਜਸਰਾਜ ਆਮ ਆਦਮੀ ਪਾਰਟੀ ਤੋਂ 2014 ’ਚ ਬਠਿੰਡਾ ਲੋਕਸਭਾ ਹਲਕੇ ਤੋਂ ਚੋਣ ਲੜੇ ਪਰ ਹਾਰ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਸਬੰਧ ਭਗਵੰਤ ਮਾਨ ਨਾਲ ਵਿਗੜ ਗਏ ਅਤੇ ਉਨ੍ਹਾਂ ਨੇ 2019 ਦੀਆਂ ਲੋਕਸਭਾ ਚੋਣਾਂ ’ਚ ਲੋਕ ਇਨਸਾਫ਼ ਪਾਰਟੀ ਤੋਂ ਸੰਗਰੂਰ ’ਚ ਭਗਵੰਤ ਨੂੰ ਚੁਣੌਤੀ ਦਿੱਤੀ ਪਰ ਇੱਥੇ ਵੀ ਉਹ ਬੁਰੀ ਤਰ੍ਹਾਂ ਮਾਤ ਖਾ ਬੈਠੇ।
ਕੋਈ ਚੋਣ ਨਹੀਂ ਹਾਰੇ ਨਵਜੋਤ ਸਿੱਧੂ
ਕ੍ਰਿਕਟਟ ਤੋਂ ਟੀ.ਵੀ. ਪਰਸਨੈਲਿਟੀ ਦੇ ਤੌਰ ’ਤੇ ਉਭਰੇ ਨਵਜੋਤ ਸਿੰਘ ਸਿੱਧੂ ਨੇ ਵੀ ਭਾਜਪਾ ਤੋਂ ਰਾਜਨੀਤੀ ਸ਼ੁਰੂ ਕੀਤੀ। 2004 ਦੀਆਂ ਪਹਿਲੀਆਂ ਹੀ ਲੋਕਸਭਾ ਚੋਣਾਂ ਉਹ ਅੰਮ੍ਰਿਤਸਰ ਤੋਂ ਜਿੱਤੇ ਅਤੇ ਫਿਰ 2007 ਦੀ ਉਪ ਚੋਣ ਅਤੇ 2009 ਦੀ ਆਮ ਚੋਣ ਭਾਜਪਾ ਟਿਕਟ ’ਤੇ ਇਸ ਹਲਕੇ ਤੋਂ ਜਿੱਤੇ। 2014 ’ਚ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਪਰ ਭਾਜਪਾ ਨੇ 2016 ’ਚ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ। ਸਿਰਫ਼ 3 ਮਹੀਨੇ ਬਾਅਦ ਹੀ ਰਾਜ ਸਭਾ ਤੋਂ ਅਸਤੀਫ਼ਾ ਦੇ ਕੇ 2017 ’ਚ ਉਹ ਕਾਂਗਰਸ ਟਿਕਟ ’ਤੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਇਕ ਬਣ ਬੈਠੇ। ਅਮਰਿੰਦਰ ਸਰਕਾਰ ’ਚ ਮੰਤਰੀ ਵੀ ਬਣੇ, ਪਰ 2019 ਦੀਆਂ ਲੋਕਸਭਾ ਚੋਣਾਂ ’ਚ ਉਨ੍ਹਾਂ ਦੀ ਕਾਰਗੁਜਾਰੀ ਦੇ ਚਲਦੇ ਕੈਪਟਨ ਅਮਰਿੰਦਰ ਨੇ ਉਨ੍ਹਾਂ ਦਾ ਵਿਭਾਗ ਬਦਲ ਦਿੱਤਾ। ਇਸ ਦੇ ਚਲਦੇ ਉਨ੍ਹਾਂ ਨੇ ਵਿਭਾਗਾਂ ਦਾ ਜਿੰਮਾ ਹੀ ਨਹੀਂ ਸੰਭਾਲਿਆ। ਪਾਰਟੀ ’ਚ ਇਕ ਤਰ੍ਹਾਂ ਨਾਲ ਹਾਸ਼ੀਏ ’ਤੇ ਚੱਲ ਰਹੇ ਨਵਜੋਤ ਸਿੱਧੂ ਨੇ ਰਾਹੁਲ-ਪ੍ਰਿਯੰਕਾ ਰਾਹੀਂ ਅਜਿਹਾ ਪਲਟਵਾਰ ਅਮਰਿੰਦਰ ’ਤੇ ਕੀਤਾ ਕਿ ਖੁਦ ਤਾਂ 2021 ’ਚ ਪੰਜਾਬ ਕਾਂਗਰਸ ਪ੍ਰਧਾਨ ਬਣਦੇ ਹੀ ਅਮਰਿੰਦਰ ਨੂੰ ਵੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਨੂੰ ਮਜਬੂਰ ਕਰ ਦਿੱਤਾ। ਚੋਣ ’ਚ ਉਨ੍ਹਾਂ ਦੀ ਕੋਸ਼ਿਸ਼ ਮੁੱਖ ਮੰਤਰੀ ਅਹੁਦੇ ਪਾਰਟੀ ਤੋਂ ਚਿਹਰਾ ਬਣਨ ਦੀ ਹੈ ਪਰ ਫਿਲਹਾਲ ਉਨ੍ਹਾਂ ਨੂੰ ਇਸ ’ਚ ਕਾਮਯਾਬੀ ਨਹੀਂ ਮਿਲੀ ਹੈ।
ਪਿਤਾ ਦੇ ਨਕਸ਼ੇ ਕਦਮ ’ਤੇ ਸੰਨੀ ਦਿਓਲ
ਪਿਤਾ ਧਰਮਿੰਦਰ ਦੀ ਤਰ੍ਹਾਂ ਸੰਨੀ ਦਿਓਲ ਨੇ ਭਾਜਪਾ ਤੋਂ ਰਾਜਨੀਤਕ ਸਫ਼ਰ ਸ਼ੁਰੂ ਕੀਤਾ। ਬਾਲੀਵੁੱਡ ’ਚ ਆਪਣੀ ਬਾਡੀ ਅਤੇ ਰੋਅਬਦਾਰ ਆਵਾਜ਼ ’ਚ ਡਾਇਲਾਗ ਬੋਲ ਕੇ ਵਿਰੋਧੀ ਕਲਾਕਾਰ ਦੀ ਘਿੱਗੀ ਬੰਨ੍ਹਣ ਵਾਲੇ ਸੰਨੀ ਨੂੰ ਭਾਜਪਾ ਨੇ 2019 ’ਚ ਵਿਨੋਦ ਖੰਨਾ ਵਾਲੀ ਗੁਰਦਾਸਪੁਰ ਸੀਟ ਤੋਂ ਲੋਕਸਭਾ ਟਿਕਟ ਦਿੱਤੀ, ਜਿੱਥੇ ਉਹ ਜਿੱਤੇ ਵੀ।
ਵਿਧਾਇਕ ਅਤੇ ਸੰਸਦ ਮੈਂਬਰ ਬਣੇ ਮੁਹੰਮਦ ਸਦੀਕ
ਮੁਹੰਮਦ ਸਦੀਕ ਨੂੰ ਕੈਪਟਨ ਅਮਰਿੰਦਰ ਕਾਂਗਰਸ ’ਚ ਲਿਆਏ ਸਨ ਅਤੇ 2012 ’ਚ ਉਨ੍ਹਾਂ ਨੂੰ ਭਦੌੜ ਹਲਕੇ ਤੋਂ ਪਾਰਟੀ ਨੇ ਟਿਕਟ ਵੀ ਦਿੱਤੀ। ਉਨ੍ਹਾਂ ਨੇ ਸਾਬਕਾ ਆਈ.ਏ.ਐੱਸ. ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਜੋ ਅਕਾਲੀ ਉਮੀਦਵਾਰ ਸਨ। 2019 ’ਚ ਉਹ ਫਰੀਦਕੋਟ ਹਲਕੇ ਤੋਂ ਲੋਕਸਭਾ ਲਈ ਚੁਣੇ ਗਏ।
ਕਈ ਦਲ ਬਦਲੇ, ਹੰਸਰਾਜ ਹੰਸ ਨੂੰ ਰਾਸ ਆਈ ਭਾਜਪਾ
ਸੂਫੀ ਗਾਇਕ ਹੰਸ ਰਾਜ ਹੰਸ ਦਾ ਰਾਜਨੀਤਕ ਸਫਰ ਕਮਾਲ ਦਾ ਰਿਹਾ ਹੈ। 2009 ਵਿਚ ਅਕਾਲੀ ਦਲ ਵਲੋਂ ਲੋਕ ਸਭਾ ਚੋਣ ਲੜਨ ਵਾਲੇ ਹੰਸ ਨੂੰ ਆਪਣੀ ਪਹਿਲੀ ਹੀ ਚੋਣ ਵਿਚ ਉਨ੍ਹਾਂ ਨੂੰ ਜਲੰਧਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਤੋਂ ਉਹ ਫਰਵਰੀ 2016 ਵਿਚ ਗਏ ਕਾਂਗਰਸ ਵਿਚ। ਕੈਪਟਨ ਅਮਰਿੰਦਰ ਉਨ੍ਹਾਂ ਨੂੰ ਰਾਜ ਸਭਾ ਭੇਜਣ ਦਾ ਵਾਅਦਾ ਕਰ ਕੇ ਕਾਂਗਰਸ ਵਿਚ ਲਿਆਏ ਸਨ ਪਰ ਰਾਜ ਸਭਾ ਪਹੁੰਚ ਗਏ ਸ਼ਮਸ਼ੇਰ ਸਿੰਘ ਦੂਲੋ। ਇਸ ਤੋਂ ਖਫਾ ਹੰਸ ਨੇ ਉਸੇ ਸਾਲ ਦਸੰਬਰ ਵਿਚ ਭਾਜਪਾ ਨੂੰ ਆਪਣਾ ਟਿਕਾਣਾ ਬਣਾਇਆ। ਭਾਜਪਾ ਟਿਕਟ ’ਤੇ ਉਹ 2019 ਵਿਚ ਦਿੱਲੀ ਦੀ ਉੱਤਰ-ਪੱਛਮੀ ਲੋਕਸਭਾ ਸੀਟ ਤੋਂ ਚੋਣ ਜਿੱਤਣ ਵਿਚ ਕਾਮਯਾਬ ਰਹੇ।
ਇਸ ਵਾਰ ਅਨਮੋਲ ਗਗਨ ਮਾਨ ਅਤੇ ਸਿੱਧੂ ਮੂਸੇਵਾਲਾ ਮੈਦਾਨ ’ਚ
ਇਸ ਵਾਰ ਦੀਆਂ ਵਿਧਾਨਸਭਾ ਚੋਣਾਂ ’ਚ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਨੂੰ ਆਮ ਆਦਮੀ ਪਾਰਟੀ ਨੇ ਖਰੜ ਤੋਂ ਟਿਕਟ ਦਿੱਤੀ ਹੈ ਜਦੋਂ ਕਿ ਕਾਂਗਰਸ ਨੇ ਗਾਇਕ ਸਿੱਧੂ ਮੂਸੇਵਾਲਾ ’ਤੇ ਮਾਨਸਾ ਵਿਚ ਦਾਅ ਖੇਡਿਆ ਹੈ।
ਇਸ ਵਿਚ ਕੁਝ ਸਮਾਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਨੇ ‘ਜੂਝਦਾ ਪੰਜਾਬ’ ਮੰਚ ਬਣਾਇਆ। ਮੰਚ ਉਸ ਪਾਰਟੀ ਦੀ ਮਦਦ ਕਰੇਗਾ ਜੋ ਉਸਦੇ ਪੰਜਾਬੀਅਤ ਦੇ 32 ਸੂਤਰੀ ਏਜੰਡੇ ’ਤੇ ਕੰਮ ਕਰਨ ਨੂੰ ਰਾਜੀ ਹੋਵੇਗਾ। ਮੰਚ ਦੀਆਂ ਪ੍ਰਮੁੱਖ ਹਸਤੀਆਂ ’ਚ ਬੱਬੂ ਮਾਨ, ਗੁੱਲ ਪਨਾਗ, ਅਮਿਤੋਜ ਮਾਨ, ਜੱਸ ਬਾਜਵਾ ਅਤੇ ਰਣਜੀਤ ਬਾਵਾ ਆਦਿ ਪ੍ਰਮੁੱਖ ਹਨ।
‘ਆਪ’ ਦਾ ਮੁੱਖ ਮੰਤਰੀ ਚਿਹਰਾ ਬਣੇ
ਆਪਣੀ ਕਾਮੇਡੀ ਟਾਈਮਿੰਗ ਨਾਲ ਪੰਜਾਬ ’ਚ ਘਰ-ਘਰ ’ਚ ਪਹਿਚਾਣ ਬਣ ਚੁੱਕੇ ਭਗਵੰਤ ਮਾਨ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨੇ ਜਾ ਚੁੱਕੇ ਹਨ। ਮਾਨ ਨੇ 2011 ਵਿਚ ਰਾਜਨੀਤੀ ਵਿਚ ਕਦਮ ਰੱਖਿਆ ਜਦੋਂ ਉਨ੍ਹਾਂ ਨੇ ਪੰਜਾਬ ਪੀਪੁਲਸ ਪਾਰਟੀ ਜੁਆਇਨ ਕੀਤੀ। ਪੀ.ਪੀ.ਪੀ. ਵਲੋਂ ਮਾਨ ਨੇ 2012 ਵਿਚ ਸੰਗਰੂਰ ਜ਼ਿਲੇ ਦੀ ਲਹਿਰਾਗਾਗਾ ਹਲਕੇ ਤੋਂ ਵਿਧਾਨਸਭਾ ਚੋਣ ਲੜੀ ਪਰ ਹਾਰ ਗਏ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ 2014 ਵਿਚ ਸੁਖਦੇਵ ਸਿੰਘ ਢੀਂਡਸਾ ਵਰਗੇ ਧੁਰੰਧਰ ਨੂੰ ਸੰਗਰੂਰ ਹਲਕੇ ਵਿਚ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਮਾਤ ਦੇ ਕੇ ਲੋਕਸਭਾ ਪਹੁੰਚੇ। 2019 ਵਿਚ ਵੀ ਉਹ ਸੰਗਰੂਰ ਤੋਂ ਲੋਕਸਭਾ ਚੋਣ ਜਿੱਤੇ। ਇਸ ਸਮੇਂ ਉਹ ਪੰਜਾਬ ਵਿਚ ‘ਆਪ’ ਪ੍ਰਧਾਨ ਵੀ ਹਨ।
ਭਗਵੰਤ ਮਾਨ ਨੂੰ ਲੱਗਾ ਵਧਾਈਆਂ ਦਾ ਤਾਂਤਾ -
ਪੰਜਾਬ ਦਾ ਹੀਰਾ ਪੁੱਤਰ, ਆਮ ਘਰ ਦਾ ਪੁੱਤਰ, ਪੰਜਾਬ ਲਈ ਦਿਨ-ਰਾਤ ਮਿਹਨਤ ਕਰਨ ਵਾਲਾ ਸ਼ੇਰ ਦਿਲ ਵਾਲਾ ਭਗਵੰਤ ਮਾਨ। ਆਮ ਆਦਮੀ ਪਾਰਟੀ ਦਾ ਸੀ. ਐੱਮ. ਫੇਸ ਐਲਾਨ ਹੋਣ ’ਤੇ ਵਧਾਈ।
-ਅਨਮੋਲ ਗਗਨ ਮਾਨ।
ਭਗਵੰਤ ਮਾਨ ਜੀ ਨੂੰ ਪਾਰਟੀ ਲਈ ਸੀ. ਐੱਮ. ਚਿਹਰਾ ਐਲਾਨੇ ਜਾਣ ਉੱਤੇ ਹਾਰਦਿਕ ਵਧਾਈ। ਪੰਜਾਬ ਲਈ ਮਾਨ ਸਾਹਿਬ ਦੀ ਮਿਹਨਤ ਅਤੇ ਸਮਰਪਣ ਅਤੁੱਲ ਹੈ। ਸਰਕਾਰ ਬਣਾਉਣ ਦਾ ਇੰਤਜ਼ਾਰ ਉਨ੍ਹਾਂ ਦੀ ਕੁਸ਼ਲ ਅਗਵਾਈ ਵਿਚ ਬਹੁਮਤ ਦੇ ਨਾਲ।
-ਹਰਪਾਲ ਸਿੰਘ ਚੀਮਾ।
ਭਰੋਸੇ ’ਤੇ ਖਰਾ ਉਤਰਾਂਗਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਧਾਈ ਸੁਨੇਹੇ ’ਤੇ ਭਗਵੰਤ ਮਾਨ ਨੇ ਰੀਟਵੀਟ ਕੀਤਾ ਕਿ ਸਰ, ਮੈਂ ਤੁਹਾਡੇ ਅਤੇ ਪੰਜਾਬ ਦੇ ਲੋਕਾਂ ਵਲੋਂ ਮੇਰੇ ’ਤੇ ਜਤਾਏ ਗਏ ਭਰੋਸੇ ’ਤੇ ਖਰਾ ਉਤਰਾਂਗਾ। ਜੋ ਵੀ ਕਦਮ ਮੈਂ ਅੱਗੇ ਵਧਾਵਾਂਗਾ, ਉਹ ਤੁਹਾਨੂੰ ਅਤੇ 3 ਕਰੋੜ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਵਾਵੇਗਾ।
ਔਰਤਾਂ ਨੂੰ ਮਿਲੀ ਜਗ੍ਹਾ
‘ਆਪ’ ਔਰਤਾਂ ਨੂੰ ਕੇਵਲ 1000 ਰੁਪਏ ਦੇ ਯੋਗ ਮੰਨਦੀ ਹੈ ਨਾ ਕਿ ਕਿਸੇ ਅਹੁਦੇ ਦੇ ਲਈ। ਇਹ ਸਿਰਫ਼ ਕਾਂਗਰਸ ਹੈ ਜੋ ਭੱਠਲ, ਪ੍ਰਿਯੰਕਾ ਗਾਂਧੀ, ਸ਼ੀਲਾ ਦੀਕਸ਼ਿਤ, ਅੰਬਿਕਾ ਸੋਨੀ ਅਤੇ ਕਈ ਹੋਰ ਨੇਤਾਵਾਂ ਲਈ ਜਗ੍ਹਾ ਬਣਾ ਸਕਦੀ ਹੈ।
-ਰਵਨੀਤ ਬਿੱਟੂ।
ਗੈਰ-ਲੋਕਤੰਤਰਿਕ ਕੰਮ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ’ਤੇ ਈ. ਡੀ. ਦੀ ਕਾਰਵਾਈ ਦਾ ਸਮਾਂ ਅਤੇ ਇਸਦੀ ਸਹੀ ਮਨਸ਼ਾ- ਮੁੱਖ ਮੰਤਰੀ ਨੂੰ ਧਮਕਾਉਣ ਅਤੇ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣਾ। ਇੱਕ ਅਤਿ ਨਿੰਦਣਯੋਗ ਗੈਰ-ਲੋਕਤੰਤਰਕ ਕੰਮ ਹੈ।
-ਸੁਨੀਲ ਜਾਖੜ, ਕਾਂਗਰਸ ਨੇਤਾ।