ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ ਹਜ਼ਾਰ ਰੁਪਏ ਫ਼ੀਸ

Saturday, Oct 17, 2026 - 11:42 AM (IST)

ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ ਹਜ਼ਾਰ ਰੁਪਏ ਫ਼ੀਸ

ਜਲੰਧਰ (ਵਰੁਣ)–ਜਲੰਧਰ ਸ਼ਹਿਰ ਦੇ ਚੌਕਾਂ ਤੋਂ ਅਸੀਂ ਅਕਸਰ ਨਿਕਲਦੇ ਹਾਂ। ਚੌਕਾਂ ’ਤੇ ਪੈਸੇ ਮੰਗਣ ਵਾਲਿਆਂ ਦੀ ਹਾਲਤ ਵੇਖ ਤਰਸ ਖਾ ਕੇ ਉਨ੍ਹਾਂ ਨੂੰ 10 ਜਾਂ 20 ਰੁਪਏ ਦੇ ਦਿੰਦੇ ਹਾਂ ਤਾਂ ਕਿ ਉਹ ਆਪਣਾ ਢਿੱਡ ਭਰ ਸਕਣ ਪਰ ਇਨ੍ਹਾਂ ਪੈਸੇ ਮੰਗਣ ਵਾਲਿਆਂ ਦੇ ਪਿੱਛੇ ਇਕ ਵੱਡਾ ਨੈੱਟਵਰਕ ਕੰਮ ਕਰ ਰਿਹਾ ਹੈ, ਜੋ ਇਨ੍ਹਾਂ ਲੋਕਾਂ ਦੇ ਚੌਕ ਚੁਣਦਾ ਹੈ ਅਤੇ ਫਿਰ ਉਨ੍ਹਾਂ ਚੌਕਾਂ ’ਤੇ ਭੀਖ ਮੰਗਣ ਤੋਂ ਪਹਿਲਾਂ ਐਡਵਾਂਸ ਵਿਚ ਇਕ ਹਜ਼ਾਰ ਰੁਪਏ ਲੈਂਦਾ ਹੈ। ਇਨ੍ਹਾਂ ਭਿਖਾਰੀਆਂ ਵਿਚ ਭੇਸ ਬਦਲ ਕੇ ਪੈਸੇ ਮੰਗਣ ਵਾਲੇ ਵੀ ਸ਼ਾਮਲ ਹਨ।

ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ। ਇਸ ਨੌਜਵਾਨ ਨੇ ਕਪੂਰਥਲਾ ਚੌਕ ਵਿਚ ਭੇਸ ਬਦਲ ਕੇ ਲੋਕਾਂ ਤੋਂ ਪੈਸੇ ਮੰਗਣ ਵਾਲੇ ਵਿਅਕਤੀ ਨਾਲ ਗੱਲ ਕੀਤੀ ਅਤੇ ਸਾਰੀ ਗੱਲ ਵੀਡੀਓ ਵਿਚ ਰਿਕਾਰਡ ਕਰ ਲਈ। ਭੇਸ ਬਦਲ ਕੇ ਪੈਸੇ ਮੰਗਣ ਵਾਲੇ ਵਿਅਕਤੀ ਦੇ ਨਾਲ ਵ੍ਹੀਲਚੇਅਰ ’ਤੇ ਵੀ ਇਕ ਵਿਅਕਤੀ ਬੈਠਾ ਸੀ। ਵੀਡੀਓ ਬਣਾਉਣ ਵਾਲੇ ਨਾਲ ਗੱਲਾਂ ਕਰਦੇ-ਕਰਦੇ ਔਰਤਾਂ ਦੇ ਕੱਪੜੇ ਪਹਿਨੇ ਵਿਅਕਤੀ ਨੇ ਕਿਹਾ ਕਿ ਉਹ 4 ਲੋਕ ਚੌਕ (ਕਪੂਰਥਲਾ ਚੌਕ) ’ਤੇ ਹਨ। 2 ਇਕ ਸਾਈਡ ਖੜ੍ਹੇ ਰਹਿੰਦੇ ਹਨ ਤਾਂ ਅਸੀਂ 2 ਦੂਜੀ ਸਾਈਡ। ਚਾਰਾਂ ਨੂੰ ਪੈਸੇ ਮੰਗਣ ਲਈ ਹਰ ਰੋਜ਼ ਇਕ-ਇਕ ਹਜ਼ਾਰ ਰੁਪਿਆ ਦੇਣਾ ਪੈਂਦਾ ਹੈ।

ਇਹ ਵੀ ਪੜ੍ਹੋ: 24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ

ਇੰਨਾ ਹੀ ਨਹੀਂ ਉਕਤ ਵਿਅਕਤੀ ਪਹਿਲਾਂ ਕਈ ਦੂਜੇ ਚੌਕਾਂ ਵਿਚ ਵੀ ਪੈਸੇ ਮੰਗਦਾ ਵੇਖਿਆ ਗਿਆ, ਜਿਸ ਤੋਂ ਇਹ ਵੀ ਸਾਫ਼ ਹੈ ਕਿ ਇਨ੍ਹਾਂ ਤੋਂ ਫ਼ੀਸ ਲੈਣ ਵਾਲਾ ਹੀ ਉਕਤ ਸਾਰੇ ਲੋਕਾਂ ਦੇ ਮੰਗਣ ਦੇ ਪੁਆਇੰਟਸ ਤੈਅ ਕਰਦਾ ਹੈ। ਪੈਸੇ ਮੰਗਣ ਵਾਲੇ ਨੇ ਇਹ ਵੀ ਦੱਸਿਆ ਕਿ ਪਹਿਲਾਂ ਉਨ੍ਹਾਂ ਤੋਂ 500 ਰੁਪਿਆ ਪ੍ਰਤੀ ਦਿਨ ਲਿਆ ਜਾਂਦਾ ਸੀ ਪਰ ਹੁਣ ਫ਼ੀਸ 1000 ਰੁਪਏ ਕਰ ਦਿੱਤੀ ਗਈ ਹੈ। ਯਾਨੀ ਜੇਕਰ ਚੌਕ ਵਿਚ 4 ਲੋਕ ਪੈਸੇ ਮੰਗ ਰਹੇ ਹਨ ਤਾਂ ਉਨ੍ਹਾਂ ਨੂੰ ਇਕ ਚੌਕ ਦੇ ਚਾਰ ਹਜ਼ਾਰ ਰੁਪਏ ਦੇਣੇ ਹੀ ਪੈਣਗੇ। ਇਹ ਵੀ ਸਾਫ਼ ਨਹੀਂ ਹੈ ਕਿ ਉਨ੍ਹਾਂ ਤੋਂ ਮਜਬੂਰੀ ਵਿਚ ਭੀਖ ਮੰਗਵਾਈ ਜਾਂਦੀ ਹੈ ਜਾਂ ਫਿਰ ਉਹ ਪੇਸ਼ੇਵਰ ਲੋਕ ਹਨ। ਪੈਸੇ ਮੰਗਣ ਵਾਲੇ ਵਿਅਕਤੀ ਨੇ ਇਹ ਵੀ ਕਬੂਲਿਆ ਕਿ ਪੂਰੇ ਸ਼ਹਿਰ ਨੂੰ ਵੰਡਿਆ ਗਿਆ ਹੈ। ਹਰ ਚੌਕ ਦੇ ਪੈਸੇ ਵੱਖ-ਵੱਖ ਲੋਕਾਂ ਨੂੰ ਜਾਂਦੇ ਹਨ। ਹੁਣ ਇਹ ਲੋਕ ਕੌਣ ਹਨ ਅਤੇ ਉਨ੍ਹਾਂ ਪੈਸੇ ਵਸੂਲਣ ਲਈ ਕਿਹੜੇ ਲੋਕਾਂ ਨੂੰ ਅੱਗੇ ਕੀਤਾ ਹੋਇਆ ਹੈ, ਇਸ ਦਾ ਕੁਝ ਠੋਸ ਸਬੂਤ ਨਹੀਂ ਹੈ ਪਰ ਇਸ ਧੰਦੇ ਕਾਰਨ ਸ਼ਹਿਰ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ’ਤੇ ਚਿੰਤਾ ਦੇ ਬੱਦਲ ਤਾਂ ਹਨ। ਇਸ ਦੇ ਨਾਲ-ਨਾਲ ਨਾਜਾਇਜ਼ ਵਸੂਲੀ ਦਾ ਗੈਰ-ਕਾਨੂੰਨੀ ਧੰਦਾ ਵੀ ਸ਼ਰੇਆਮ ਚਲਾਇਆ ਜਾ ਰਿਹਾ ਹੈ।

ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਨੇ ਜਲੰਧਰ ਵਿਚ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ ਦੇ ਚੌਕਾਂ, ਧਾਰਮਿਕ ਸਥਾਨਾਂ ਅਤੇ ਸ਼ਾਪਿੰਗ ਮਾਲਜ਼ ਦੇ ਬਾਹਰੋਂ ਭਿਖਾਰੀਆਂ ਨੂੰ ਹਟਾਉਣ ਦਾ ਬਿਹਤਰ ਯਤਨ ਕੀਤਾ ਸੀ, ਜਿਸ ਨੂੰ ਲੋਕਾਂ ਨੇ ਪਸੰਦ ਵੀ ਕੀਤਾ ਪਰ ਉਹ ਵਿਚ ਹੀ ਛੱਡ ਦਿੱਤਾ ਗਿਆ, ਜਿਸ ਕਾਰਨ ਹੁਣ ਹਾਲਾਤ ਇਹ ਹਨ ਕਿ ਹਰ ਚੌਕ ਵਿਚ 3 ਤੋਂ 4 ਭਿਖਾਰੀ ਮਿਲਣਾ ਆਮ ਹੈ ਅਤੇ ਪ੍ਰਤੀ ਚੌਕ 3 ਤੋਂ 4 ਹਜ਼ਾਰ ਰੁਪਏ ਹਰ ਰੋਜ਼ ਨਾਜਾਇਜ਼ ਵਸੂਲੀ ਵੀ ਹੋ ਰਹੀ ਹੈ।

ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ

ਪਛਾਣ-ਪੱਤਰ ਵੀ ਖੋਹੇ?
ਸੂਤਰਾਂ ਦਾ ਦਾਅਵਾ ਹੈ ਕਿ ਚੌਕਾਂ ਵਿਚ ਪੈਸੇ ਮੰਗਣ ਵਾਲਿਆਂ ਕੋਲ ਪਛਾਣ-ਪੱਤਰ ਵੀ ਨਹੀਂ ਹਨ। ਉਹ ਪਛਾਣ-ਪੱਤਰ ਉਨ੍ਹਾਂ ਤੋਂ ਪੈਸੇ ਵਸੂਲਣ ਵਾਲਿਆਂ ਨੇ ਆਪਣੇ ਕੋਲ ਰੱਖੇ ਹੋਏ ਹਨ। ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਜਿਹਾ ਵੀ ਹੋ ਸਕਦਾ ਹੈ ਕਿ ਉਕਤ ਲੋਕਾਂ ਕੋਲ ਪਛਾਣ-ਪੱਤਰ ਹੋਣ ਹੀ ਨਾ। ਇਹ ਵੀ ਦੱਸਣਯੋਗ ਹੈ ਕਿ ਹੁਣ ਚੌਕਾਂ ਵਿਚ ਕਾਰਾਂ ਦੇ ਸ਼ੀਸ਼ੇ ਸਾਫ਼ ਕਰਕੇ ਪੈਸੇ ਮੰਗਣ ਵਾਲੇ ਵੀ ਨਵੇਂ ਚਿਹਰੇ ਦਿਖਾਈ ਦੇਣੇ ਸ਼ੁਰੂ ਹੋ ਗਏ ਹਨ। ਅਜਿਹੇ ਵਿਚ ਪੁਲਸ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਅਤੇ ਨਾਜਾਇਜ਼ ਵਸੂਲੀ ਦੇ ਧੰਦੇ ’ਤੇ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਉਕਤ ਲੋਕਾਂ ਦੀ ਪਛਾਣ ਵੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਅਨਾਜ ਮੰਡੀ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News