ਪੰਜਾਬ 'ਚ ਦੰਦਾਂ ਦੇ ਡਾਕਟਰਾਂ ਨੂੰ ਲੈ ਕੇ ਬੇਹੱਦ ਜ਼ਰੂਰੀ ਖ਼ਬਰ, ਚਿੰਤਾ ਭਰਿਆ ਹੈ ਪੂਰਾ ਮਾਮਲਾ

Friday, Nov 17, 2023 - 09:12 AM (IST)

ਪੰਜਾਬ 'ਚ ਦੰਦਾਂ ਦੇ ਡਾਕਟਰਾਂ ਨੂੰ ਲੈ ਕੇ ਬੇਹੱਦ ਜ਼ਰੂਰੀ ਖ਼ਬਰ, ਚਿੰਤਾ ਭਰਿਆ ਹੈ ਪੂਰਾ ਮਾਮਲਾ

ਚੰਡੀਗੜ੍ਹ (ਅਰਚਨਾ) : ਪੰਜਾਬ 'ਚ ਦੰਦਾਂ ਦੇ ਡਾਕਟਰਾਂ ਦਾ ਭਵਿੱਖ ਖ਼ਤਰੇ 'ਚ ਹੈ। ਸੂਬੇ 'ਚ ਡੈਂਟਲ ਸਰਜਨਾਂ ਲਈ ਰੁਜ਼ਗਾਰ ਦੀ ਘਾਟ ਨੇ ਮੈਡੀਕਲ ਵਿਦਿਆਰਥੀਆਂ ਨੂੰ ਦੰਦਾਂ ਦੀ ਪੜ੍ਹਾਈ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਡੀਕਲ ਵਿਦਿਆਰਥੀ ਬੀ. ਡੀ. ਐੱਸ. ਵੱਲ ਨਹੀਂ, ਐੱਮ. ਬੀ. ਬੀ. ਐੱਸ. ਵੱਲ ਹੀ ਧਿਆਨ ਦੇ ਰਹੇ ਹਨ। ਪੰਜਾਬ ਦੇ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਹਸਪਤਾਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ 'ਚ ਡੈਂਟਲ ਸਰਜਨਾਂ ਦੀਆਂ ਆਸਾਮੀਆਂ ਵਧਾਉਣੀਆਂ ਜ਼ਰੂਰੀ ਹੋ ਗਈਆਂ ਹਨ। ਪ੍ਰਾਇਮਰੀ ਹੈਲਥ ਸੈਂਟਰਾਂ 'ਚ ਇਕ ਡੈਂਟਲ ਸਰਜਨ ਦੀ ਨਿਯੁਕਤੀ ਵੀ ਲਾਜ਼ਮੀ ਹੋ ਗਈ ਹੈ। ਮੈਡੀਕਲ ਵਿਦਿਆਰਥੀ ਵੀ ਐੱਮ. ਬੀ. ਬੀ. ਐੱਸ. ਕੋਰਸ ਵਾਂਗ ਬੀ. ਡੀ. ਐੱਸ. ਪੜ੍ਹਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣਗੇ।
ਕੌਂਸਲਿੰਗ ਦੇ 6 ਗੇੜ ਪੂਰੇ, ਫਿਰ ਵੀ ਖ਼ਾਲੀ ਰਹਿ ਗਈਆਂ 228 ਸੀਟਾਂ
ਹਾਲਾਤ ਇਹ ਹਨ ਕਿ ਪੰਜਾਬ ਦੇ 16 ਡੈਂਟਲ ਕਾਲਜਾਂ ਦੀਆਂ 1350 ਸੀਟਾਂ ਵਿਚੋਂ 228 ਖ਼ਾਲੀ ਪਈਆਂ ਹਨ। ਇਹ ਸੀਟਾਂ ਹੁਣ ਨਹੀਂ ਭਰੀਆਂ ਜਾਣਗੀਆਂ ਕਿਉਂਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ, ਫਰੀਦਕੋਟ ਵਲੋਂ ਬੈਚੁਲਰ ਆਫ਼ ਡੈਂਟਲ ਸਾਇੰਸ (ਬੀ. ਡੀ. ਐੱਸ.) 'ਚ ਦਾਖ਼ਲੇ ਲਈ ਬੁੱਧਵਾਰ ਕਰਵਾਈ ਗਈ ਕੌਂਸਲਿੰਗ ਦੇ ਛੇਵੇਂ ਅਤੇ ਅਾਖਰੀ ਦੌਰ ਵਿਚ ਸਿਰਫ਼ 6-6 ਉਮੀਦਵਾਰਾਂ ਨੇ ਹੀ ਦਾਖਲੇ ਵਿਚ ਦਿਲਚਸਪੀ ਦਿਖਾਈ ਹੈ। ਯੂਨੀਵਰਸਿਟੀ ਵਲੋਂ ਕਰਵਾਈ ਗਈ ਕੌਂਸਲਿੰਗ ਦੇ 5 ਦੌਰਾਂ ਵਿਚ ਸਿਰਫ਼ 1116 ਸੀਟਾਂ ਹੀ ਭਰੀਆਂ ਜਾ ਸਕੀਆਂ। ਛੇਵੇਂ ਦੌਰ ਤੋਂ ਬਾਅਦ 16 ਡੈਂਟਲ ਕਾਲਜਾਂ ਦੀਆਂ ਸਿਰਫ਼ 1122 ਸੀਟਾਂ ਹੀ ਭਰੀਆਂ ਜਾ ਸਕੀਆਂ ਹਨ। ਮੈਡੀਕਲ ਕੌਂਸਲਿੰਗ ਕਮੇਟੀ ਵਲੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਛੇਵਾਂ ਦੌਰ ਕਰਵਾਇਆ ਗਿਆ ਹੈ। ਐੱਮ. ਬੀ. ਬੀ. ਐੱਸ. ਅਤੇ ਬੀ. ਡੀ. ਐੱਸ. ਕੋਰਸਾਂ 'ਚ ਦਾਖ਼ਲੇ ਲਈ ਕਟ ਆਫ਼ ਤਾਰੀਖ਼ 30 ਸਤੰਬਰ ਰੱਖੀ ਗਈ ਸੀ। ਡੈਂਟਲ ਕਾਲਜਾਂ ਦੀਆਂ ਸੀਟਾਂ ਖ਼ਾਲੀ ਰਹਿਣ ਤੋਂ ਬਾਅਦ ਵੱਖ-ਵੱਖ ਡੈਂਟਲ ਕਾਲਜਾਂ ਦੇ ਪ੍ਰਬੰਧਕਾਂ ਨੇ ਮੈਡੀਕਲ ਕੌਂਸਲਿੰਗ ਕਮੇਟੀ ਨੂੰ ਤਾਰੀਖ਼ ਵਧਾਉਣ ਲਈ ਕਿਹਾ ਸੀ। ਕਾਲਜ ਪ੍ਰਬੰਧਕਾਂ ਦੀ ਬੇਨਤੀ ਨੂੰ ਧਿਆਨ 'ਚ ਰੱਖਦਿਆਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਤਾਰੀਖ਼ ਵਧਾਉਣ ਲਈ ਸੁਪਰੀਮ ਕੋਰਟ ਤੋਂ ਮਨਜ਼ੂਰੀ ਮੰਗੀ ਸੀ। ਇਸ ਕਾਰਨ ਅਦਾਲਤ ਨੇ ਕੌਂਸਲਿੰਗ ਲਈ 15 ਨਵੰਬਰ ਦੀ ਤਾਰੀਖ਼ ਤੈਅ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਨੇ ਕਰ ਦਿੱਤਾ ਵੱਡਾ ਐਲਾਨ (ਵੀਡੀਓ)
ਨੀਟ ਪ੍ਰੀਖਿਆ ਦੀ ਤਿਆਰੀ ’ਚ ਲੱਗ ਜਾਂਦੇ ਹਨ ਵਿਦਿਆਰਥੀ
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫਰੀਦਕੋਟ ਦੇ ਸੁਪਰੀਡੈਂਟ ਦਰਪਿੰਦਰ ਸਿੰਘ ਦਾ ਕਹਿਣਾ ਹੈ ਕਿ ਡੈਂਟਲ ਕਾਲਜਾਂ 'ਚ ਬੀ. ਡੀ. ਐੱਸ. ਕੋਰਸ 'ਚ ਦਾਖ਼ਲੇ ਲਈ ਕੌਂਸਲਿੰਗ ਕੀਤੀ ਜਾ ਚੁੱਕੀ ਹੈ ਅਤੇ ਹੁਣ 228 ਸੀਟਾਂ ਖ਼ਾਲੀ ਰਹਿ ਗਈਆਂ ਹਨ ਕਿਉਂਕਿ ਅੰਡਰ ਗ੍ਰੈਜੂਏਟ ਕੋਰਸ 'ਚ ਦਾਖ਼ਲੇ ਲਈ ਨੈਸ਼ਨਲ ਐਲਿਜੀਬਿਲਟੀ ਐਂਡ ਐਂਟਰੈਂਸ ਟੈਸਟ (ਐੱਨ. ਈ. ਈ. ਟੀ.) ਅਪ੍ਰੈਲ ਜਾਂ ਮਈ ਮਹੀਨੇ 'ਚ ਕਰਵਾਇਆ ਜਾਂਦਾ ਹੈ ਅਤੇ ਇਸ 'ਚ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ ਕਿਉਂਕਿ ਮੈਡੀਕਲ ਵਿਦਿਆਰਥੀ ਐੱਮ. ਬੀ. ਬੀ. ਐੱਸ. 'ਚ ਦਾਖ਼ਲਾ ਲੈਣਾ ਚਾਹੁੰਦੇ ਹਨ ਤਾਂ ਉਹ 2024 ਲਈ ਨੀਟ ਪ੍ਰੀਖਿਆ ਦੀ ਤਿਆਰੀ 'ਚ ਜੁੱਟ ਜਾਂਦੇ ਹਨ।
ਪਹਿਲਾਂ ਵੀ ਖ਼ਾਲੀ ਰਹਿੰਦੀਆਂ ਰਹੀਆਂ ਹਨ ਪ੍ਰਾਈਵੇਟ ਕਾਲਜਾਂ ’ਚ ਸੀਟਾਂ
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਡੈਂਟਲ ਕਾਲਜਾਂ 'ਚ ਸੀਟਾਂ ਖ਼ਾਲੀ ਰਹੀਆਂ ਹਨ। ਕਈ ਸਾਲਾਂ ਤੋਂ ਪ੍ਰਾਈਵੇਟ ਡੈਂਟਲ ਕਾਲਜਾਂ ਦੀਆਂ ਬੀ. ਡੀ. ਐੱਸ. ਸੀਟਾਂ ਖ਼ਾਲੀ ਰਹਿ ਰਹੀਆਂ ਹਨ। ਉਹ ਬੱਚੇ, ਜੋ ਕੌਂਸਲਿੰਗ ਦੇ ਸ਼ੁਰੂਆਤੀ ਦੌਰ 'ਚ ਬੀ. ਡੀ. ਐੱਸ. 'ਚ ਦਾਖ਼ਲਾ ਲੈਂਦੇ ਹਨ, ਉਹ ਬਾਅਦ 'ਚ ਐੱਮ. ਬੀ. ਬੀ. ਐੱਸ. 'ਚ ਚਲੇ ਜਾਂਦੇ ਹਨ। ਉਂਝ ਵੀ ਪ੍ਰਾਈਵੇਟ ਡੈਂਟਲ ਕਾਲਜਾਂ ਦੀ ਫ਼ੀਸ ਸਰਕਾਰੀ ਡੈਂਟਲ ਕਾਲਜਾਂ ਦੇ ਮੁਕਾਬਲੇ ਵੱਧ ਅਤੇ ਲੱਗਭਗ ਦੁੱਗਣੀ ਹੈ। ਇਸ ਕਾਰਨ ਵੀ ਬੱਚੇ ਅਕਸਰ ਪ੍ਰਾਈਵੇਟ ਡੈਂਟਲ ਕਾਲਜਾਂ 'ਚ ਆਪਣੀਆਂ ਸੀਟਾਂ ਛੱਡ ਦਿੰਦੇ ਹਨ। ਬੀ. ਡੀ. ਐੱਸ. ਦੀ ਰਾਖਵੀਂ ਸ਼੍ਰੇਣੀ ਅਧੀਨ ਦਾਖ਼ਲਾ ਲੈਣ ਵਾਲੇ ਬੱਚਿਆਂ ਨੂੰ ਵੀ ਬਾਅਦ 'ਚ ਐੱਮ. ਬੀ. ਬੀ. ਐੱਸ. ਦੀ ਮੈਡੀਸਨ ਫੈਕਲਟੀ 'ਚ ਦਾਖ਼ਲਾ ਮਿਲ ਜਾਂਦਾ ਹੈ ਤੇ ਉਹ ਵੀ ਬੀ. ਡੀ.ਐੱਸ. ਛੱਡ ਦਿੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਡੂੰਘੀ ਚਿੰਤਾ ਵਾਲੀ ਖ਼ਬਰ, ਇਸ ਰਿਪੋਰਟ 'ਚ ਹੋਇਆ ਡਰਾ ਦੇਣ ਵਾਲਾ ਖ਼ੁਲਾਸਾ
ਡੈਂਟਲ ਮਾਹਰਾਂ ਨੂੰ ਦੇਣੇ ਹੋਣਗੇ ਰੁਜ਼ਗਾਰ ਦੇ ਜ਼ਿਆਦਾ ਮੌਕੇ
ਇਸ ਬਾਰੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਰਾਜ ਬਹਾਦਰ ਮੈਡੀਕਲ ਵਿਦਿਆਰਥੀਆਂ ਦਾ ਝੁਕਾਅ ਬੀ. ਡੀ. ਐੱਸ. ਬੀ. ਕਾਮ ਅਤੇ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ 'ਚ ਜ਼ਿਆਦਾ ਹੈ। ਪੰਜਾਬ 'ਚ ਡੈਂਟਲ ਕਾਲਜਾਂ ਦੀ ਗਿਣਤੀ ਵਧੀ ਹੈ ਅਤੇ ਸੀਟਾਂ ਵੀ ਵਧੀਆਂ ਹਨ। ਜਦੋਂਕਿ ਡੈਂਟਲ ਪ੍ਰੋਫੈਸ਼ਨ 'ਚ ਮੈਡੀਕਲ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਸਾਫ਼ ਦਿਖਾਈ ਨਹੀਂ ਦਿੰਦਾ। ਜੇਕਰ ਪੰਜਾਬ ਸਰਕਾਰ ਪ੍ਰਾਇਮਰੀ ਹੈਲਥ ਸੈਂਟਰਾਂ 'ਚ ਦੰਦਾਂ ਦੇ ਸਰਜਨਾਂ ਦੀ ਨਿਯੁਕਤੀ ਲਾਜ਼ਮੀ ਤੌਰ ’ਤੇ ਕਰਨਾ ਸ਼ੁਰੂ ਕਰ ਦੇਵੇ ਤੇ ਡੈਂਟਲ ਮਾਹਰਾਂ ਨੂੰ ਬੀ. ਡੀ. ਐੱਸ. 'ਚ ਹੀ ਰੁਜ਼ਗਾਰ ਦੇ ਜ਼ਿਆਦਾ ਮੌਕੇ ਦਿਸਣ ਤਾਂ ਬੱਚੇ ਬੀ. ਡੀ. ਐੱਸ. ਛੱਡ ਕੇ ਐੱਮ. ਬੀ. ਬੀ. ਐੱਸ. ਮੈਡੀਸਿਨ ਵੱਲ ਨਹੀਂ ਭੱਜਣਗੇ। ਡੈਂਟਲ ਕਾਲਜਾਂ 'ਚ ਖ਼ਾਲੀ ਰਹਿ ਜਾਣ ਵਾਲੀਆਂ ਸੀਟਾਂ ਨੂੰ ਭਰਨ ਲਈ ਹੋਰ ਨਵੇਂ ਕੋਰਸ ਸ਼ੁਰੂ ਕੀਤੇ ਜਾ ਸਕਦੇ ਹਨ।
ਇਹ ਹਨ ਪੰਜਾਬ ਦੇ ਡੈਂਟਲ ਕਾਲਜ
ਸਰਕਾਰੀ ਡੈਂਟਲ ਕਾਲਜ, ਅੰਮ੍ਰਿਤਸਰ
ਸਰਕਾਰੀ ਡੈਂਟਲ ਕਾਲਜ, ਪਟਿਆਲਾ
ਆਦੇਸ਼ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਂਡ ਰਿਸਰਚ, ਬਠਿੰਡਾ
ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ, ਲੁਧਿਆਣਾ
ਕ੍ਰਿਸ਼ਚੀਅਨ ਡੈਂਟਲ ਕਾਲਜ, ਲੁਧਿਆਣਾ
ਦਸ਼ਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸ, ਫਰੀਦਕੋਟ
ਦੇਸ਼ਭਗਤ ਡੈਂਟਲ ਕਾਲਜ ਅਤੇ ਹਸਪਤਾਲ, ਮੁਕਤਸਰ
ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਂਡ ਰਿਸਰਚ, ਫਿਰੋਜ਼ਪੁਰ
ਗਿਆਨ ਸਾਗਰ ਡੈਂਟਲ ਕਾਲਜ ਅਤੇ ਹਸਪਤਾਲ, ਪਟਿਆਲਾ
ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਊਟ, ਸੁਨਾਮ
ਲਕਸ਼ਮੀ ਬਾਈ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਂਡ ਹਸਪਤਾਲ, ਪਟਿਆਲਾ
ਨੈਸ਼ਨਲ ਡੈਂਟਲ ਕਾਲਜ ਅਤੇ ਹਸਪਤਾਲ, ਡੇਰਾਬੱਸੀ
ਰਿਆਤ ਅਤੇ ਬਾਹਰਾ ਡੈਂਟਲ ਕਾਲਜ ਮੋਹਾਲੀ
ਐੱਸ. ਕੇ. ਕੇ. ਐੱਸ. ਡੈਂਟਲ ਕਾਲਜ, ਲੁਧਿਆਣਾ
ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਂਡ ਰਿਸਰਚ, ਅੰਮ੍ਰਿਤਸਰ
ਸੁਖਮਨੀ ਡੈਂਟਲ ਕਾਲਜ ਅਤੇ ਹਸਪਤਾਲ, ਡੇਰਾਬੱਸੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News