ਵਰਨਿਕਾ ਕੇਸ ''ਚ ਲੜਕੀਆਂ ਦੀ ਆਜ਼ਾਦੀ ''ਤੇ ਸਵਾਲ ਉਠਾਉਣ ਵਾਲਿਆਂ ਖਿਲਾਫ ਨੌਜਵਾਨਾਂ ਨੇ ਸਾਂਝੇ ਕੀਤੇ ਆਪਣੇ ਵਿਚਾਰ

Monday, Aug 14, 2017 - 09:34 PM (IST)

ਵਰਨਿਕਾ ਕੇਸ ''ਚ ਲੜਕੀਆਂ ਦੀ ਆਜ਼ਾਦੀ ''ਤੇ ਸਵਾਲ ਉਠਾਉਣ ਵਾਲਿਆਂ ਖਿਲਾਫ ਨੌਜਵਾਨਾਂ ਨੇ ਸਾਂਝੇ ਕੀਤੇ ਆਪਣੇ ਵਿਚਾਰ

ਚੰਡੀਗੜ੍ਹ (ਨੇਹਾ)-ਵਰਨਿਕਾ ਕੇਸ ਦੇ ਤੂਲ ਫੜਨ ਤੋਂ ਬਾਅਦ ਇਸ ਮਾਮਲੇ 'ਚ ਕਈ ਆਗੂ ਤੇ ਲੋਕ ਲੜਕੀਆਂ ਦੀ ਆਜ਼ਾਦੀ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਇਨ੍ਹਾਂ ਬਿਆਨਾਂ ਨੂੰ ਲੈ ਕੇ ਨੌਜਵਾਨਾਂ 'ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਕਈ ਨੌਜਵਾਨਾਂ ਨੇ ਇਸ ਮੁੱਦੇ 'ਤੇ ਆਪਣੀ ਗੱਲ ਰੱਖੀ ਤੇ ਅਜਿਹੇ ਮਾਮਲੇ 'ਤੇ ਸਖਤ ਨਿੰਦਾ ਵੀ ਕੀਤੀ।

ਪੂਰੇ ਦੇਸ਼ 'ਚ ਔਰਤਾਂ ਦੇ ਹੱਕ 'ਚ ਆਵਾਜ਼ ਹੁੰਦੀ ਹੈ ਬੁਲੰਦ : ਐਮੀ ਸਿੰਘ
ਬੇਖੌਫ ਆਜ਼ਾਦੀ ਮਾਰਚ ਲੜਕੀਆਂ ਦੀ ਆਜ਼ਾਦੀ 'ਤੇ ਅਕਸਰ ਬੇਤੁਕੇ ਸਵਾਲ ਆਗੂਆਂ ਵਲੋਂ ਚੁੱਕੇ ਜਾ ਰਹੇ ਹਨ। ਉਸ ਤੋਂ ਬਾਅਦ ਪਾਰਟੀ ਦੇ ਆਗੂ ਮੋਮਬੱਤੀਆਂ ਲੈ ਕੇ ਸੜਕ 'ਤੇ ਪਹੁੰਚ ਜਾਂਦੇ ਹਨ। ਇਸ ਟਰੈਂਡ ਨੂੰ ਬਦਲਿਆ ਹੈ ਚੰਡੀਗੜ੍ਹ ਦੀਆਂ ਲੜਕੀਆਂ ਨੇ ਅੱਧੀ ਰਾਤ ਨੂੰ ਬੇਖੌਫ ਆਜ਼ਾਦੀ ਮਾਰਚ ਨਾਲ। ਮਾਰਚ ਦਾ ਆਈਡੀਆ ਸ਼ਾਇਰਾ ਐਮੀ ਸਿੰਘ ਦਾ ਸੀ ਤੇ ਉਨ੍ਹਾਂ ਅਨੁਸਾਰ ਜਦੋਂ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਪੂਰੇ ਦੇਸ਼ 'ਚ ਔਰਤਾਂ ਦੇ ਹੱਕ 'ਚ ਆਵਾਜ਼ ਬੁਲੰਦ ਹੁੰਦੀ ਹੈ। ਜਦੋਂ ਕੋਈ ਲੜਕੀ ਅਜਿਹੇ ਅਮੀਰਜ਼ਾਦੇ ਖਿਲਾਫ ਆਵਾਜ਼ ਚੁੱਕਦੀ ਹੈ ਤਾਂ ਉਸਨੂੰ ਚਰਿੱਤਰਹੀਣ ਸਾਬਿਤ ਕਰਨ ਦੀ ਕੋਸ਼ਿਸ਼ ਸ਼ੁਰੂ ਹੋ ਜਾਂਦੀ ਹੈ ਪਰ ਹੁਣ ਇਸ ਤਰ੍ਹਾਂ ਨਹੀਂ, ਹੁਣ ਲੜਕੀਆਂ ਆਪਣੀ ਗੱਲ ਸਾਹਮਣੇ ਰੱਖਦੀਆਂ ਹਨ।

ਸੁਣਿਆ ਸੀ ਚੰਡੀਗੜ੍ਹ ਸੁਰੱਖਿਅਤ ਹੈ ਪਰ ਅੱਜ ਤਕ ਇਕ ਦਿਨ ਵੀ ਮਹਿਸੂਸ ਨਹੀਂ ਹੋਇਆ : ਆਰ. ਜੇ. ਦੀਕਸ਼ਾ 
ਰਾਤ ਇਕ ਵਜੇ ਤਕ ਅੱਧੀ ਰਾਤ ਮਸਾਲਾ ਨਾਂ ਦਾ ਸ਼ੋਅ ਚਲਾਉਣ ਵਾਲੀ ਆਰ. ਜੇ. ਦੀਕਸ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਆਇਆਂ ਜ਼ਿਆਦਾ ਸਮਾਂ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਉਹ ਦਿੱਲੀ 'ਚ ਸੀ। ਜਦੋਂ ਚੰਡੀਗੜ੍ਹ ਅੱਧੀ ਰਾਤ ਸ਼ੋਅ ਮਿਲਿਆ ਤਾਂ ਉਹ ਡਰ ਗਈ ਸੀ ਪਰ ਸਾਰਿਆਂ ਨੇ ਕਿਹਾ ਕਿ ਚੰਡੀਗੜ੍ਹ ਕਾਫੀ ਸੁਰੱਖਿਅਤ ਹੈ। ਬਦਕਿਸਮਤੀ ਨਾਲ ਅੱਜ ਤਕ ਮੈਨੂੰ ਇਕ ਦਿਨ ਵੀ ਅਜਿਹਾ ਮਹਿਸੂਸ ਨਹੀਂ ਹੋਇਆ।

ਰਾਤ 12 ਵਜੇ ਉਹ ਸ਼ਰੀਫਜ਼ਾਦਾ ਸੜਕ 'ਤੇ ਕੀ ਕਰ ਰਿਹਾ ਸੀ : ਰੀਤੂ ਜਸਵਾਲ 
ਲੜਕੇ ਨੇ ਲੜਕੀ ਦਾ ਪਿੱਛਾ ਕੀਤਾ ਇਹ ਸੁਣ ਕੇ ਮੈਨੂੰ ਗੁੱਸਾ ਆਇਆ ਸੀ ਪਰ ਜਦੋਂ ਪਤਾ ਚੱਲਿਆ ਕਿ ਸਾਡੇ ਮਹਾਨ ਆਗੂਆਂ ਨੇ ਪੁੱਛਿਆ ਹੈ ਕਿ ਲੜਕੀ ਰਾਤ 12 ਵਜੇ ਸੜਕ 'ਤੇ ਕੀ ਕਰ ਰਹੀ ਸੀ ਤਾਂ ਗੁੱਸਾ ਆ ਗਿਆ, ਕੋਈ ਉਸ ਸ਼ਰੀਫਜ਼ਾਦੇ ਤੋਂ ਕਿਉਂ ਨਹੀਂ ਪੁੱਛਦਾ ਕਿ ਉਹ ਰਾਤ 12 ਵਜੇ ਸੜਕ 'ਤੇ ਕੀ ਕਰ ਰਿਹਾ ਸੀ।

ਕਦੇ ਸ਼ਾਰਟਸ ਨਹੀਂ ਪਹਿਨੀ ਪਰ ਫਿਰ ਵੀ ਘੂਰਦੇ ਹਨ ਲੜਕੇ : ਕਮਲਪ੍ਰੀਤ ਕੌਰ 
ਮੈਂ 11ਵੀਂ ਕਲਾਸ ਤੋਂ ਬਾਅਦ ਕਦੇ ਜੀਨ-ਟਾਪ ਨਹੀਂ ਪਾਇਆ, ਸ਼ਾਰਟਸ ਤਾਂ ਦੂਰ ਦੀ ਗੱਲ ਹੈ। ਖੁਦ ਨੂੰ ਐਨਾ ਸੰਭਾਲਣ ਤੋਂ ਬਾਅਦ ਵੀ ਲੜਕੇ ਘੂਰਦੇ ਹਨ, ਜੋ ਸਾਨੂੰ ਚੰਗਾ ਨਹੀਂ ਲਗਦਾ। ਇਹ ਇਕ ਲੜਕੀ ਲਈ ਵੱਡੀ ਪ੍ਰੇਸ਼ਾਨੀ ਹੈ। ਲੜਕੀਆਂ ਦੀ ਆਜ਼ਾਦੀ 'ਤੇ ਸਵਾਲ ਚੁੱਕਣ ਵਾਲੇ ਅਜਿਹੇ ਲੋਕਾਂ ਖਿਲਾਫ ਸਖਤ ਕਦਮ ਚੁੱਕਣੇ ਹੋਣਗੇ।

ਆਗੂ ਲਿਖ ਕੇ ਦੇਣ ਕਿ ਸੂਟ ਪਾਉਣ ਤੋਂ ਬਾਅਦ ਕਦੇ ਕੋਈ ਘਟਨਾ ਨਹੀਂ ਹੋਵੇਗੀ : ਦੀਪਿਕਾ ਬਟਨੌਤਾ 
ਜਿਨ੍ਹਾਂ ਨੂੰ ਲਗਦਾ ਹੈ ਕਿ ਗਲਤੀ ਲੜਕੀਆਂ ਦੇ ਕੱਪੜਿਆਂ ਦੀ ਹੈ, ਉਹ ਆਗੂ ਲਿਖ ਕੇ ਦੇਣ ਕਿ ਸੂਟ ਪਾਉਣ ਤੋਂ ਬਾਅਦ ਲੜਕੀਆਂ ਨਾਲ ਕਦੇ ਕੋਈ ਘਟਨਾ ਨਹੀਂ ਹੋਵੇਗੀ ਤੇ ਹੋਈ ਤਾਂ ਮੁਲਜ਼ਮਾਂ ਨੂੰ ਫਾਂਸੀ ਹੋਵੇਗੀ।

ਇਸ ਤਰ੍ਹਾਂ ਤਾਂ ਰਾਤ ਦੀ ਡਿਊਟੀ ਕਰਨ ਵਾਲੀਆਂ ਸਾਰੀਆਂ ਲੜਕੀਆਂ ਚਰਿੱਤਰਹੀਣ : ਪਲਵ ਸ਼ੁਕਲਾ 
ਤੁਸੀਂ ਆਪਣੀ ਲੜਕੀ ਨੂੰ ਸਿਰਫ ਇਸ ਲਈ ਚਰਿੱਤਰਹੀਣ ਮੰਨਦੇ ਹੋ ਕਿ ਉਹ ਰਾਤ 9 ਵਜੇ ਤੋਂ ਬਾਅਦ ਘਰੋਂ ਬਾਹਰ ਸੀ ਤਾਂ ਇਸ ਲਿਹਾਜ਼ ਨਾਲ ਤਾਂ ਰਾਤ ਦੀ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀ, ਡਾਕਟਰ, ਮਾਡਲ, ਡੀ. ਜੇ. ਆਦਿ ਵਾਲੀਆਂ ਸਾਰੀਆਂ ਔਰਤਾਂ ਚਰਿੱਤਰਹੀਣ ਹੋਈਆਂ। ਲੜਕੀਆਂ ਲਈ ਅਜਿਹੀ ਸੋਚ ਰੱਖਣਾ ਗਲਤ ਹੈ।

ਚਰਿੱਤਰ ਦਾ ਪਾਠ ਪੜ੍ਹਾਉਣ ਵਾਲੇ ਆਪਣੇ ਬੇਟਿਆਂ ਨੂੰ ਤਮੀਜ਼ ਸਿਖਾਉਣਾ ਭੁੱਲ ਜਾਂਦੇ ਹਨ : ਆਸ਼ੂਤੋਸ਼ 
ਬਚਪਨ ਤੋਂ ਦੇਖਿਆ ਹੈ ਕਿ ਲੜਕੀਆਂ ਨੂੰ ਮਰਿਆਦਾ ਦਾ ਪਾਠ ਪੜ੍ਹਾਇਆ ਜਾਂਦਾ ਹੈ। ਕਾਸ਼! ਉਸ ਪਾਠ 'ਚੋਂ ਇਕ ਫੀਸਦੀ ਵੀ ਲੜਕਿਆਂ ਨੂੰ ਤਮੀਜ਼ ਸਿਖਾਈ ਜਾਵੇ।

ਕਾਨੂੰਨ ਦਾ ਡਰ ਹੋਣਾ ਵੀ ਜ਼ਰੂਰੀ : ਸ਼ੇਰ ਸਿੰਘ 
ਸਾਰੇ ਕਹਿੰਦੇ ਹਨ ਕਿ ਲੜਕਿਆਂ ਨੂੰ ਤਮੀਜ਼ ਘਰ 'ਚ ਸਿੱਖਣੀ ਚਾਹੀਦੀ ਹੈ, ਸਾਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੇਟੀਆਂ ਸਬੰਧੀ ਸੋਚ ਨਹੀਂ ਬਦਲ ਸਕੀ ਤਾਂ ਔਰਤਾਂ ਨੂੰ ਇੱਜ਼ਤ ਕਿਵੇਂ ਮਿਲਣ ਲੱਗੇਗੀ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਹਰ ਇਨਸਾਨ ਦੇ ਮਨ 'ਚ ਕਾਨੂੰਨ ਪ੍ਰਤੀ ਸਨਮਾਨ ਤੇ ਡਰ ਹੋਣਾ ਚਾਹੀਦਾ ਹੈ।


Related News