ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਕਰੀਬ 1.16 ਲੱਖ ਪਸ਼ੂਆਂ ਦਾ ਕੀਤਾ ਟੀਕਾਕਰਨ

Friday, Aug 12, 2022 - 02:16 AM (IST)

ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਕਰੀਬ 1.16 ਲੱਖ ਪਸ਼ੂਆਂ ਦਾ ਕੀਤਾ ਟੀਕਾਕਰਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤੋਂ ਬਾਅਦ ਸੂਬੇ ਵਿੱਚ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਟੀਕਾਕਰਨ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ ਕਰੀਬ 1.16 ਲੱਖ ਪਸ਼ੂਆਂ ਨੂੰ ਗੋਟ ਪੌਕਸ ਵੈਕਸੀਨ ਲਗਾਈ ਜਾ ਚੁੱਕੀ ਹੈ। ਸੂਬੇ 'ਚ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਵਿਭਾਗ ਨੂੰ ਪਸ਼ੂਆਂ ਵਿੱਚ ਲੰਪੀ ਸਕਿਨ ਬਿਮਾਰੀ ਲਈ ਸਰਕਾਰ ਵੱਲੋਂ ਪ੍ਰਵਾਨਿਤ ਵੈਕਸੀਨ ਦੀਆਂ ਲਗਭਗ 2.34 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ, ਜੋ ਪਹਿਲਾਂ ਹੀ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਨੂੰ ਭੇਜੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਵਿਭਾਗ ਨੇ ਟੀਕਾਕਰਨ ਮੁਹਿੰਮ ਲਈ ਇਲਾਜ ਅਤੇ ਹੋਰ ਸਾਮਾਨ ਦੀ ਖਰੀਦ ਲਈ ਵੱਖ-ਵੱਖ ਜ਼ਿਲ੍ਹਿਆਂ ਨੂੰ 76 ਲੱਖ ਰੁਪਏ ਜਾਰੀ ਗਏ ਹਨ।

ਇਹ ਵੀ ਪੜ੍ਹੋ : ਮੇਰੇ ’ਤੇ ਲਾਏ ਇਲਜ਼ਾਮ ਕੋਈ ਸਾਬਤ ਕਰ ਦੇਵੇ ਤਾਂ ਛੱਡ ਦੇਵਾਂਗਾ ਸਿਆਸਤ : ਮਨਪ੍ਰੀਤ ਇਯਾਲੀ

ਉਨ੍ਹਾਂ ਦੱਸਿਆ ਕਿ ਵੈਟਰਨਰੀ ਬਾਇਓਲਾਜੀਕਲ ਐਂਡ ਰਿਸਰਚ ਇੰਸਟੀਚਿਊਟ ਹੈਦਰਾਬਾਦ ਤੋਂ ਖਰੀਦੀ ਗਈ ਵੈਕਸੀਨ ਨਾਲ ਵਿਭਾਗ ਵੱਲੋਂ ਹੁਣ ਤੱਕ 1,15,985 ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਫੀਲਡ ਤੋਂ ਮਿਲੀਆਂ ਮੁੱਢਲੀਆਂ ਰਿਪੋਰਟਾਂ ਅਨੁਸਾਰ ਬਿਮਾਰੀ ਸਥਿਰ ਹੋ ਗਈ ਜਾਪਦੀ ਹੈ, ਹਾਲਾਂਕਿ ਅਗਲੇ ਕੁਝ ਦਿਨਾਂ ਵਿੱਚ ਸਥਿਤੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਪਸ਼ੂਆਂ ਅਤੇ ਮੱਝਾਂ ਦੀ ਇਕ ਵਾਇਰਲ ਬਿਮਾਰੀ ਹੈ, ਜੋ ਮੱਖੀਆਂ ਤੇ ਮੱਛਰਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਅਤੇ ਪ੍ਰਭਾਵਿਤ ਪਸ਼ੂਆਂ ਰਾਹੀਂ ਮਕੈਨੀਕਲ ਟਰਾਂਸਮਿਸ਼ਨ ਜ਼ਰੀਏ ਫੈਲਦੀ ਹੈ। ਬਿਮਾਰੀ ਦੀ ਪਛਾਣ 2-3 ਦਿਨਾਂ ਲਈ ਹਲਕੇ ਬੁਖਾਰ ਅਤੇ ਚਮੜੀ 'ਤੇ ਧੱਫੜ ਹੋਣ ਨਾਲ ਹੁੰਦੀ ਹੈ। ਪ੍ਰਭਾਵਿਤ ਜਾਨਵਰ ਆਮ ਤੌਰ 'ਤੇ 2-3 ਹਫ਼ਤਿਆਂ ਦੇ ਅੰਦਰ ਠੀਕ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ 'ਤੇ ਤਬਾਦਲੇ, 11 IAS ਤੇ 24 PCS ਅਧਿਕਾਰੀ ਬਦਲੇ

ਵਿਕਾਸ ਪ੍ਰਤਾਪ ਨੇ ਦੱਸਿਆ ਕਿ ਵਿਭਾਗ ਵੱਲੋਂ ਟੀਕਾਕਰਨ ਮੁਹਿੰਮ ਅਤੇ ਰਾਹਤ ਕਾਰਜਾਂ ਲਈ ਵੈਟਰਨਰੀ ਅਫ਼ਸਰਾਂ ਤੇ ਇੰਸਪੈਕਟਰਾਂ ਦੀਆਂ ਕੁਲ 673 ਟੀਮਾਂ ਗਠਨ ਕੀਤੀਆਂ ਗਈਆਂ ਹਨ, ਜੋ ਸੂਬੇ ਵਿੱਚ ਬਿਮਾਰੀ ਦੇ ਇਲਾਜ ਤੇ ਰੋਕਥਾਮ ਲਈ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਬਾਕਾਇਦਾ ਪਾਲਣਾ ਕਰ ਰਹੀਆਂ ਹਨ, ਜਿਨ੍ਹਾਂ 'ਚ ਪ੍ਰਭਾਵਿਤ ਜਾਨਵਰਾਂ ਨੂੰ ਵੱਖ ਰੱਖਣਾ, ਪਸ਼ੂਆਂ ਅਤੇ ਖੇਤ ਮਜ਼ਦੂਰਾਂ ਦੀ ਆਵਾਜਾਈ ਨੂੰ ਕੰਟਰੋਲ ਕਰਨਾ, ਪਸ਼ੂ ਸ਼ੈੱਡਾਂ ਨੂੰ ਕੀਟਾਣੂ-ਰਹਿਤ ਕਰਨਾ ਸ਼ਾਮਲ ਹੈ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਦੱਸਣਾ ਬਣਦਾ ਹੈ ਕਿ ਹੈ ਲੰਪੀ ਸਕਿਨ ਬਿਮਾਰੀ ਅਫਰੀਕਾ ਮਹਾਦੀਪ ਤੋਂ ਸ਼ੁਰੂ ਹੋਈ ਸੀ ਤੇ ਇਸ ਸਾਲ ਦੇ ਸ਼ੁਰੂ ਵਿੱਚ ਇਸ ਬਿਮਾਰੀ ਨੇ ਗੁਜਰਾਤ ਅਤੇ ਰਾਜਸਥਾਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਇਹ ਵੀ ਪੜ੍ਹੋ : ਮੋਬਾਇਲ ਵਿੰਗ ਨੇ ਸ਼ੰਭੂ ਤੋਂ ਲੈ ਕੇ ਲੁਧਿਆਣਾ ਤੱਕ ਫੜੀਆਂ ਸਕ੍ਰੈਪ ਦੀਆਂ 35 ਗੱਡੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News