ਰਾਮੂਵਾਲ ਵਿਖੇ ਕੁਝ ਵਿਅਕਤੀਆਂ ਨੇ ਗਰੀਬ ਕਿਸਾਨ ਦੇ ਘਰ ''ਚ ਦਾਖਲ ਹੋ ਕੇ ਕੀਤੀ ਕੁੱਟਮਾਰ

12/29/2019 2:07:16 PM

ਵਲਟੋਹਾ (ਬਲਜੀਤ) : ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਰਾਮੂਵਾਲ ਵਿਖੇ ਇਕ ਗਰੀਬ ਕਿਸਾਨ ਦੇ ਘਰ 'ਚ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਦਾਖਲ ਹੋ ਕੇ ਉਨ੍ਹਾਂ ਦੀ ਕੁੱਟ-ਮਾਰ ਕੀਤੀ ਗਈ ਅਤੇ ਘਰ 'ਚ ਪਿਆ ਸਾਮਾਨ ਸਾੜ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਸਰਦੂਲ ਸਿੰਘ ਪੁੱਤਰ ਧਾਰਾ ਸਿੰਘ ਅਤੇ ਉਸ ਦੀ ਨੂੰਹ ਪ੍ਰੀਤ ਕੌਰ ਪਤਨੀ ਗੁਰਭੇਜ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਉਨ੍ਹਾਂ ਦੀ ਕੁੱਟ-ਮਾਰ ਕੀਤੀ ਅਤੇ ਘਰ 'ਚ ਪਿਆ ਟੀ. ਵੀ., ਕੱਪੜੇ , ਰਜਾਈਆਂ ਅਤੇ ਹੋਰ ਵੀ ਸਾਮਾਨ ਵਿਹੜੇ 'ਚ ਰੱਖ ਕੇ ਅੱਗ ਲਾ ਦਿੱਤੀ ਅਤੇ ਅਸੀਂ ਕਿਸੇ ਤਰੀਕੇ ਨਾਲ ਭੱਜ ਕੇ ਆਪਣੀ ਜਾਨ ਬਚਾਈ।

ਪੀੜਤ ਕਿਸਾਨ ਨੇ ਦੱਸਿਆ ਕਿ ਰੰਜਿਸ਼ ਵਜ੍ਹਾ ਇਹ ਹੈ ਕਿ ਸੰਨ 2014 'ਚ ਅਕਾਲੀ ਸਰਕਾਰ ਵੇਲੇ ਇਨ੍ਹਾਂ ਵਿਅਕਤੀਆਂ ਨੇ ਆਪਣੀ ਸਿਆਸੀ ਪਹੁੰਚ ਦੇ ਜ਼ੋਰ 'ਤੇ ਮੇਰੇ ਛੋਟੇ ਲੜਕੇ ਕੁਲਦੀਪ ਸਿੰਘ 'ਤੇ ਨਸ਼ੇ ਵਾਲੀਆਂ ਗੋਲੀਆਂ ਦਾ ਕੇਸ ਪਾ ਕੇ ਉਸ ਦਾ ਪਰਚਾ ਕਰਵਾ ਦਿੱਤਾ ਸੀ ਅਤੇ ਉਸ ਨੂੰ ਹੁਣ ਆਣ ਕੇ ਕੋਰਟ ਵਲੋਂ ਸਜ਼ਾ ਕਰ ਦਿੱਤੀ ਗਈ ਹੈ, ਜਿਸ ਕਰਕੇ ਮੇਰੇ ਵੱਡੇ ਲੜਕੇ ਗੁਰਭੇਜ ਸਿੰਘ ਨੇ ਰਸਤੇ 'ਚ ਆਉਂਦੇ ਉਕਤ ਵਿਅਕਤੀਆਂ ਨੂੰ ਸਿਰਫ ਇਹੀ ਕਿਹਾ ਕਿ ਤੁਹਾਨੂੰ ਕੀ ਮਿਲਿਆ ਮੇਰੇ ਛੋਟੇ ਭਰਾ ਦੀ ਜ਼ਿੰਦਗੀ ਬਰਬਾਦ ਕਰਕੇ ਉਸ ਦੀ ਸਾਰੀ ਉਮਰ ਹੁਣ ਜੇਲ 'ਚ ਲੰਘ ਜਾਵੇਗੀ। ਇਸੇ ਰੰਜਿਸ਼ ਨੂੰ ਲੈ ਕੇ ਉਕਤ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਘਰ ਆ ਗਏ ਅਤੇ ਮੇਰੀ ਨੂੰਹ ਅਤੇ ਮੇਰੀ ਕੁੱਟ-ਮਾਰ ਕਰਨ ਲੱਗੇ ਜਦਕਿ ਗੁਰਭੇਜ ਸਿੰਘ ਆਪਣੀ ਜਾਨ ਬਚਾ ਕੇ ਲੋਕਾਂ ਦੇ ਘਰਾਂ 'ਚ ਦੀ ਹੋ ਕੇ ਮੌਕੇ ਤੋਂ ਭੱਜ ਗਿਆ। ਪੀੜਤ ਕਿਸਾਨ ਸਰਦੂਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਸਾਡੀ ਕੁੱਟ-ਮਾਰ ਕਰਕੇ ਸਾਡੇ ਘਰ ਦੇ 'ਚ ਪਏ ਸਾਮਾਨ ਨੂੰ ਅੱਗ ਲਾ ਕੇ ਅਤੇ ਸਾਡੇ 'ਤੇ ਹੀ ਉਲਟਾ ਲਿਖਤੀ ਦਰਖਾਸਤ ਥਾਣੇ ਦੇ ਆਏ ਹਨ, ਜਿਸ ਕਰਕੇ ਸਾਨੂੰ ਪੁਲਸ ਵੀ ਨਾਜਾਇਜ਼ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੀੜਤ ਕਿਸਾਨ ਸਰਦੂਲ ਸਿੰਘ ਨੇ ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਸਾਹਿਬ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।

ਜਦ ਇਸ ਸਬੰਧੀ ਥਾਣਾ ਖੇਮਕਰਨ ਦੇ ਐੱਸ. ਐੱਚ. ਓ. ਤਰਸੇਮ ਮਸੀਹ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਇਕ ਦੂਜੇ 'ਤੇ ਇਲਜ਼ਾਮਬਾਜ਼ੀ ਕਰ ਰਹੀਆਂ ਹਨ, ਜਿਸ ਕਰਕੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਹੈ। ਅਗਰ ਜੇ ਇਨ੍ਹਾਂ ਦਾ ਕੋਈ ਫੈਸਲਾ ਨਹੀਂ ਹੁੰਦਾ ਤਾਂ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।
 


Baljeet Kaur

Content Editor

Related News