ਵੇਰਕਾ ਮਿਲਕ ਪਲਾਂਟ ''ਚ ''ਅਫ਼ਸਰ ਬੀਬੀ'' ਨਾਲ ਗੰਦੀ ਹਰਕਤ, ਮਾਮਲਾ ਪੁੱਜਾ ਕੈਪਟਨ ਦੇ ਦਰਬਾਰ
Thursday, Oct 08, 2020 - 08:58 AM (IST)
ਜਲੰਧਰ/ਚੰਡੀਗੜ੍ਹ (ਐੱਨ. ਮੋਹਨ) : ਵੇਰਕਾ ਮਿਲਕ ਪਲਾਂਟ ਚੰਡੀਗੜ੍ਹ 'ਚ ਇਕ ਅਧਿਕਾਰੀ ਬੀਬੀ ਨਾਲ ਛੇੜਛਾੜ ਦੇ ਮਾਮਲੇ ਦੀ ਜਾਂਚ ਮੁੱਖ ਮੰਤਰੀ ਦਫ਼ਤਰ ਨੇ ਸਹਿਕਾਰਤਾ ਮਹਿਕਮੇ ਦੀ ਵਧੀਕ ਮੁੱਖ ਸਕੱਤਰ ਕਲਪਨਾ ਮਿੱਤਲ ਵਧਵਾ ਨੂੰ ਸੌਂਪ ਦਿੱਤੀ ਹੈ। ਜਿਣਸੀ ਸ਼ੋਸ਼ਣ ਦੀ ਸ਼ਿਕਾਰ ਅਫ਼ਸਰ ਬੀਬੀ ਨੂੰ ਉਸ ਦੀ ਅਪੀਲ ’ਤੇ ਚੰਡੀਗੜ੍ਹ ਤੋਂ ਕਿਤੇ ਹੋਰ ਤਬਦੀਲ ਕਰ ਦਿੱਤਾ ਗਿਆ ਹੈ। ਅਫ਼ਸਰ ਬੀਬੀ ਦਾ ਦੋਸ਼ ਸੀ ਕਿ ਪਲਾਂਟ ਦੇ ਸੀਨੀਅਰ ਅਫ਼ਸਰ ਜਾਣ-ਬੁੱਝ ਕੇ ਉਸ ਦੇ ਕੰਮ 'ਚ ਕਮੀਆਂ ਕੱਢਣ ਦੇ ਨਾਂ ’ਤੇ ਉਸ ਨੂੰ ਬੁਲਾ ਕੇ ਜ਼ਲੀਲ ਕਰਦੇ ਸਨ।
ਇਹ ਵੀ ਪੜ੍ਹੋ : ਕੈਪਟਨ ਦੇ ਚੱਕਰਵਿਊ ਬੁਰੇ ਫਸੇ 'ਨਵਜੋਤ ਸਿੱਧੂ', ਰਾਹੁਲ ਦੀ ਯਾਤਰਾ ਤੋਂ ਹੋਣਾ ਪਿਆ ਆਊਟ
ਉਨ੍ਹਾਂ ਵੱਲੋਂ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ ਅਤੇ ਉਸ ਨਾਲ ਜਿਣਸੀ ਸ਼ੋਸ਼ਣ ਕੀਤਾ ਜਾਂਦਾ ਰਿਹਾ ਸੀ। ਮਿਲਕ ਪਲਾਂਟ ਦੇ ਅਧਿਕਾਰੀਆਂ ਖ਼ਿਲਾਫ਼ ਅਜਿਹੇ ਦੋਸ਼ ਪਹਿਲਾਂ ਵੀ ਲੱਗੇ ਹਨ। ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ 'ਚ ਅਧਿਕਾਰੀ ਬੀਬੀ ਨੇ ਦੋਸ਼ ਲਾਇਆ ਕਿ ਪਲਾਂਟ ਦਾ ਜਨਰਲ ਮੈਨੇਜਰ ਉੱਤਮ ਕੁਮਾਰ, ਮੈਨੇਜਰ (ਉਤਪਾਦਨ) ਸੰਜੇ ਕੁਮਾਰ ਅਤੇ ਡਿਪਟੀ ਮੈਨੇਜਰ ਮਨੋਜ ਕੁਮਾਰ ਉਸ ਨੂੰ ਬਿਨਾਂ ਕਾਰਣ ਤੰਗ-ਪਰੇਸ਼ਾਨ ਕਰਦੇ ਆ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜਾਰੀ ਹੋਇਆ ਵਿਸ਼ੇਸ਼ ਬੁਲੇਟਿਨ, ਜਾਣੋ ਆਉਂਦੇ ਦਿਨਾਂ ਦਾ ਹਾਲ
ਦੋਸ਼ ਅਨੁਸਾਰ ਜੇਕਰ ਉਸ ਦੇ ਕੰਮ 'ਚ ਕਮੀ ਨਹੀਂ ਵੀ ਹੁੰਦੀ ਤਾਂ ਵੀ ਉਸ ਨੂੰ ਜਾਣ-ਬੁੱਝ ਕੇ ਬੁਲਾਇਆ ਜਾਂਦਾ ਅਤੇ ਇਤਰਾਜ਼ਯੋਗ ਕੁਮੈਂਟ ਦਿੱਤੇ ਜਾਂਦੇ ਅਤੇ ਉਸ ਦੇ ਸਰੀਰ ਨੂੰ ਛੂਹਿਆ ਜਾਂਦਾ। ਅਧਿਕਾਰੀ ਬੀਬੀ ਦਾ ਦੋਸ਼ ਸੀ ਕਿ ਪਿਛਲੇ ਇਕ ਦੋ ਹਫ਼ਤਿਆਂ 'ਚ ਉਸ ਨੂੰ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਸੀ। ਅਜਿਹਾ ਉਕਤ ਸੀਨੀਅਰ ਅਫ਼ਸਰ ਹੋਰ ਮੁਲਾਜ਼ਮਾਂ ਦੇ ਸਾਹਮਣੇ ਵੀ ਕਰਦੇ ਸਨ ਤਾਂ ਕਿ ਉਹ ਪੀੜਤ ਹੋ ਕੇ ਉਨ੍ਹਾਂ ਦੀ ਗੱਲ ਮੰਨ ਲਵੇ। ਸ਼ਿਕਾਇਤ ਕਰਤਾ ਅਨੁਸਾਰ ਇਸ ਕਾਰਣ ਉਹ ਮਾਨਸਿਕ ਤਣਾਅ 'ਚ ਰਹਿਣ ਲੱਗੀ ਅਤੇ ਇਸ ਸੋਸ਼ਣ ਤੋਂ ਬਚਣ ਲਈ ਉਸ ਨੂੰ ਮਜਬੂਰਨ ਛੁੱਟੀਆਂ ਲੈਣੀਆਂ ਪੈ ਰਹੀਆਂ ਸਨ।
ਅਜਿਹੇ ਹਾਲਾਤਾਂ 'ਚ ਉਸ ਦੇ ਸਾਹਮਣੇ ਸ਼ੋਸ਼ਣ ਦਾ ਸ਼ਿਕਾਰ ਹੋਣ ਜਾਂ ਫਿਰ ਖ਼ੁਦਕੁਸ਼ੀ ਕਰ ਲੈਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਕਤ ਅਧਿਕਾਰੀਆਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਉਸ ਨੂੰ ਕਿਸੇ ਹੋਰ ਥਾਂ ਤਬਦੀਲ ਕਰ ਦਿੱਤਾ ਜਾਵੇ। ਮੁੱਖ ਮੰਤਰੀ ਨੇ ਇਸ ਸਬੰਧੀ ਕਾਰਵਾਈ ਕਰਦੇ ਹੋਏ ਵਧੀਕ ਮੁੱਖ ਸਕੱਤਰ ਨੂੰ ਜਾਂਚ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਇਸ ਸਬੰਧ 'ਚ ਵੇਰਕਾ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦਫ਼ਤਰ ਵਲੋਂ ਜਾਂਚ ਦੀਆਂ ਹਦਾਇਤਾਂ ਤੋਂ ਪਹਿਲਾਂ ਹੀ ਮਹਿਕਮੇ ਨੇ ਇਸ ਮਾਮਲੇ ਨੂੰ ਬੀਬੀਆਂ ਦੇ ਦਫ਼ਤਰਾਂ 'ਚ ਸੁਰੱਖਿਆ ਲਈ ਬਣੀ ਲੋਕਲ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਉਕਤ ਅਧਿਕਾਰੀ ਬੀਬੀ ਨੂੰ ਵੀ ਉਸ ਦੀ ਅਪੀਲ ’ਤੇ ਕਿਤੇ ਹੋਰ ਤਬਦੀਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਤਿੰਨ ਅਧਿਕਾਰੀਆਂ ’ਤੇ ਦੋਸ਼ ਲੱਗੇ, ਉਨ੍ਹਾਂ ’ਚੋਂ ਇਕ ਜਨਰਲ ਮੈਨੇਜਰ ਉੱਤਮ ਕੁਮਾਰ ਦਾ ਇਸ ਬਾਰੇ ਕਹਿਣਾ ਸੀ ਕਿ ਉਕਤ ਬੀਬੀ ਆਈਸਕ੍ਰੀਮ ਉਤਪਾਦਨ ਵਿੰਗ 'ਚ ਸੀ ਅਤੇ ਆਈਸਕ੍ਰੀਮ ਦੀ ਕੁਆਲਿਟੀ ਨੂੰ ਲੈ ਕੇ ਸ਼ਿਕਾਇਤਾਂ ਆ ਰਹੀਆਂ ਸਨ। ਦਿਲਚਸਪ ਗੱਲ ਇਹ ਵੀ ਹੈ ਕਿ ਜਿਨ੍ਹਾਂ ਅਫ਼ਸਰਾਂ ਖ਼ਿਲਾਫ਼ ਛੇੜਛਾੜ ਦੇ ਦੋਸ਼ ਹਨ, ਉਨ੍ਹਾਂ 'ਚੋਂ ਇਕ ’ਤੇ ਮਠਿਆਈਆਂ ਦੇ ਉਤਪਾਦਨ ਦੀ ਗੁਣਵੱਤਾ ਅਤੇ ਲੋੜ ਤੋਂ ਵੱਧ ਉਤਪਾਦਨ ਨਾਲ ਵੇਰਕਾ ਪਲਾਂਟ ਦੇ ਲੱਖਾਂ ਰੁਪਏ ਬਰਬਾਦ ਕਰਨ ਦੇ ਦੋਸ਼ ਵੀ ਹਨ।