''ਵੰਦੇ ਭਾਰਤ ਐਕਸਪ੍ਰੈੱਸ'' ਬਣੀ ਦੇਸ਼ ਦੀ ਸਭ ਤੋਂ ਮਹਿੰਗੀ ਟਰੇਨ

10/10/2019 1:44:50 PM

ਲੁਧਿਆਣਾ (ਗੌਤਮ) : ਨਵੀਂ ਦਿੱਲੀ-ਕਟੜਾ ਰੂਟ 'ਤੇ ਚੱਲਣ ਵਾਲੀ ਦੇਸ਼ ਦੀ ਦੂਜੀ ਸੈਮੀ ਹਾਈ ਸਪੀਡ ਟਰੇਨ 'ਵੰਦੇ ਭਾਰਤ ਐਕਸਪ੍ਰੈੱਸ' ਇਸ ਰੂਟ 'ਤੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਤੋਂ ਸਭ ਤੋਂ ਜ਼ਿਆਦਾ ਮਹਿੰਗੀ ਸਾਬਤ ਹੋ ਰਹੀ ਹੈ। ਰੇਲ ਵਿਭਾਗ ਵਲੋਂ ਇਸ ਟਰੇਨ 'ਚ ਸਫਰ ਕਰਨ ਵਾਲੇ ਸੀਨੀਅਰ ਸਿਟੀਜ਼ਨ ਅਤੇ ਬੱਚਿਆਂ ਨੂੰ ਵੀ ਕੋਈ ਰਿਆਇਤ ਨਹੀਂ ਦਿੱਤੀ ਹੈ, ਜਦੋਂ ਕਿ ਹੋਰਨਾ ਸ਼ਤਾਬਦੀ, ਰਾਜਧਾਨੀ ਐਕਸਪ੍ਰੈੱਸ 'ਚ ਸੀਨੀਅਰ ਸਿਟੀਜ਼ਨ ਅਤੇ ਬੱਚਿਆਂ ਨੂੰ ਰਿਆਇਤ ਦਿੱਤੀ ਜਾਂਦੀ ਹੈ।

ਇਸ ਰੂਟ 'ਤੇ ਚੱਲਣ ਵਾਲੀਆਂ ਟਰੇਨਾਂ 'ਚ ਇੱਕੋ-ਇਕ ਇਹੀ ਟਰੇਨ ਹੈ, ਜਿਸ 'ਚ ਸਾਰਿਆਂ ਲਈ ਬਰਾਬਰ ਟਿਕਟ ਰੱਖੀ ਗਈ ਹੈ। ਸੀਨੀਅਰ ਸਿਟੀਜ਼ਨ ਅਤੇ ਬੱਚਿਆਂ ਨੂੰ ਰਿਆਇਤ ਨਾ ਦੇਣ 'ਤੇ ਕਈ ਲੋਕਾਂ ਨੇ ਰੇਲ ਵਿਭਾਗ ਦੇ ਇਸ ਫੈਸਲੇ 'ਤੇ ਫੇਸਬੁੱਕ 'ਤੇ ਕੁਮੈਂਟ ਪਾ ਕੇ ਆਪਣਾ ਰੋਸ ਜਤਾਇਆ। ਸਤਿੰਦਰਪਾਲ ਸਿੰਘ ਨੇ ਸਰਕਾਰ ਦੇ ਇਸ ਕਦਮ ਨੂੰ ਤਾਨਾਸ਼ਾਹੀ ਦੱਸਿਆ। ਬਾਂਕਾ ਬੈਂਸ ਨੇ ਲਿਖਿਆ ਕਿ ਸਰਕਾਰ ਵਲੋਂ ਇਹ ਟਰੇਨ ਇਕ ਟ੍ਰੇਲਰ ਹੈ, ਅਜੇ ਫਿਲਮ ਬਾਕੀ ਹੈ।

ਰੇਲਵੇ ਨਾਲ ਜੁੜੇ ਸੂਤਰਾਂ ਮੁਤਾਬਕ ਫੈਸਟੀਵਲ ਸੀਜ਼ਨ ਤੋਂ ਬਾਅਦ ਹੀ ਇਸ ਟਰੇਨ ਦੇ ਟ੍ਰੈਫਿਕ ਬਾਰੇ ਪਤਾ ਲੱਗ ਸਕੇਗਾ ਕਿਉਂਕਿ ਲੁਧਿਆਣਾ ਤੋਂ ਸ਼ਤਾਬਦੀ ਦਾ ਸਮਾਂ ਇਸ ਤੋਂ ਪਹਿਲਾਂ ਅਤੇ ਟਿਕਟ ਵੀ ਸਸਤੀ ਹੈ। ਦੂਜਾ ਕਟੜਾ ਅਤੇ ਜੰਮੂ ਤੋਂ ਵੀ ਵਾਪਸੀ 'ਤੇ ਟ੍ਰੈਫਿਕ ਘੱਟ ਹੋਣ ਦੀ ਸੰਭਾਵਨਾ ਰਹਿੰਦੀ ਹੈ।
 


Babita

Content Editor

Related News