ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਦਰਦਨਾਕ ਮੌਤ
Friday, Feb 21, 2025 - 03:19 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਇੱਥੇ ਫੱਗੂਵਾਲਾ ਕੈਂਚੀਆਂ ਨੇੜੇ ਅਣਪਛਾਤੇ ਵਾਹਨ ਦੀ ਚਪੇਟ 'ਚ ਆ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਕਿਰਨਦੀਪ ਕੌਰ ਵਾਸੀ ਢਿੱਲਵਾਂ (ਬਰਨਾਲਾ) ਨੇ ਸਥਾਨਕ ਪੁਲਸ ਨੂੰ ਦੱਸਿਆ ਕਿ ਪਿਛਲੇ ਦਿਨੀਂ ਫੱਗੂਵਾਲਾ ਕੈਂਚੀਆਂ ਵਿਖੇ ਉਸਦਾ ਪਤੀ ਲੱਭੀ ਸਿੰਘ ਸੀਮਿੰਟ ਸਟੋਰ ਨੇੜੇ ਟਰੈਕਟਰ-ਟਰਾਲੀ ਸਾਈਡ 'ਤੇ ਲਗਵਾ ਰਿਹਾ ਸੀ ਤਾਂ ਇਸ ਦੌਰਾਨ ਸੰਗਰੂਰ ਵੱਲੋਂ ਆਉਂਦੇ ਇੱਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਲੱਭੀ ਸਿੰਘ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਭੱਜ ਗਿਆ।
ਕਿਰਨਦੀਪ ਨੇ ਦੱਸਿਆ ਕਿ ਘਟਨਾ 'ਚ ਉਸਦੇ ਪਤੀ ਦੇ ਸਿਰ ਅਤੇ ਮੂੰਹ 'ਤੇ ਗੰਭੀਰ ਸੱਟਾਂ ਲੱਗੀਆਂ ਜਿਸਨੂੰ ਮੌਕੇ ਤੋਂ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਲੱਭੀ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਭਵਾਨੀਗੜ੍ਹ ਵਿਖੇ ਅਣਪਛਾਤੇ ਵਾਹਨ ਵਿਰੁੱਧ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।