ਨਹਿਰ ''ਚ ਸੁਆਹ ਸੁੱਟ ਕੇ ਪਾਣੀ ਪ੍ਰਦੂਸ਼ਤ ਕਰਨ ਦੀ ਵੀਡੀਓ ਵਾਇਰਲ

Monday, Jun 11, 2018 - 01:24 AM (IST)

ਪਟਿਆਲਾ, (ਰਾਣਾ)- ਪੰਜਾਬ ਵਿਚ ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਸ਼ੁਰੂ ਜਾਗਰੂਕਤਾ ਲਹਿਰ ਦੇ ਚਲਦਿਆਂ ਦੋਰਾਹਾ ਨਹਿਰ ਵਿਚ ਸੁਆਹ ਸੁੱਟ ਕੇ ਪ੍ਰਦੂਸ਼ਤ ਕਰਨ ਦੀ ਵੀਡੀਓ ਵਾਇਰਲ ਹੋ ਗਈ। ਇਸ ਮਗਰੋਂ ਇਨ੍ਹਾਂ ਸੁਆਹ ਸੁੱਟਣ ਵਾਲਿਆਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਸ ਦੀ ਲਿਖਤੀ ਮੁਆਫੀ ਮੰਗੀ। ਜਾਣਕਾਰੀ ਅਨੁਸਾਰ ਦੋਰਾਹਾ ਨਹਿਰ ਵਿਚ 2 ਵਿਅਕਤੀ ਸੁਆਹ ਸੁੱਟ ਰਹੇ ਸਨ। ਮੌਕੇ 'ਤੇ ਖੜ੍ਹੇ ਇਕ ਜਾਗਰੂਕ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ। ਇੰਨਾ ਹੀ ਨਹੀਂ, ਬਲਕਿ ਇਨ੍ਹਾਂ ਦੀ ਗੱਡੀ ਦੀ ਵੀਡੀਓ ਵੀ ਬਣਾ ਲਈ, ਜੋ ਵਾਇਰਲ ਹੋ ਗਈ। ਇਹ ਵੀਡੀਓ ਫੇਸਬੁੱਕ ਤੇ ਵ੍ਹਟਸਐਪ 'ਤੇ ਪੂਰੀ ਵਾਇਰਲ ਹੋਣ ਮਗਰੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮਾਮਲੇ ਦਾ ਗੰਭੀਰ ਨੋਟਿਸ ਲਿਆ ਗਿਆ। ਸੁਆਹ ਸੁੱਟਣ ਵਾਲਿਆਂ ਦੀ ਪਛਾਣ ਹੋਣ ਮਗਰੋਂ ਉਨ੍ਹਾਂ ਵੱਲੋਂ ਇਸ ਮਾਮਲੇ 'ਤੇ ਲਿਖਤੀ ਮੁਆਫੀ ਮੰਗੀ ਗਈ। ਆਪਣੇ ਮੁਆਫੀਨਾਮੇ ਵਿਚ ਇਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਹਵਨ ਕਰਵਾਇਆ ਗਿਆ ਸੀ, ਜਿਸ ਦੌਰਾਨ ਇਕੱਤਰ ਹੋਈ ਸੁਆਹ ਨੂੰ ਪਾਣੀ ਵਿਚ ਸੁੱਟਿਆ ਗਿਆ ਸੀ। 
ਪਾਣੀ ਦੀ ਸ਼ੁੱਧਤਾ ਲਈ ਲੋਕ ਅੱਗੇ ਆਉਣ : ਚੇਅਰਮੈਨ ਪਨੂੰ
ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਸ਼ੁੱਧਤਾ ਲਈ ਅੱਗੇ ਆਉਣ ਦੀ ਲੋੜ ਹੈ। ਪਾਣੀ ਵਰਗੇ ਕੁਦਰਤੀ ਸੋਮਿਆਂ ਨੂੰ ਦੂਸ਼ਤ ਨਹੀਂ ਕਰਨਾ ਚਾਹੀਦਾ, ਭਾਵੇਂ ਉਹ ਕਿਸੇ ਵੀ ਵਰਗ ਨਾਲ ਸਬੰਧਤ ਹੋਵੇ। ਉਨ੍ਹਾਂ ਪਾਣੀ ਵਿਚ ਸੁਆਹ ਸੁੱਟਣ ਦੇ ਮਾਮਲੇ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਸਬੰਧੀ ਕੈਨਾਲ ਐਕਟ ਅਧੀਨ ਸੂਬੇ ਦੇ ਸਮੁੱਚੇ ਜ਼ਿਲਾ ਡਿਪਟੀ ਕਮਿਸ਼ਨਰਾਂ ਨੂੰ ਕਾਰਵਾਈ ਕਰਨ ਦੇ ਅਧਿਕਾਰ ਹਨ। 


Related News