ਵਾਹਨ ਟੋਇੰਗ ਵਾਲਿਓ! ਤੁਸੀਂ ਵੀ ਕਦੇ ਲਾ ਲਿਆ ਕਰੋ ਸੀਟ ਬੈਲਟ

Monday, Mar 12, 2018 - 04:46 AM (IST)

ਵਾਹਨ ਟੋਇੰਗ ਵਾਲਿਓ! ਤੁਸੀਂ ਵੀ ਕਦੇ ਲਾ ਲਿਆ ਕਰੋ ਸੀਟ ਬੈਲਟ

ਲੁਧਿਆਣਾ,  (ਸੰਨੀ)-  ਨਗਰ ਦੀ ਟਰੈਫਿਕ ਪੁਲਸ ਵੱਲੋਂ ਸੜਕਾਂ ਦੇ ਵਿਚਕਾਰ ਖੜ੍ਹੀਆਂ ਕੀਤੀਆਂ ਗਈਆਂ ਕਾਰਾਂ ਨੂੰ ਟੋਅ ਕਰ ਕੇ ਪੁਲਸ ਲਾਈਨ ਪਹੁੰਚਾਇਆ ਜਾਂਦਾ ਹੈ।  ਟਰੈਫਿਕ ਪੁਲਸ ਵੱਲੋਂ ਇਸ ਕਾਰਜ ਨੂੰ ਪ੍ਰਾਈਵੇਟ ਕੰਪਨੀ 'ਟੋਅ-ਟੈੱਕ' ਨੂੰ ਦਿੱਤਾ ਗਿਆ ਹੈ, ਜਿਸ ਦੇ ਸੰਚਾਲਕ ਪਰਮਜੀਤ ਸਿੰਘ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਗਰ 'ਚ ਟੋਇੰਗ ਕਰਨ ਵਾਲੇ ਪ੍ਰਾਈਵੇਟ ਕਰਮਚਾਰੀ ਅਤੇ ਨਾਲ ਹੀ ਉਨ੍ਹਾਂ ਨਾਲ ਤਾਇਨਾਤ ਕੀਤੇ ਗਏ ਟਰੈਫਿਕ ਕਰਮਚਾਰੀ, ਜੋ ਸਾਰਾ ਦਿਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੀਆਂ ਗੱਡੀਆਂ ਚੁੱਕਦੇ ਹਨ, ਖੁਦ ਨਿਯਮ ਤੋੜਨ ਵਿਚ ਸਭ ਤੋਂ ਅੱਗੇ ਹਨ। ਟੋਇੰਗ ਵੈਨਾਂ 'ਤੇ ਤਾਇਨਾਤ ਕਰਮਚਾਰੀ ਖੁਦ ਹੀ ਸੀਟ ਬੈਲਟ ਦੀ ਵਰਤੋਂ ਨਹੀਂ ਕਰਦੇ। ਅਜਿਹੇ ਹੀ ਕੁੱਝ ਕਰਮਚਾਰੀਆਂ ਨੂੰ ਸਾਡੇ ਫੋਟੋਗ੍ਰਾਫਰ ਨੇ ਆਪਣੇ ਕੈਮਰੇ 'ਚ ਕੈਦ ਕੀਤਾ ਹੈ।
ਪ੍ਰਾਈਵੇਟ ਟੋਇੰਗ ਕੰਪਨੀ ਵੱਲੋਂ 5 ਵੈਨਾਂ ਚਾਰ-ਪਹੀਆ ਵਾਹਨਾਂ ਨੂੰ ਟੋਅ ਕਰਨ ਲਈ ਅਤੇ ਇਕ ਵਾਹਨ ਨੂੰ ਦੋ ਪਹੀਆ ਵਾਹਨ ਨੂੰ ਟੋਅ ਕਰਨ ਲਈ ਲਾਇਆ ਗਿਆ ਹੈ। ਹਰ ਟੋਅ ਵੈਨ 'ਤੇ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਤੋਂ ਇਲਾਵਾ ਇਕ-ਇਕ ਸਰਕਾਰੀ ਟਰੈਫਿਕ ਕਰਮਚਾਰੀ ਦੀ ਡਿਊਟੀ ਵੀ ਲਾਈ ਗਈ ਹੈ। ਕੰਪਨੀ ਵੱਲੋਂ ਰੋਜ਼ਾਨਾ ਔਸਤਨ 70 ਤੋਂ 80 ਵਾਹਨਾਂ ਨੂੰ ਟੋਅ ਕਰ ਕੇ ਉਨ੍ਹਾਂ ਤੋਂ ਟੋਇੰਗ ਫੀਸ ਅਤੇ ਨੋ-ਪਾਰਕਿੰਗ ਦਾ ਜੁਰਮਾਨਾ ਵਸੂਲ ਕੀਤਾ ਜਾਂਦਾ ਹੈ। ਚਾਰ-ਪਹੀਆ ਵਾਹਨ ਨੂੰ ਟੋਅ ਹੋਣ 'ਤੇ ਜੀ. ਸੀ. ਟੀ. ਸਹਿਤ ਟੋਇੰਗ ਫੀਸ ਦੀ ਰਾਸ਼ੀ 667 ਰੁਪਏ ਤੇ ਵਾਹਨ ਮਾਲਕ ਦਾ ਨੋ-ਪਾਰਕਿੰਗ ਦਾ 300 ਰੁਪਏ ਦਾ ਚਲਾਨ ਭਾਵ ਕਿ ਕੁੱਲ 967 ਰੁਪਏ ਅਦਾ ਕਰਨੇ ਪੈਂਦੇ ਹਨ। ਜਦੋਂ ਕਿ ਦੋ-ਪਹੀਆ ਵਾਹਨ ਲਈ ਟੋਇੰਗ ਫੀਸ 308 ਰੁਪਏ ਤੇ ਨੋ-ਪਾਰਕਿੰਗ ਦਾ ਜੁਰਮਾਨਾ ਮਿਲਾ ਕੇ ਕੁੱਲ 608 ਰੁਪਏ ਅਦਾ ਕਰਨੇ ਪੈਂਦੇ ਹਨ।
ਟਰੈਫਿਕ ਪੁਲਸ ਤੇ ਪ੍ਰਾਈਵੇਟ ਕੰਪਨੀ ਵੱਲੋਂ ਰੋਜ਼ਾਨਾ ਇੰਨੀ ਮਾਤਰਾ 'ਚ ਟੋਇੰਗ ਫੀਸ ਤੇ ਜੁਰਮਾਨਾ ਰਾਸ਼ੀ ਇਕੱਠੀ ਕਰਨ ਦੇ ਬਾਵਜੂਦ ਉਨ੍ਹਾਂ ਦੇ ਕਰਮਚਾਰੀ ਡਿਊਟੀ ਦੌਰਾਨ ਸੀਟ ਬੈਲਟਾਂ ਨਾ ਲਾ ਕੇ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਅੰਗੂਠਾ ਦਿਖਾ ਰਹੇ ਹਨ। ਦੱਸ ਦੇਈਏ ਕਿ ਕੁੱਝ ਮਹੀਨੇ ਪਹਿਲਾਂ ਸ਼ਿੰਗਾਰ ਸਿਨੇਮਾ ਰੋਡ 'ਤੇ ਵੀ ਕਾਰ ਟੋਅ ਹੋਣ ਦੇ ਬਾਅਦ ਟੋਇੰਗ ਵਾਲਿਆਂ ਦੀ ਬਿਨਾਂ ਸੀਟ ਬੈਲਟ ਵਾਹਨ ਚਲਾਉਣ ਦੀ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।


Related News