ਵੈਲੇਨਟਾਈਨ ਡੇ ਨੂੰ ਲੈ ਕੇ ਨੌਜਵਾਨਾਂ ''ਚ ਭਾਰੀ ਉਤਸ਼ਾਹ

02/14/2018 12:49:40 AM

ਜਲਾਲਾਬਾਦ(ਗੋਇਲ)—ਇਕ ਪ੍ਰੇਮੀ ਅਤੇ ਪ੍ਰੇਮਿਕਾ ਲਈ ਵੈਲੇਨਟਾਈਨ ਵੀਕ ਕਾਫੀ ਮਹੱਤਵਪੂਰਨ ਹੁੰਦਾ ਹੈ। ਵੈਲੇਨਟਾਈਨ ਡੇ ਨੂੰ ਲੈ ਕੇ ਜਿਥੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਉਥੇ ਸਥਾਨਕ ਗਿਫਟ ਸਟੋਰ ਵਾਲਿਆਂ ਨੇ ਵੀ ਆਪਣੀ ਤਿਆਰੀ ਪੂਰੀ ਕਰ ਲਈ ਹੈ। ਬਾਜ਼ਾਰਾਂ 'ਚ ਗਿਫਟ ਹੀ ਗਿਫਟ ਸਜੇ ਪਏ ਹਨ। ਅਜਿਹੇ 'ਚ ਤੁਹਾਡੇ ਪਸੰਦ ਦੇ ਹਰ ਤਰ੍ਹਾਂ ਦੇ ਗਿਫਟ ਬਾਜ਼ਾਰ ਵਿਚ ਉਪਲੱਬਧ ਹਨ। ਗ੍ਰੀਟਿੰਗ ਕਾਰਡ, ਟੈਡੀ ਬੀਅਰ, ਗਾੱਗਲਸ, ਸ਼ੂਜ਼, ਪਰਫਿਊਸਮ ਅਤੇ ਟੀ ਸ਼ਰਟ ਸਮੇਤ ਵੱਖ-ਵੱਖ ਗਿਫਟਾਂ ਦੀ ਭਾਰੀ ਰੇਂਜ ਉਪਲੱਬਧ ਹੈ। ਇਸ ਦਿਨ ਪ੍ਰੇਮੀ-ਪ੍ਰਮਿਕਾ ਵੱਲੋਂ ਇਕ-ਦੂਜੇ ਨੂੰ ਗਿਫਟ ਦੇਣਾ ਜ਼ਰੂਰੀ ਮੰਨਿਆ ਜਾਂਦਾ ਹੈ। 
ਵੱਡੀਆਂ ਕੰਪਨੀਆਂ ਦੀ ਗੇਮ
ਕਈ ਲੋਕਾਂ ਦਾ ਮੰਨਣਾ ਹੈ ਕਿ ਵੈਲੇਨਟਾਈਨ ਵੀਕ ਦੇ ਪਿਛੇ ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਦੀ ਵੱਡੀ ਗੇਮ ਹੈ। ਵੈਲੇਨਟਾਈਨ ਵੀਕ ਦੌਰਾਨ ਮਨਾਏ ਜਾਣ ਵਾਲੇ ਵੱਖ-ਵੱਖ ਦਿਨਾਂ ਦੌਰਾਨ ਕਈ ਤਰ੍ਹਾਂ ਦੇ ਗਿਟਫ ਖਰੀਦੇ ਜਾਂਦੇ ਹਨ, ਜਿਸ ਦਾ ਸਿੱਧਾ ਫਾਇਦਾ ਇਨ੍ਹਾਂ ਕੰਪਨੀਆਂ ਨੂੰ ਹੁੰਦਾ ਹੈ।
ਰੈਸਟੋਰੈਂਟ ਮਾਲਕਾਂ ਦੀ ਚਾਂਦੀ
ਜਲਾਲਾਬਾਦ ਭਾਵੇਂ ਸਰਹੱਦੀ ਇਲਾਕਾ ਹੈ ਪਰ ਇਥੋਂ ਦੇ ਨੌਜਵਾਨਾਂ ਵਿਚ ਵੀ ਵੈਲੇਨਟਾਈਨ ਡੇ ਦਾ ਭਾਰੀ ਕ੍ਰੇਜ਼ ਹੈ। ਇਸ ਕ੍ਰੇਜ਼ ਨੂੰ ਕੈਸ਼ ਕਰਨ ਲਈ ਸਥਾਨਕ ਰੈਸਟੋਰੈਂਟ ਅਤੇ ਹੋਟਲ ਮਾਲਕਾਂ ਨੇ ਪੂਰੀ ਤਿਆਰੀ ਕਰ ਲਈ ਹੈ। ਇਕ ਹੋਟਲ ਮਾਲਕ ਨੇ ਦੱਸਿਆ ਕਿ ਵੈਲੇਨਟਾਈਨ ਡੇ 'ਤੇ ਖਾਸ ਤੌਰ 'ਤੇ ਡਿਸ਼ਾਂ ਤਿਆਰ ਕੀਤੀਆਂ ਜਾਣਗੀਆਂ।
ਭਗਤ ਸਿੰਘ ਨੂੰ ਫਾਂਸੀ ਸੁਣਾਉਣ ਦਾ ਦਿਨ
ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤ ਦੇ ਇਤਿਹਾਸ ਵਿਚ 14 ਫਰਵਰੀ ਸਿਰਫ ਵੈਲੇਨਟਾਈਨ ਡੇ ਕਾਰਨ ਹੀ ਨਹੀਂ ਸਗੋਂ ਇਸ ਦਿਨ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਿਹੇ ਕ੍ਰਾਂਤੀਕਾਰੀਆਂ ਨੂੰ ਲਾਹੌਰ ਦੀ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਅਜਿਹੇ ਵਿਚ ਸਲਾਹ ਹੈ ਕਿ ਅਸੀਂ ਵੈਲੇਨਟਾਈਨ ਡੇ ਨੂੰ ਮਨਾਈਏ ਜਾਂ ਨਾ ਮਨਾਈਏ ਪਰ ਇਨ੍ਹਾਂ ਸ਼ੂਰਵੀਰ ਕ੍ਰਾਂਤੀਕਾਰੀਆਂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ। ਜੇਕਰ ਇਹ ਦੇਸ਼ ਭਗਤ ਫਾਂਸੀ 'ਤੇ ਨਾ ਚੜ੍ਹਦੇ ਤਾਂ ਅੱਜ ਅਸੀਂ ਵੈਲੇਨਟਾਈਨ ਡੇ ਨਾ ਮਨਾ ਰਹੇ ਹੁੰਦੇ।
ਸੇਵਾ ਦਾ ਲਈਏ ਸੰਕਲਪ
ਸਮਾਜ ਸੇਵਕ ਰੰਜੀਵ ਦਹੂਜਾ ਦਾ ਕਹਿਣਾ ਹੈ ਕਿ 14 ਫਰਵਰੀ ਨੂੰ ਨੌਜਵਾਨ ਪੀੜ੍ਹੀ ਵੱਲੋਂ ਆਪਣੇ ਮਾਪਿਆਂ ਅਤੇ ਦੇਸ਼ ਦੀ ਸੇਵਾ ਕਰਨ ਦੇ ਸੰਕਲਪ ਵਜੋਂ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਿਹਨਤ ਕਰਦੇ ਹੋਏ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।


Related News