ਮਾਤਾ ਵੈਸ਼ਣੋ ਦੇਵੀ ਤੋਂ ਪਰਤੇ ਪਰਿਵਾਰ ਨਾਲ ਵਾਪਰੀ ਘਟਨਾ, ਦੱਸਿਆ ਚਮਤਕਾਰ

06/04/2019 6:57:02 PM

ਪਠਾਨਕੋਟ : 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਏ' ਕਹਾਵਤ ਤਾਂ ਤੁਸੀਂ ਅਕਸਰ ਹੀ ਸੁਣੀ ਹੋਵੇਗੀ ਪਰ ਇਹ ਕਹਾਵਤ ਇਕ ਵਾਰ ਫਿਰ ਸੱਚ ਸਾਬਤ ਹੋਈ ਹੈ। ਦਰਅਸਲ ਪਠਾਨਕੋਟ 'ਚ ਮਾਧੋਪੁਰ ਨੇੜੇ ਰਾਵੀ ਦਰਿਆ ਦੇ ਪੁਲ 'ਤੇ ਸੋਮਵਾਰ ਸਵੇਰੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਉਤਰ ਪ੍ਰਦੇਸ਼ ਦੇ ਸ਼ਰਧਾਲੂਆਂ ਦੇ ਟਰੱਕ 'ਚੋਂ ਡੇਢ ਸਾਲ ਦੀ ਬੱਚੀ ਅਰਸ਼ੀ ਪੁੱਲ 'ਤੇ ਡਿੱਗ ਗਈ। ਚੱਲਦੇ ਟਰੱਕ 'ਚੋਂ ਸੜਕ 'ਤੇ ਡਿੱਗੀ ਬੱਚੀ ਨੂੰ ਸਿਰਫ ਸਿਰ 'ਤੇ ਮਾਮੂਲੀ ਖਰੋਚ ਹੀ ਆਈ। ਪਰਿਵਾਰ ਨੂੰ ਬੱਚੀ ਦੇ ਡਿੱਗਣ ਦਾ ਪਤਾ 15 ਕਿਲੋਮੀਟਰ ਅੱਗੇ ਜਾ ਕੇ ਲੱਗਾ। ਸਸਪੈਂਸ ਇਥੇ ਹੀ ਖਤਮ ਨਹੀਂ ਹੋਇਆ। ਸੜਕ 'ਤੇ ਡਿੱਗੀ ਬੱਚੀ ਨੂੰ ਕੁਝ ਮਿੰਟਾਂ ਬਾਅਦ ਕਾਰ ਸਵਾਰ ਇਸ਼ਵਰ ਸਿੰਘ ਨੇ ਬਚਾ ਲਿਆ। ਉਹ ਸੜਕ 'ਤੇ ਰੋ ਰਹੀ ਬੱਚੀ ਨੂੰ ਚੁੱਕ ਕੇ ਪੁਲਸ ਕੋਲ ਲੈ ਗਿਆ।

ਉਤਰ ਪ੍ਰਦੇਸ਼ ਦੇ ਹਾਪੁੜ ਜ਼ਿਲੇ ਦੇ ਪਿੰਡ ਸ਼ਿਆਮਪੁਰ ਦੇ ਲੋਕ ਇਕ ਟਰੱਕ ਵਿਚ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਕੱਟੜਾ ਆਏ ਸਨ। ਦਰਸ਼ਨ ਕਰਨ ਤੋਂ ਬਾਅਦ ਸਾਰੇ ਲੋਕ ਸੋਮਵਾਰ ਤੜਕੇ ਵਾਪਸ ਚੱਲ ਪਏ। ਸਵੇਰੇ ਲਗਭਗ ਸਾਢੇ ਛੇ ਵਜੇ ਉਨ੍ਹਾਂ ਦਾ ਟਰੱਕ ਮਾਧੋਪੁਰ ਅਤੇ ਲਖਪਨੂਰ ਬੈਰੀਅਰ ਵਿਚਾਲੇ ਰਾਵੀ ਦਰਿਆ 'ਤੇ ਬਣੇ ਪੁਲ ਤੋਂ ਗੁਜ਼ਰਿਆ। ਪੁਲ 'ਤੇ ਜੰਮ ਲੱਗਦੇ ਹੀ ਟੱਰਕ ਦੇ ਉਪਰੀ ਹਿੱਸੇ 'ਤੇ ਹੋਰ ਬੱਚਿਆਂ ਨਾਲ ਸੁੱਤੀ ਡੇਢ ਸਾਲਾ ਅਰਸ਼ੀ ਹੇਠਾਂ ਡਿੱਗ ਗਈ। ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਤੋਂ ਪਰਤ ਰਹੇ ਟਰੱਕ ਸਵਾਰ ਸਾਰੇ ਲੋਕ ਥਕਾਵਟ ਕਾਰਨ ਸੁੱਤੇ ਪਏ ਸਨ। ਇਸ ਦੌਰਾਨ ਕੁਝ ਮਿੰਟ ਬਾਅਦ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰ ਪਰਤ ਰਹੇ ਹਰਿਆਣਾ ਦੇ ਇਸ਼ਵਰ ਸਿੰਘ ਕਾਰ ਲੈ ਕੇ ਪੁੱਲ 'ਤੇ ਪਹੁੰਚੇ। ਉਨ੍ਹਾਂ ਬੱਚੀ ਨੂੰ ਚੁੱਕਿਆ ਅਤੇ ਪੁਲਸ ਨਾਕੇ 'ਤੇ ਪੁਲਸ ਦੇ ਸਪੁਰਦ ਕਰ ਦਿੱਤਾ। 

ਇਸ ਦੌਰਾਨ ਬੱਚੀ ਦੇ ਪਰਿਵਾਰ ਦਾ ਟਰੱਕ ਲਗਭਗ 15 ਕਿਲੋਮੀਟਰ ਦੂਰ ਮਲਿਕਪੁਰ ਕੋਲ ਪਹੁੰਚ ਗਿਆ। ਅਰਸ਼ੀ ਦੇ ਪਿਤਾ ਅਰੁਣ ਕੁਮਾਰ ਨੇ ਦੱਖਿਆ ਕਿ ਜਿਸ ਹਿੱਸੇ 'ਚ ਉਹ ਸੁੱਤੀ ਸੀ, ਉਥੇ ਨਹੀਂ ਸੀ। ਬੱਚੀ ਦੀ ਤਲਾਸ਼ ਸ਼ੁਰੂ ਹੋਈ ਪਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ। ਜਦੋਂ ਪਰਿਵਾਰ ਨੇ ਸੁਜਾਨਪੁਰ ਥਾਣੇ 'ਚ ਸੰਪਰਕ ਕੀਤਾ ਤਾਂ ਥਾਣਾ ਮੁਖੀ ਦਲਵਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਵਾਪਸ ਮਾਧੋਪੁਰ ਨਾਕੇ 'ਤੇ ਬੁਲਾਇਆ ਅਤੇ ਨੰਨ੍ਹੀ ਬੱਚੀ ਨੂੰ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ। 
ਮਾਤਾ ਵੈਸ਼ਣੋ ਦੇਵੀ ਦੇ ਲੱਗੇ ਜੈਕਾਰੇ

ਮਾਧੋਪੁਰ ਪੁਲਸ ਨਾਕੇ 'ਤੇ ਜਦੋਂ ਡੇਢ ਸਾਲ ਦੀ ਅਰਸ਼ੀ ਮਾਤਾ-ਪਿਤਾ ਨੂੰ ਮਿਲੀ ਤਾਂ ਸਾਰੇ ਲੋਕ ਕਹਿਣ ਲੱਗੇ ਕਿ ਮਾਤਾ-ਵੈਸ਼ਣੋ ਦੇਵੀ ਦੇ ਚਮਤਕਾਰ ਨੇ ਹੀ ਉਸ ਨੂੰ ਬਚਾਇਆ ਹੈ। ਲੋਕਾਂ ਨੇ ਉਥੇ ਮਾਤਾ ਵੈਸ਼ਣੋ ਦੇਵੀ ਦੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਖੁਸ਼ੀ-ਖੁਸ਼ੀ ਆਪਣੇ ਘਰ ਲਈ ਰਵਾਨਾ ਹੋ ਗਏ।


Gurminder Singh

Content Editor

Related News