ਕਰਫਿਊ ਕਾਰਨ ਪਿੰਡਾਂ ''ਚ ਥੋਕ ਦੇ ਭਾਅ ਨਾਲੋਂ 3 ਗੁਣਾ ਮਹਿੰਗੀ ਵਿਕ ਰਹੀ ਹੈ ਸਬਜ਼ੀ

05/14/2020 9:28:34 PM

ਨੂਰਪੁਰਬੇਦੀ,(ਭੰਡਾਰੀ)- ਭਾਵੇਂ ਸਰਕਾਰ ਵੱਲੋਂ ਵੱਧ ਰੇਟਾਂ 'ਤੇ ਸਾਮਾਨ ਵੇਚਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਠੋਕ ਵਜਾ ਕੇ ਗੱਲ ਕਹੀ ਜਾਂਦੀ ਹੈ। ਪਰ ਇਸਦੇ ਉਲਟ ਨੂਰਪੁਰਬੇਦੀ ਦੀ ਸਬਜ਼ੀ ਮੰਡੀ 'ਚ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕੁਝ ਆੜਤੀਆਂ ਨਾਲ ਕਥਿਤ ਮਿਲੀਭੁਗਤ ਦੇ ਚੱਲਦਿਆਂ ਥੋਕ ਦੇ ਰੇਟਾਂ ਨਾਲੋਂ 3 ਗੁਣਾ ਵਾਧੂ ਰੇਟ ਤੈਅ ਕਰ ਕੇ ਸਬਜ਼ੀ ਵਿਕਰੇਤਾਵਾਂ ਨੂੰ ਰੇਟ ਲਿਸਟ ਜਾਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਨਾਲ ਜਿੱਥੇ ਜਾਣ-ਬੁਝ ਕੇ ਮਹਿੰਗੇ ਰੇਟ ਤੈਅ ਕਰਨ ਦਾ ਇਹ ਵਰਤਾਰਾ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਹੈ ਉੱਥੇ ਹੀ ਲੋਕਾਂ ਦੀ ਚਿੱਟੇ ਦਿਨ ਅੰਨ੍ਹੀ ਲੁੱਟ ਹੋ ਰਹੀ ਹੈ ਅਤੇ ਜਿਸ ਨਾਲ ਵਿਭਾਗ ਵੱਲੋਂ ਤਿਆਰ ਕੀਤੀ ਜਾ ਰਹੀ ਰੇਟ ਲਿਸਟ 'ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।
ਸ਼ਹਿਰ ਦੇ ਕੁਝ ਜ਼ਿੰਮੇਵਾਰ ਨਾਗਰਿਕਾਂ ਨੇ ਮੀਡੀਆ ਦੇ ਧਿਆਨ 'ਚ ਮਾਮਲਾ ਲਿਆਉਂਦੇ ਹੋਏ ਦੱਸਿਆ ਕਿ ਅੱਜ ਸਥਾਨਕ ਸਬਜ਼ੀ ਮੰਡੀ ਵਿਖੇ ਗੋਭੀ ਦਾ ਥੋਕ 'ਚ ਭਾਅ 20 ਰੁਪਏ ਸੀ ਜਦਕਿ ਮਾਰਕੀਟ ਕਮੇਟੀ ਵੱਲੋਂ ਵੇਚਣ ਲਈ ਤਿਆਰ ਕੀਤੀ ਰੇਟ ਲਿਸਟ 'ਚ 40 ਰੁਪਏ ਕਿਲੋ ਭਾਅ ਤੈਅ ਕੀਤਾ ਗਿਆ। ਇਸੇ ਤਰ੍ਹਾਂ ਹੋਰਨਾਂ ਵਸਤੂਆਂ 'ਚ ਸ਼ਾਮਲ ਅੰਬ ਦਾ ਥੋਕ 'ਚ ਭਾਅ 65 ਅਤੇ ਰੇਟ ਲਿਸਟ 'ਚ 130, ਬੈਂਗਣ ਦਾ ਮੰਡੀ 'ਚ 12 ਰੁਪਏ ਅਤੇ ਲਿਸਟ 'ਚ 30, ਸ਼ਿਮਲਾ ਮਿਰਚ ਦਾ ਮੰਡੀ 'ਚ 9 ਅਤੇ ਲਿਸਟ 'ਚ 30 ਰੁਪਏ, ਟਮਾਟਰ ਦਾ ਮੰਡੀ 'ਚ 15 ਅਤੇ ਲਿਸਟ 'ਚ 40, ਅਦਰਕ ਦਾ ਮੰਡੀ 'ਚ 80 ਅਤੇ ਲਿਸਟ 'ਚ 120 ਰੁਪਏ, ਮੂਲੀ ਦਾ ਮੰਡੀ 'ਚ 10 ਅਤੇ ਲਿਸਟ 'ਚ 20, ਘੀਆ ਅਤੇ ਕੱਦੂ ਦਾ ਮੰਡੀ 'ਚ 3 ਤੋਂ 5 ਅਤੇ ਲਿਸਟ 'ਚ 20 ਰੁਪਏ, ਧਨੀਆ ਦਾ ਮੰਡੀ 'ਚ 50 ਅਤੇ ਲਿਸਟ 'ਚ 100 ਰੁਪਏ, ਨਿੰਬੂ ਦਾ ਮੰਡੀ 'ਚ 60 ਰੁਪਏ ਅਤੇ ਲਿਸਟ 'ਚ 100 ਰੁਪਏ, ਬੰਦ ਗੋਭੀ ਦਾ ਮੰਡੀ 'ਚ 5 ਅਤੇ ਲਿਸਟ 'ਚ 20 ਰੁਪਏ ਜਦਕਿ ਥੋਕ 'ਚ 9 ਤੋਂ 10 ਰੁਪਏ ਮੰਡੀ 'ਚ ਵਿਕੇ ਤਰਬੂਜ਼ ਦਾ ਭਾਅ ਮਾਰਕੀਟ ਕਮੇਟੀ ਵੱਲੋਂ ਵੇਚਣ ਲਈ ਤਿਆਰ ਕੀਤੀ ਗਈ ਲਿਸਟ 'ਚ 3 ਗੁਣਾ ਜ਼ਿਆਦਾ ਰੇਟ 'ਤੇ ਵੇਚਣ ਲਈ 30 ਰੁਪਏ ਭਾਅ ਨਿਸ਼ਚਿਤ ਕੀਤਾ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਲੋਕ ਕਰਫ਼ਿਊ ਦੇ ਚੱਲਦਿਆਂ ਆਰਥਿਕ ਤੰਗੀ 'ਚੋਂ ਗੁਜ਼ਰ ਰਹੇ ਹਨ ਉੱਥੇ ਹੀ ਪ੍ਰਸ਼ਾਸ਼ਨ ਦੀ ਅਣਦੇਖੀ ਦੇ ਚੱਲਦਿਆਂ ਅੰਨ੍ਹੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਨੇ ਕਿਹਾ ਕਿ ਵਾਧੂ ਰੇਟ ਤੈਅ ਕਰ ਕੇ ਬਣਾਈ ਗਈ ਰੇਟ ਲਿਸਟ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕੁਝ ਆੜਤੀਆਂ ਨਾਲ ਕਥਿਤ ਮਿਲੀਭੁਗਤ ਦਾ ਨਤੀਜਾ ਹੈ। ਇਸਦਾ ਭਾਵੇਂ ਮਿਹਨਤਕਸ਼ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੈ। ਪਰ ਕੁਝ ਆੜਤੀਆਂ ਨੂੰ ਜ਼ਰੂਰ ਲਾਭ ਹਾਸਿਲ ਹੋ ਰਿਹਾ ਹੈ। ਸ਼ਹਿਰਵਾਸੀਆਂ ਨੇ ਮੰਗ ਕੀਤੀ ਕਿ ਇਸਦੀ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਕੀ ਕਹਿਣੇ ਹੈ ਮਾਰਕੀਟ ਕਮੇਟੀ ਦੇ ਇੰਸਪੈਕਟਰ ਦਾ : ਇਸ ਸਬੰਧੀ ਮਾਰਕੀਟ ਕਮੇਟੀ ਵੱਲੋਂ ਸਥਾਨਕ ਮੰਡੀ 'ਚ ਤਾਇਨਾਤ ਕੀਤੇ ਗਏ ਇੰਸਪੈਕਟਰ ਅਰਜੁਨ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਉਹ ਖੁੱਦ ਰੇਟ ਲਿਸਟ ਤਿਆਰ ਕਰਦੇ ਹਨ ਪਰ ਅੱਜ ਕਿਸੇ ਜ਼ਰੂਰੀ ਕੰਮ 'ਤੇ ਜਾਣ ਕਾਰਣ ਉਕਤ ਰੇਟ ਲਿਸਟ ਕਿਸੇ ਹੋਰ ਨੇ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ 'ਚ ਆੜਤੀਆਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਥੋਕ ਦੇ ਭਾਅ ਅਨੁਸਾਰ ਰੇਟ ਤੈਅ ਕਰਨ ਸਬੰਧੀ ਧਿਆਨ ਰੱਖਣਗੇ ਤਾਂ ਜੋ ਲੋਕਾਂ 'ਤੇ ਵਾਧੂ ਆਰਥਿਕ ਬੋਝ ਨਾ ਪਵੇ।
ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇਗੀ : ਡੀ.ਸੀ.
ਇਸ ਸਬੰਧ ੀ ਸੰਪਰਕ ਕਰਨ 'ਤੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਕਿਹਾ ਕਿ ਖਪਤਕਾਰਾਂ ਦੀ ਲੁੱਟ ਕਿਸੇ ਵੀ ਸੂਰਤ 'ਚ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਗਲਤ ਹੈ। ਇਸ ਲਈ ਉਹ ਸਮੁੱਚੇ ਮਾਮਲੇ ਦੀ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਉਣਗੇ।


Bharat Thapa

Content Editor

Related News