ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ 50 ਦੇ ਕਰੀਬ ਵਿਅਕਤੀਆਂ ਨੇ ਨੌਜਵਾਨ ''ਤੇ ਕੀਤਾ ਹਮਲਾ
Saturday, Sep 12, 2020 - 04:13 PM (IST)
ਵਲਟੋਹਾ (ਬਲਜੀਤ ਸਿੰਘ) : ਕਸਬਾ ਘਰਿਆਲਾ ਵਿਖੇ 40-50 ਦੇ ਕਰੀਬ ਵਿਅਕਤੀਆਂ ਵਲੋਂ ਇਕ ਘਰ 'ਚ ਦਾਖ਼ਲ ਹੋ ਕੇ ਬੁਰੀ ਤਰ੍ਹਾਂ ਭੰਨ-ਤੋੜ ਕਰਨ ਅਤੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਲਵਪ੍ਰੀਤ ਸਿੰਘ ਲਵ ਨੇ ਦੱਸਿਆ ਕਿ ਉਹ ਫੁੱਟਬਾਲ ਖੇਡ ਕੇ ਆਪਣੇ ਘਰ ਵਾਪਸ ਆ ਰਹੇ ਸਨ। ਇਸੇ ਦੌਰਾਨ ਪਿੰਡ ਘਰਿਆਲਾ ਸਟੇਸ਼ਨ ਚੌਕ 'ਚ ਪਹਿਲਾਂ ਤੋਂ ਹੀ ਮੌਜੂਦ ਜੋਗਾ ਸਿੰਘ ਅਤੇ ਉਸ ਦੇ ਨਾਲ 40-50 ਦੇ ਕਰੀਬ ਵਿਅਕਤੀ ਦਾਤਰ ਕਿਰਪਾਨਾਂ ਲੈ ਕੇ ਖੜ੍ਹੇ ਸਨ ਅਤੇ ਮੈਨੂੰ ਵੇਖ ਕੇ ਲਲਕਾਰਾ ਮਾਰ ਕੇ ਮੇਰੇ ਗਲ ਪੈ ਗਏ ਅਤੇ ਮੈਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਤੋਂ ਬਾਅਦ ਮੈਂ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਉਂਦੇ ਹੋਏ ਆਪਣੇ ਘਰ 'ਚ ਦਾਖ਼ਲ ਹੋ ਗਿਆ। ਪਰ ਉਕਤ ਵਿਅਕਤੀਆਂ ਮੇਰਾ ਪਿੱਛਾ ਕਰਦੇ ਹੋਏ ਸਾਡੇ ਘਰ ਆ ਗਏ ਤੇ ਮੈਂ ਆਪਣੇ ਘਰ ਦੀ ਕੰਧ ਟੱਪ ਕੇ ਘਰ ਭੱਜ ਗਿਆ।
ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿਉਂ ਹੋ ਰਹੀਆਂ ਨੇ ਪੰਜਾਬ 'ਚ ਜ਼ਿਆਦਾ ਮੌਤਾਂ (ਵੀਡੀਓ)
ਲਵਪ੍ਰੀਤ ਦੀ ਮਾਂ ਹਰਜਿੰਦਰ ਕੌਰ ਪਤਨੀ ਅਮਰੀਕ ਸਿੰਘ ਨੇ ਦੱਸਿਆ ਕਿ ਘਰ ਦੇ ਬਾਹਰ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਸੀ ਜਦ ਮੈਂ ਬੂਹਾ ਖੋਲ੍ਹਿਆ ਤਾਂ ਵੇਖਿਆ ਕਿ ਮੇਰਾ ਪੁੱਤ ਲਵਲੀ ਬੜਾ ਗੰਭੀਰ ਜ਼ਖਮੀ ਸੀ, ਜਿਸ ਨੂੰ ਮੈਂ ਅੰਦਰ ਵਾੜ ਕੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਪਰ ਉਹ ਉਕਤ ਵਿਅਕਤੀ ਨੇ ਘਰ ਦੇ ਦਰਵਾਜ਼ੇ 'ਤੇ ਦਾਤਰ ਕਿਰਪਾਨਾਂ ਆਦਿ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਮੈਂ ਲਵਲੀ ਨੂੰ ਘਰ ਦੇ ਪਿਛਲੇ ਘਰੋਂ ਭਜਾ ਦਿੱਤਾ ਤਾਂ ਉਕਤ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਬੜੀ ਬੁਰੀ ਤਰ੍ਹਾਂ ਨਾਲ ਘਰ ਦੀ ਭੰਨ-ਤੋੜ ਕੀਤੀ ਅਤੇ ਸਾਡੀ ਵੀ ਕੁੱਟਮਾਰ ਕੀਤੀ, ਜਿਸ ਦੀ ਸਾਰੀ ਵੀਡੀਓ ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸ. ਐੱਸ. ਪੀ. ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਸਤਿਕਾਰ ਕਮੇਟੀਆਂ 'ਤੇ ਭੜਕੇ ਲੌਂਗੋਵਾਲ, ਕਿਹਾ- 'ਇਹ ਦੱਸੋ ਪਾਵਨ ਸਰੂਪਾਂ ਕਿੱਥੇ ਨੇ'
ਉਧਰ ਜਦ ਦੂਜੀ ਧਿਰ ਦੇ ਆਗੂ ਜੋਗਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਲਵਲੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕੀਤਾ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਸਾਡੇ 'ਤੇ ਗਲਤ ਇਲਜ਼ਾਮ ਲਾ ਰਹੇ ਹਨ ਅਸੀਂ ਕਿਸੇ ਦੇ ਵੀ ਘਰ ਵਿੱਚ ਦਾਖ਼ਲ ਹੋ ਕੇ ਕੋਈ ਭੰਨ-ਤੋੜ ਨਹੀਂ ਕੀਤੀ। ਇਸ ਸਬੰਧੀ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ਼ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਜੋਗਾ ਸਿੰਘ ਅਤੇ ਲਵਲੀ ਦਾ ਆਪਸ 'ਚ ਕੋਈ ਤਕਰਾਰ ਹੋਇਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦੇ ਘਰ ਦੀ ਭੰਨ-ਤੋੜ ਹੋਈ ਹੈ। ਪੁਲਸ ਵਲੋਂ ਤਫ਼ਤੀਸ਼ ਜਾਰੀ ਹੈ ਜੋ ਵੀ ਦੋਸ਼ੀ ਹੋਇਆ ਉਸ 'ਤੇ ਕਾਰਵਾਈ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਏ.ਐੱਸ.ਆਈ. ਦੀ ਕਰਤੂਤ, ਵਿਧਵਾ ਜਨਾਨੀ ਨਾਲ ਕੀਤੀ ਬਦਸਲੂਕੀ