ਪੰਜਾਬ ਸਰਕਾਰ ਵਲੋਂ ਔਰਤਾਂ ਦੀ ਸੁਰੱਖਿਆ ਲਈ ਖਾਸ ਪਹਿਲ, ਲਾਗੂ ਹੋਵੇਗਾ ਇਹ ਸਿਸਟਮ
Wednesday, Jan 01, 2020 - 06:10 PM (IST)

ਲੁਧਿਆਣਾ : ਪੰਜਾਬ ਸਰਕਾਰ ਵਲੋਂ ਔਰਤਾਂ ਦੀ ਸੁਰੱਖਿਆ ਲਈ ਖਾਸ ਪਹਿਲ ਕਰਦਿਆਂ ਸਾਰੀਆਂ ਟਰਾਂਸਪੋਰਟ ਗੱਡੀਆਂ 'ਤੇ ਵ੍ਹੀਕਲ ਟ੍ਰੈਕਿੰਗ ਸਿਸਟਮ (ਵੀ. ਟੀ. ਐੱਸ.) ਲਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਜਨਵਰੀ ਮਹੀਨੇ ਪੂਰਾ ਕਰ ਲਿਆ ਜਾਵੇਗਾ। ਸਰਕਾਰ ਵਲੋਂ ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਨਿਰਭਯਾ ਫਾਊਂਡੇਸ਼ਨ ਦੇ ਪੈਸੇ ਇਸ ਸਿਸਟਮ 'ਤੇ ਲਾਏ ਜਾ ਰਹੇ ਹਨ। ਨਿਰਭਯਾ ਕਾਂਡ ਤੋਂ ਬਾਅਦ ਇਹ ਖਾਸ ਔਰਤਾਂ ਲਈ ਜ਼ਰੂਰੀ ਕੀਤਾ ਗਿਆ ਹੈ ਤਾਂ ਜੋ ਔਰਤਾਂ ਸੁਰੱਖਿਅਤ ਰਹਿਣ।
ਇਸ ਦੇ ਤਹਿਤ ਪਨਬਸ, ਪੀ. ਆਰ. ਟੀ. ਸੀ., ਪੰਜਾਬ ਰੋਡਵੇਜ਼ ਅਤੇ ਸਕੂਲ ਬੱਸਾਂ 'ਚ ਵੀ. ਟੀ. ਐੱਸ. ਨਹੀਂ ਲਾਇਆ ਗਿਆ ਤਾਂ ਚਲਾਨ ਕੀਤਾ ਜਾਵੇਗਾ। ਇਸ ਦਾ ਕੰਟਰੋਲ ਰੂਮ ਚੰਡੀਗੜ੍ਹ 'ਚ ਹੋਵੇਗਾ। ਇਸ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਤੇ ਇਕ ਸਕਰੀਨ ਵੀ ਲਾਈ ਗਈ ਹੈ। ਹੁਣ ਤੱਕ 400 ਪੀ. ਆਰ. ਟੀ. ਸੀ. ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਤੇ ਵੀ. ਟੀ. ਐੱਸ. ਲਾ ਵੀ ਦਿੱਤਾ ਗਿਆ ਹੈ ਅਤੇ ਬਾਕੀਆਂ 'ਤੇ ਵੀ ਜਲਦ ਹੀ ਲਾਏ ਜਾਣਗੇ। ਪੰਜਾਬ ਰੋਡਵੇਜ਼-ਪਨਬਸ ਕਾਂਟਰੈਕਟਰ ਵਰਕਰਜ਼ ਯੂਨੀਅਨ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੀ. ਆਰ. ਟੀ. ਸੀ. ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਤੇ ਇਹ ਸਿਸਟਮ ਲਾਇਆ ਜਾ ਰਿਹਾ ਹੈ ਅਤੇ ਇਹ ਪ੍ਰਾਈਵੇਟ ਬੱਸਾਂ 'ਤੇ ਵੀ ਜ਼ਰੂਰੀ ਹੋਣਾ ਚਾਹੀਦਾ ਹੈ ਕਿਉਂਕਿ ਜ਼ਿਆਦਾਤਰ ਹਾਦਸੇ ਇਨ੍ਹਾਂ ਬੱਸਾਂ 'ਚ ਹੀ ਹੁੰਦੇ ਹਨ।