ਸਬਜ਼ੀਆਂ ਦੇ ਰੇਟਾਂ ''ਚ ਤੇਜ਼ੀ : ਆਲੂਆਂ ਦੇ ਭਾਅ ਨੇ ਵੀ ਬਦਲਿਆ ਰੰਗ

Friday, Dec 08, 2017 - 08:07 AM (IST)

ਸਬਜ਼ੀਆਂ ਦੇ ਰੇਟਾਂ ''ਚ ਤੇਜ਼ੀ : ਆਲੂਆਂ ਦੇ ਭਾਅ ਨੇ ਵੀ ਬਦਲਿਆ ਰੰਗ

ਬਨੂੜ  (ਗੁਰਪਾਲ) - ਸਬਜ਼ੀਆਂ ਦੀਆਂ ਕੀਮਤਾਂ ਵਿਚ ਆਈ ਤੇਜ਼ੀ ਤੋਂ ਬਾਅਦ ਨਵੇਂ ਆਲੂਆਂ ਦੇ ਰੇਟ ਵਧਣ ਕਾਰਨ ਆਲੂਆਂ ਨੇ ਵੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੀ ਫਸਲ ਵੇਲੇ ਆਲੂਆਂ ਦੀ ਹੋਈ ਬੇਕਦਰੀ ਨੇ ਆਲੂ ਕਾਸ਼ਤਕਾਰਾਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਹੁਣ ਨਵੇਂ ਆਲੂਆਂ ਦੇ ਰੇਟਾਂ ਵਿਚ ਆਈ ਤੇਜ਼ੀ ਨੇ ਉਨ੍ਹਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ। ਆਲੂਆਂ ਦੀ ਪਿਛਲੀ ਫਸਲ 60-70 ਰੁਪਏ ਪ੍ਰਤੀ ਕੱਟਾ ਵਿਕੀ ਸੀ ਜਦੋਂ ਕਿ ਕੋਲਡ ਸਟੋਰ ਵਿਚ ਆਲੂ ਰੱਖਣ ਦਾ ਕਿਰਾਇਆ 110 ਰੁਪਏ ਕੱਟਾ ਸੀ। ਹੁਣ ਸਬਜ਼ੀਆਂ ਦੇ ਰੇਟਾਂ ਵਿਚ ਆਈ ਤੇਜ਼ੀ ਕਾਰਨ ਆਲੂਆਂ ਨੇ ਵੀ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ। ਅੱਜਕਲ ਮੰਡੀਆਂ ਵਿਚ ਮਟਰ, ਟਮਾਟਰ, ਗੋਭੀ, ਗਾਜਰ, ਘੀਆ ਆਦਿ 50 ਰੁਪਏ, ਪ੍ਰਚੂਨ ਵਿਚ 70 ਰੁਪਏ ਵਿਕ ਰਿਹਾ ਹੈ। ਆਲੂਆਂ ਦੇ ਰੇਟ ਵਿਚ ਵੀ ਤੇਜ਼ੀ ਆਉਣੀ ਸ਼ੁਰੂ ਹੋ ਗਈ। ਬੇਸ਼ੱਕ ਪੁਰਾਣੇ ਆਲੂ ਅਜੇ ਵੀ ਕੋਲਡ ਸਟੋਰ ਵਿਚ 100 ਰੁਪਏ ਕੱਟਾ ਮਿਲ ਰਹੇ ਹਨ ਪਰ ਆਲੂ ਖਾਣ ਅਤੇ ਖਰੀਦਣ ਲਈ ਵਪਾਰੀ ਤੇ ਆਮ ਪਬਲਿਕ ਵਿਚ ਲੱਗੀ ਹੋੜ ਕਾਰਨ ਆਲੂਆਂ ਦੇ ਰੇਟਾਂ 'ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਇਲਾਕੇ ਦੇ ਆਲੂ ਉਤਪਾਦਕ ਸਰਪੰਚ ਜਸਪਾਲ ਨੰਦਗੜ੍ਹ, ਕੁਲਵੰਤ ਨੰਡਿਆਲੀ, ਸਰਵਣ ਮਹਿਤਾਬਗੜ੍ਹ, ਸੁਰਮੁਖ ਸਿੰਘ ਰਾਏਪੁਰ ਪ੍ਰਧਾਨ ਭਾਕਿਯੂ, ਬਲਦੇਵ ਕਨੌੜ, ਸਰਪੰਚ ਗੁਰਵਿੰਦਰ ਰਾਮਪੁਰ ਤੇ ਖਜ਼ਾਨ ਹੁਲਕਾਂ ਆਦਿ ਨੇ ਦੱਸਿਆ ਕਿ ਪਿਛਲੀ ਆਲੂਆਂ ਦੀ ਹੋਈ ਬੇਕਦਰੀ ਨੇ ਉਨ੍ਹਾਂ ਦਾ ਬਹੁਤ ਨੁਕਸਾਨ ਕੀਤਾ। ਆਲੂਆਂ ਦੀ ਬੀਜਾਈ 'ਤੇ 40 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਆਉਂਦਾ ਹੈ।
ਆਲੂ ਨਾ ਵਿਕਣ ਕਾਰਨ ਇਸ ਵਾਰ ਕਿਸਾਨਾਂ ਨੇ ਅੱਧੇ ਰਕਬੇ ਵਿਚ ਆਲੂ ਬੀਜੇ ਹਨ ਪਰ ਆਲੂਆਂ ਦੇ ਰੇਟਾਂ ਵਿਚ ਆਈ ਤੇਜ਼ੀ ਕਾਰਨ ਵਪਾਰੀਆਂ ਵੱਲੋਂ ਆਲੂ ਚੁੱਕਣ ਲਈ ਫੋਨ ਆ ਰਹੇ ਹਨ, ਜਿਸ ਕਾਰਨ ਸਬਜ਼ੀ ਉਤਪਾਦਕਾਂ ਦੇ ਚਿਹਰਿਆਂ 'ਤੇ ਲੰਬੇ ਸਮੇਂ ਬਾਅਦ ਰੌਣਕ ਪਰਤੀ ਹੈ।


Related News