ਭਵਾਨੀਗੜ੍ਹ: ਸਬਜ਼ੀ ਵਿਕਰੇਤਾਵਾਂ ਨੇ ਨੈਸ਼ਨਲ ਹਾਈਵੇਅ ’ਤੇ ਖਿਲਾਰੀਆਂ ਸਬਜ਼ੀਆਂ, ਕੀਤਾ ਹੜ੍ਹਤਾਲ ਦਾ ਐਲਾਨ
Wednesday, May 12, 2021 - 10:49 AM (IST)
ਭਵਾਨੀਗੜ੍ਹ (ਕਾਂਸਲ, ਵਿਕਾਸ): ਸਥਾਨਕ ਸ਼ਹਿਰ ਵਿਖੇ ਅੱਜ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਸ਼ਹਿਰ ਦੇ ਸਾਰੇ ਸਬਜ਼ੀ ਵਿਕਰੇਤਾਵਾਂ ਨੇ ਸਬਜ਼ੀਆਂ ਦੇ ਭਰੇ ਟੈਂਪੂ ਬਲਿਆਲ ਰੋਡ ਨਜ਼ਦੀਕ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇਅ ’ਤੇ ਲਿਆ ਕੇ ਸਾਰੀਆਂ ਸਬਜ਼ੀਆਂ ਹਾਈਵੇਅ ਦੇ ਵਿਚਕਾਰ ਖਿਲਾਰ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਰੂਪਨਗਰ ’ਚ ਇਨਸਾਨੀਅਤ ਸ਼ਰਮਸਾਰ, ਗਰਭਵਤੀ ਮਹਿਲਾ ਨੂੰ ਕੰਧ ਟਪਾਉਣ ਸਮੇਂ ਮੌਕੇ ’ਤੇ ਡਿੱਗੇ ਨਵਜਾਤ ਬੱਚੇ ਦੀ ਮੌਤ
ਇਸ ਮੌਕੇ ਸਬਜ਼ੀ ਵਿਕਰੇਤਾਵਾਂ ਨੇ ਦੋਸ਼ ਲਗਾਇਆ ਕਿ ਬੀਤੇ ਦਿਨੀਂ ਸਥਾਨਕ ਪੁਲਸ ਦੇ ਕਰਮਚਾਰੀਆਂ ਵੱਲੋਂ ਸ਼ਹਿਰ ’ਚ ਸਬਜ਼ੀ ਵਿਕਰੇਤਾਵਾਂ ਨਾਲ ਬਹੁਤ ਜ਼ਿਆਦਾ ਦੁਰਵਿਵਾਹਰ ਕੀਤਾ ਗਿਆ ਅਤੇ ਇੱਥੇ ਸਬਜ਼ੀ ਦੀਆਂ ਰੇਹੜੀਆਂ ਵਾਲੇ ਨੌਜਵਾਨਾਂ ਅਤੇ ਬਜ਼ੁਰਗਾਂ ਦੀ ਕੁੱਟਮਾਰ ਕੀਤੀ ਗਈ। ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਬਜੀ ਵਕਰੇਤਵਾਂ ਨੂੰ ਸਬਜੀ ਵੇਚਣ ਲਈ ਤਾਂ ਮਾਤਰ ਕੁਝ ਘੰਟੇ ਦਾ ਸਮਾਂ ਦਿੱਤਾ ਗਿਆ ਹੈ ਜਦੋਂ ਸ਼ਹਿਰਾਂ ਅਤੇ ਪਿੰਡਾਂ ’ਚ ਸ਼ਰਾਬ ਦੇ ਠੇਕੇ ਪੂਰਾ ਦਿਨ ਖੁੱਲੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਵੇਰੇ 5 ਵਜੇ ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਸਬਜ਼ੀਆਂ ਵੇਚਣ ਦਾ ਸਮਾਂ ਬਹੁਤ ਜ਼ਿਆਦਾ ਘੱਟ ਹੈ। ਜਦੋਂ ਕਿ ਗ੍ਰਾਹਕ ਸਬਜ਼ੀ ਦੀ ਖਰੀਦ ਲਈ 9 ਵਜੇ ਤੋਂ ਬਾਅਦ ਹੀ ਘਰਾਂ ਤੋਂ ਬਾਹਰ ਆਉਂਦੇ ਹਨ ਅਤੇ ਸਬਜ਼ੀ ਦੀ ਰੇਹੜੀ ਅਤੇ ਦੁਕਾਨ ਲਗਾਉਣ ਵਾਲੇ ਵਿਅਕਤੀ ਵੀ ਸਵੇਰੇ 9 ਵਜੇ ਤੱਕ ਸਬਜੀ ਮੰਡੀ ’ਚੋਂ ਸਬਜ਼ੀ ਖਰੀਦ ਕਰਕੇ ਫਿਰ ਆਪਣੀਆਂ ਰੇਹੜੀਆਂ ਤਿਆਰ ਕਰਕੇ ਬਾਜ਼ਾਰ ’ਚ ਵੇਚਣ ਲਈ ਆਉਂਦੇ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀਆਂ ਹੈਰਾਨੀਜਨਕ ਨੀਤੀਆਂ, ਕੋਈ ਵੈਕਸੀਨ ਨੂੰ ਤਰਸ ਰਿਹੈ ਤੇ ਕੋਈ ਲਗਵਾਉਣ ਲਈ ਤਿਆਰ ਨਹੀਂ
ਉਨ੍ਹਾਂ ਕਿਹਾ ਕਿ ਸਰਕਾਰ ਦੀ ਗਲਤ ਸਮਾਂ ਸਾਰਨੀ ਨਾਲ ਉਨ੍ਹਾਂ ਦੀ ਸਬਜ਼ੀ ਖ਼ਰਾਬ ਹੋਣ ਕਰਨ ਸਬਜੀਆਂ ਸੁੱਟੀਆਂ ਪੈਦੀਆਂ ਹਨ ਜਿਸ ਨਾਲ ਜਿਥੇ ਉਨ੍ਹਾਂ ਦਾ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਹੋ ਰਿਹਾ ਹੈ, ਉਥੇ ਨਾਲ ਹੀ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਡੰਡੇ ਦੇ ਜੋਰ ਨਾਲ ਉਨ੍ਹਾਂ ਦੇ ਕਾਰੋਬਾਰ ਬੰਦ ਕਰਵਾ ਕੇ ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬਜ਼ੀ ਅਤੇ ਫਰੂਟ ਵਿਕਰੇਤਾਵਾਂ ਨੂੰ ਵੀ ਪੂਰਾ ਦਿਨ ਦੁਕਾਨਾਂ ਅਤੇ ਰੇਹੜੀਆਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਦੁਰਵਿਵਹਾਰ ਕਰਨ ਵਾਲੇ ਪੁਲਸ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸਬਜ਼ੀ ਵਿਕਰੇਤਾਵਾਂ ਵੱਲੋਂ ਆਪਣੀਆਂ ਸਬਜ਼ੀਆਂ ਨੈਸ਼ਨਲ ਹਾਈਵੇ ਵਿਚਕਾਰ ਸੁੱਟੇ ਜਾਣ ਅਤੇ ਹਾਈਵੇਅ ਵਿਚਕਾਰ ਬੈਠ ਕੇ ਰੋਸ ਧਰਨਾ ਦਿੱਤੇ ਜਾਣ ਕਾਰਨ ਹਾਈਵੇਅ ਅਤੇ ਸਰਵਿਸ ਰੋਡਾਂ ਉਪਰ ਦੋਵੇ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਣ ਕਾਰਨ ਟ੍ਰੈਫਿਕ ਦੀ ਸਮੱਸਿਆ ਵੀ ਗੰਭੀਰ ਬਣ ਗਈ।
ਇਹ ਵੀ ਪੜ੍ਹੋ: ਮਾਨਸਾ ’ਚ ਵੱਡੀ ਵਾਰਦਾਤ, ਪ੍ਰੇਮ ਵਿਆਹ ਦੀ ਜ਼ਿੱਦ ’ਤੇ ਅੜੀ ਧੀ ਦਾ ਪਿਓ ਵਲੋਂ ਕਤਲ
ਇਸ ਮੌਕੇ ਪਹੁੰਚੇ ਥਾਣਾ ਮੁਖੀ ਗੁਰਦੀਪ ਸਿੰਘ ਨੇ ਸਬਜ਼ੀ ਵਿਕਰੇਤਾਵਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਐਸ.ਡੀ.ਐਮ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਇਹ ਜਾਮ ਖੁਲਵਾਇਆ ਅਤੇ ਦੁਰਵਿਵਹਾਰ ਕਰਨ ਵਾਲੇ ਪੁਲਸ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਨਾਲ ਹੀ ਥਾਣਾ ਮੁਖੀ ਨੇ ਕਿਹਾ ਕਿ ਸਮਾਂ ਨਿਧਾਰਿਤ ਕਰਨਾ ਸਿਵਲ ਪ੍ਰਸ਼ਾਸਨ ਦਾ ਕੰਮ ਹੈ ਅਤੇ ਪੁਲਸ ਦਾ ਕੰਮ ਕਾਨੂੰਨ ਨੂੰ ਲਾਗੂ ਕਰਵਾਉਣਾ ਹੈ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜੋ ਵੀ ਹਿਦਾਇਤ ਦਿੱਤੀ ਜਾਵੇਗੀ ਪੁਲਸ ਉਸੇ ਤਰ੍ਹਾਂ ਹੀ ਆਪਣੀ ਡਿਊਟੀ ਨਿਭਾਏਗੀ। ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਪੁਲਸ ਦਾ ਭੀੜ ਨੂੰ ਰੋਕਣਾ ਅਤੇ ਕਾਨੂੰਨ ਨੂੰ ਬਣਾਏ ਰੱਖਣਾ ਪਹਿਲਾ ਫਰਜ਼ ਹੈ।
ਇਹ ਵੀ ਪੜ੍ਹੋ: ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?