ਵਿਵਾਦਾਂ ''ਚ ਵਲਟੋਹਾ ਪੁਲਸ, ਹਿਰਾਸਤ ''ਚ ਰੱਖੇ ਵਿਅਕਤੀ ਦੀ ਮੌਤ
Saturday, Oct 24, 2020 - 05:16 PM (IST)
ਵਲਟੋਹਾ (ਗੁਰਮੀਤ) : ਥਾਣਾ ਵਲਟੋਹਾ ਦੀ ਪੁਲਸ ਹਿਰਾਸਤ 'ਚ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਹੋਣ ਕਰਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਲੈਣ ਲਈ ਪੁਲਸ ਚੌਂਕੀ ਅਲਗੋਂ ਕੋਠੀ ਅੱਗੇ ਧਰਨਾ ਸ਼ੁਰੂ ਕਰਦਿਆਂ ਉੱਚ ਅਧਿਕਾਰੀਆਂ ਤੋਂ ਗੁਹਾਰ ਲਗਾਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੀ ਇਕ ਔਰਤ ਨੇ ਗੋਰਾ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਨਿੱਕੀ ਅਲਗੋਂ ਖ਼ਿਲਾਫ਼ ਪੰਜਾਬ ਪੁਲਸ ਦੀ ਹੈਲਪ ਲਾਈਨ ਨੰਬਰ 112 'ਤੇ ਸ਼ਿਤਾਇਤ ਕੀਤੀ ਸੀ ਕਿ ਗੋਰਾ ਸਿੰਘ ਨੇ ਉਸ ਨਾਲ ਛੇੜਛਾੜ ਕੀਤੀ ਹੈ। ਜਿਸ ਤੋਂ ਬਾਅਦ ਪੁਲਸ ਚੌਂਕੀ ਅਲਗੋਂ ਕੋਠੀ ਦੀ ਪੁਲਸ ਨੇ ਉਕਤ ਨੌਜਵਾਨ ਗੋਰਾ ਸਿੰਘ ਨੂੰ ਫੜ੍ਹ ਕੇ ਆਪਣੇ ਨਾਲ ਲੈ ਗਈ ਅਤੇ ਦੋ ਦਿਨ ਆਪਣੀ ਹਿਰਾਸਤ 'ਚ ਰੱਖਿਆ, ਜਿਸ ਤੋਂ ਬਾਅਦ ਪੁਲਸ ਚੌਂਕੀ ਅਲਗੋਂ ਦੇ ਮੁਲਾਜ਼ਮਾਂ ਨੇ ਉਸ ਨੂੰ ਵਲਟੋਹਾ ਥਾਣਾ ਵਿਖੇ ਭੇਜ ਦਿੱਤਾ ਅਤੇ ਵਲਟੋਹਾ ਥਾਣਾ ਦੀ ਪੁਲਸ ਨੇ ਨੌਜਵਾਨ ਨੂੰ ਕਰੀਬ 5 ਦਿਨ ਹਿਰਾਸਤ 'ਚ ਰੱਖਿਆ।
ਇਹ ਵੀ ਪੜ੍ਹੋ : ਪੰਜਾਬ 'ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਲਟੋਹਾ ਪੁਲਸ ਨੇ ਗੋਰਾ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਦੋਂ ਨੋਜਵਾਨ ਦੀ ਪੁਲਸ ਵਲੋਂ ਕੀਤੀ ਕੁੱਟਮਾਰ ਕਾਰਨ ਹਾਲਤ ਖ਼ਰਾਬ ਹੋ ਗਈ ਤਾਂ ਵਲਟੋਹਾ ਪੁਲਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਕਿ ਤੁਸੀਂ ਆਪਣੇ ਲੜਕੇ ਨੂੰ ਲੈ ਜਾਵੋ, ਉਸ ਦੀ ਹਾਲਤ ਠੀਕ ਨਹੀਂ ਹੈ। ਜਿਸ ਤੋਂ ਬਾਅਦ ਗੋਰਾ ਸਿੰਘ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਕਤ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਲੈਣ ਲਈ ਚੌਂਕੀ ਅਲਗੋਂ ਕੋਠੀ ਭਾਰੀ ਇਕੱਠ ਨਾਲ ਧਰਨਾ ਲਗਾਇਆ ਅਤੇ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ : ਸੈਂਕੜੇ ਆਗੂ ਪਾਰਟੀ ਛੱਡ ਕੇ ਸੁਖਬੀਰ ਦੀ ਹਾਜ਼ਰੀ 'ਚ ਪਾਰਟੀ 'ਚ ਹੋਏ ਸ਼ਾਮਲ
ਕੀ ਕਹਿਣਾ ਹੈ ਵਲਟੋਹਾ ਦੇ ਐੱਸ. ਐੱਚ. ਓ. ਦਾ
ਉਧਰ ਦੂਜੇ ਪਾਸੇ ਥਾਣਾ ਵਲਟੋਹਾ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਂਕੀ ਅਲਗੋਂ ਕੋਠੀ ਵਿਖੇ 19 ਅਕਤੂਬਰ ਨੂੰ ਉਕਤ ਨੌਜਵਾਨ ਖ਼ਿਲਾਫ਼ ਔਰਤ ਨਾਲ ਛੇੜਛਾੜ ਕਰਨ ਸਬੰਧੀ ਦਰਖ਼ਾਸਤ ਆਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਗੋਰਾ ਸਿੰਘ ਨੂੰ ਪੁਲਸ ਚੌਂਕੀ ਅਲਗੋਂ ਕੋਠੀ ਵਿਖੇ ਬੁਲਾਇਆ ਗਿਆ ਸੀ, ਜਿਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਇਸੇ ਸਬੰਧ 'ਚ ਨੌਜਵਾਨ ਨੂੰ ਦੁਬਾਰਾ ਬੁਲਾਇਆ ਸੀ, ਜਿੱਥੇ ਉਕਤ ਨੌਜਵਾਨ ਗੋਰਾ ਸਿੰਘ ਦੀ ਹਾਲਤ ਖ਼ਰਾਬ ਹੋ ਗਈ। ਜਿਸ ਨੂੰ ਅਲਗੋਂ ਕੋਠੀ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਤਰਨਤਾਰਨ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਹੋ ਜਾਣ ਤੋਂ ਬਾਅਦ ਗੋਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਅਧੀਨ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਖੇਤੀ ਕਾਨੂੰਨ ''ਤੇ ਨੱਢਾ ਦੇ ਬਿਆਨ ਤੋਂ ਬਾਅਦ ਸੁਖਪਾਲ ਖਹਿਰਾ ਦਾ ਠੋਕਵਾਂ ਜਵਾਬ