ਵਿਧਾਨ ਸਭਾ ''ਚ ਉਠਾਵਾਂਗੇ ਢੁੱਡੀਕੇ ਸੋਸਾਇਟੀ ਦੀ ਚੋਣ ''ਚ ਹੋਈ ਧਾਂਦਲੀ ਦਾ ਮੁੱਦਾ : ਭਗਵੰਤ ਮਾਨ
Wednesday, Oct 02, 2019 - 07:53 PM (IST)
ਅਜੀਤਵਾਲ: ਲਾਲਾ ਲਾਜਪਤ ਰਾਏ ਜੀ ਦੀ ਜਨਮ ਭੂਮੀ ਢੁੱਡੀਕੇ ਦੀ ਸੋਸਾਇਟੀ ਦੀ ਚੋਣ ਸਮੇਂ ਹੋਈ ਧਾਂਦਲੀ ਵਿਰੁੱਧ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਅਤੇ ਪਿੰਡ ਵਾਸੀਆਂ ਵੱਲੋਂ ਪਿਛਲੇ ਦਿਨਾਂ ਤੋਂ ਲਾਏ ਜਾ ਰਹੇ ਧਰਨੇ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਧਰਨੇ 'ਚ ਸ਼ਾਮਲ ਹੋ ਗਏ। ਉਨ੍ਹਾਂ ਆਪਣੇ ਸੰਬੋਧਨ 'ਚ ਲਾਲਾ ਲਾਜਪਤ ਰਾਏ ਅਤੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਢੁੱਡੀਕੇ ਪਿੰਡ ਇਨਕਲਾਬੀ ਯੋਧਿਆਂ ਦਾ ਪਿੰਡ ਹੈ ਅਤੇ ਪਿੰਡ ਵਾਸੀ ਆਪਣੇ ਹੱਕਾਂ ਲਈ ਲੜਨਾ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਲੜਾਈ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਲੜਨ।
ਉਨ੍ਹਾਂ ਕਿਹਾ ਕਿ ਢੁੱਡੀਕੇ ਸੋਸਾਇਟੀ ਦੀ ਚੋਣ 'ਚ ਜੋ ਧਾਂਦਲੀ ਹੋਈ ਹੈ, ਉਹ ਗੈਰ-ਲੋਕਤੰਤਰੀ ਹੈ। ਢੁੱਡੀਕੇ ਸੋਸਾਇਟੀ ਦੀ ਚੋਣ ਵਿਚ ਹੋਈ ਇਸ ਧਾਂਦਲੀ ਦਾ ਮੁੱਦਾ ਉਹ ਹਰਪਾਲ ਸਿੰਘ ਚੀਮਾ ਨੂੰ ਕਹਿ ਕਿ ਵਿਧਾਨ ਸਭਾ 'ਚ ਉਠਾਉਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਜ਼ਿਲਾ ਪ੍ਰਧਾਨ ਨਸੀਬ ਬਾਵਾ ਆਮ ਆਦਮੀ ਪਾਰਟੀ, ਸੁਰਿੰਦਰ ਕੌਰ, ਮੇਜਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਗੁਰਪ੍ਰੀਤ ਸਿੰਘ ਨੌਜਵਾਨ ਆਗੂ, ਨਛੱਤਰ ਸਿੰਘ ਛੱਤੀ, ਚਮਕੌਰ ਸਿੰਘ ਫੌਜੀ, ਪੰਚ ਬਿੱਕਰ ਸਿੰਘ, ਗੁਰਮੇਲ ਸਿੰਘ, ਕੇਵਲ ਸਿੰਘ, ਬੀਰ ਸਿੰਘ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।