ਟਰਾਂਸਪੋਰਟਰਾਂ ਤੋਂ 20-25 ਲੱਖ ਰੁਪਏ ਮਹੀਨਾਵਰ ਰਿਸ਼ਵਤ ਲੈਣ ਦੇ ਦੋਸ਼ ''ਚ ਟਰਾਂਸਪੋਰਟ ਅਧਿਕਾਰੀ ਦਾ ਗੰਨਮੈਨ ਕਾਬੂ

Saturday, Jan 04, 2025 - 09:48 PM (IST)

ਟਰਾਂਸਪੋਰਟਰਾਂ ਤੋਂ 20-25 ਲੱਖ ਰੁਪਏ ਮਹੀਨਾਵਰ ਰਿਸ਼ਵਤ ਲੈਣ ਦੇ ਦੋਸ਼ ''ਚ ਟਰਾਂਸਪੋਰਟ ਅਧਿਕਾਰੀ ਦਾ ਗੰਨਮੈਨ ਕਾਬੂ

ਜੈਤੋ/ਚੰਡੀਗੜ੍ਹ/ਜਲੰਧਰ (ਪਰਾਸ਼ਰ, ਅੰਕੁਰ, ਧਵਨ)- ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਰੀਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਬਠਿੰਡਾ ਨਾਲ ਗੰਨਮੈਨ ਵਜੋਂ ਤਾਇਨਾਤ ਸਿਪਾਹੀ ਸੁਖਪ੍ਰੀਤ ਸਿੰਘ ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਟਰਾਂਸਪੋਰਟਰਾਂ ਤੋਂ ਕਰੀਬ 20-25 ਲੱਖ ਰੁਪਏ ਦੀ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਮੋਹਾਲੀ ਅਦਾਲਤ ਨੇ ਉਸ ਨੂੰ ਹੋਰ ਪੁੱਛਗਿੱਛ ਲਈ ਚਾਰ ਦਿਨ ਦੇ ਪੁਲਸ ਰਿਮਾਂਡ ’ਤੇ ਵਿਜੀਲੈਂਸ ਬਿਊਰੋ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਕਸਬੇ ਨੇੜਲੇ ਪਿੰਡ ਲਹਿਰਾ ਧੂਰਕੋਟ ਦੇ ਟਰਾਂਸਪੋਰਟਰ ਧਰਮ ਸਿੰਘ ਵੱਲੋਂ ਕੀਤੀ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਹਾਇਕ ਟਰਾਂਸਪੋਰਟ ਅਫ਼ਸਰ (ਏ.ਟੀ.ਓ.) ਵੱਲੋਂ ਉਸ ਦੇ ਟਰੱਕਾਂ ਤੇ ਟਿੱਪਰਾਂ ਦੇ ਚਲਾਨ ਕੀਤੇ ਜਾ ਰਹੇ ਸਨ। ਸਿਪਾਹੀ ਸੁਖਪ੍ਰੀਤ ਸਿੰਘ ਤੇ ਕਸਬਾ ਮੌੜ ਜ਼ਿਲ੍ਹਾ ਬਠਿੰਡਾ ਦਾ ਵਾਸੀ ਜੱਗੀ ਸਿੰਘ ਉਸ ਤੋਂ ਅੰਕਿਤ ਕੁਮਾਰ, ਸਹਾਇਕ ਟਰਾਂਸਪੋਰਟ ਅਫਸਰ (ਏ.ਟੀ.ਓ.) ਬਠਿੰਡਾ ਅਤੇ ਹੋਰਾਂ ਦੇ ਨਾਂ ’ਤੇ ਉਸ (ਸ਼ਿਕਾਇਤਕਰਤਾ) ਦੇ ਢੋਆ-ਢੁਆਈ ਵਾਲੇ ਟਰੱਕ/ਟਿੱਪਰਾਂ ਨੂੰ ਜੁਰਮਾਨੇ ਤੋਂ ਬਚਾਉਣ ਬਦਲੇ ਪ੍ਰਤੀ ਟਰੱਕ 1800 ਰੁਪਏ ਪ੍ਰਤੀ ਮਹੀਨਾ ‘ਸੁਰੱਖਿਆ ਰਾਸ਼ੀ’ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ- ਰਾਤ ਦੇ ਹਨੇਰੇ 'ਚ ਚੱਲ ਰਿਹਾ ਸੀ ਇਹ ਨਾਜਾਇਜ਼ ਕੰਮ, ਪੁਲਸ ਨੇ ਮੌਕੇ ਤੋਂ 4 ਨੂੰ ਚੁੱਕਿਆ

 

ਉਕਤ ਏ.ਟੀ.ਓ. ਨੇ ਸ਼ਿਕਾਇਤਕਰਤਾ ਦੇ ਖੜ੍ਹੇ ਟਰੱਕਾਂ ਦੇ ਚਲਾਨ ਕੀਤੇ ਸਨ ਤੇ ਦਬਾਅ ਹੇਠ ਉਸ ਨੇ ਉਕਤ ਏ.ਟੀ.ਓ. ਦੇ ਗੰਨਮੈਨ ਗੁਰਾਂਜੀਤ ਸਿੰਘ ਵੱਲੋਂ ਦਿੱਤੇ ਮੋਬਾਈਲ ਨੰਬਰ ’ਤੇ ਗੂਗਲ ਪੇਅ ਰਾਹੀਂ 15,000 ਰੁਪਏ ਅਦਾ ਕੀਤੇ ਸਨ। ਸ਼ਿਕਾਇਤਕਰਤਾ ਨੇ ਮੁਲਜ਼ਮਾਂ ਨਾਲ ਕੀਤੀ ਗੱਲਬਾਤ ਰਿਕਾਰਡ ਕਰ ਲਈ ਸੀ, ਜੋ ਕਿ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ। ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਦੋਸ਼ਾਂ ਦੇ ਸਹੀ ਹੋਣ ਦੀ ਤਸਦੀਕ ਕੀਤੀ ਗਈ ਕਿਉਂਕਿ ਦੋਸ਼ੀ ਮੁਲਾਜ਼ਮ ਸ਼ਿਕਾਇਤਕਰਤਾ ਦੇ ਟਰਾਂਸਪੋਰਟ ਵਾਹਨਾਂ ਨੂੰ ਬਿਨਾਂ ਰੋਕ-ਟੋਕ ਦੇ ਚੱਲਣ ਦੇਣ ਬਦਲੇ ਰਿਸ਼ਵਤ ਦੀ ਮੰਗ ਕਰਦਾ ਪਾਇਆ ਗਿਆ। ਸ਼ਿਕਾਇਤਕਰਤਾ ਦੇ ਬਿਆਨਾਂ ਤੇ ਆਡੀਓ ਸਬੂਤਾਂ ਦੇ ਆਧਾਰ ’ਤੇ ਸਿਪਾਹੀ ਸੁਖਪ੍ਰੀਤ ਸਿੰਘ ਤੇ ਜੱਗੀ ਸਿੰਘ ਖਿਲਾਫ ਵਿਜੀਲੈਂਸ ਬਿਊਰੋ ਪੁਲਿਸ ਥਾਣਾ, ਫਲਾਇੰਗ ਸਕੁਐਡ-1, ਪੰਜਾਬ, ਮੋਹਾਲੀ ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਹੀ 'ਗ਼ਾਇਬ' ਹੋ ਗਿਆ ਮੁੰਡਾ, ਹੱਥ 'ਚ ਫੋਟੋ ਫੜ ਰੋਂਦੀ ਮਾਂ ਦਾ ਨਹੀਂ ਦੇਖ ਹੁੰਦਾ ਹਾਲ

ਫਲਾਇੰਗ ਸਕੁਐਡ ਦੀ ਟੀਮ ਵੱਲੋਂ ਪੁੱਛਗਿੱਛ ’ਤੇ ਸਿਪਾਹੀ ਸੁਖਪ੍ਰੀਤ ਸਿੰਘ ਨੇ ਟਰਾਂਸਪੋਰਟਰਾਂ ਤੋਂ ਰਿਸ਼ਵਤ ਮੰਗਣ ਤੇ ਲੈਣ ਦੀ ਗੱਲ ਕਬੂਲ ਲਈ ਹੈ। ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ ਇਨ੍ਹਾਂ ਵਿਅਕਤੀਆਂ ਤੇ ਸਾਥੀਆਂ ਵੱਲੋਂ ਟਰਾਂਸਪੋਰਟਰਾਂ ਤੋਂ ਲਗਭਗ 20-25 ਲੱਖ ਰੁਪਏ ਮਹੀਨਾਵਾਰ ਵਸੂਲੇ ਜਾ ਰਹੇ ਸਨ। ਪੁੱਛਗਿੱਛ ਦੌਰਾਨ ਸਿਪਾਹੀ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਰਿਸ਼ਵਤ ਲੈਣ ਲਈ ਜੱਗੀ ਸਿੰਘ ਤੇ ਕੁਝ ਛੋਟੇ ਟਰਾਂਸਪੋਰਟਰਾਂ ਸਮੇਤ ਆਮ ਵਿਅਕਤੀਆਂ ਦੀ ਮਦਦ ਲਈ ਜਾਂਦੀ ਸੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਏ.ਟੀ.ਓ. ਅੰਕਿਤ ਕੁਮਾਰ ਦਾ ਇਕ ਹੋਰ ਗੰਨਮੈਨ ਸਿਪਾਹੀ ਗੁਰਾਂਜੀਤ ਸਿੰਘ ਟਰਾਂਸਪੋਰਟਰਾਂ ਤੋਂ 8-10 ਲੱਖ ਰੁਪਏ ਮਹੀਨਾ ਵਸੂਲਦਾ ਸੀ, ਜਦ ਕਿ ਬਾਕੀ ਟਰਾਂਸਪੋਰਟਰਾਂ ਤੋਂ ਉਹ ਖੁਦ 7-8 ਲੱਖ ਰੁਪਏ ਵਸੂਲਦਾ।

ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਹੋਇਆ ਰਿਸ਼ਤਿਆਂ ਦਾ ਘਾਣ ; ਪਤਨੀ ਨਾਲ ਮਿਲ ਕੇ ਮੁੰਡੇ ਨੇ ਆਪਣੇ ਮਾਂ-ਪਿਓ ਨੂੰ ਹੀ...

ਬੁਲਾਰੇ ਨੇ ਕਿਹਾ ਕਿ ਏ.ਟੀ.ਓ. ਬਠਿੰਡਾ, ਉਸ ਦੇ ਗੰਨਮੈਨ ਗੁਰਾਂਜੀਤ ਸਿੰਘ ਤੇ ਹੋਰ ਵਿਅਕਤੀਆਂ ਦੀ ਭੂਮਿਕਾ ਜਾਂਚ ਅਧੀਨ ਹੈ ਤੇ ਜਾਂਚ ’ਚ ਸ਼ਾਮਲ ਤਫਤੀਸ਼ ਹੋਣ ਲਈ ਬੁਲਾਇਆ ਗਿਆ ਹੈ। ਇਸ ਜਾਂਚ ਦੇ ਅੱਗੇ ਵਧਣ ਨਾਲ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News