ਕਲਾਨੌਰ ’ਚ ਕੋਰੋਨਾ ਵੈਕਸੀਨੇਸ਼ਨ ਨੇ ਫੜੀ ਤੇਜ਼ੀ, ਲੋਕਾਂ ਨੇ ਲਗਵਾਈ ਪਹਿਲੀ ਡੋਜ਼
Sunday, Mar 28, 2021 - 02:07 PM (IST)
ਕਲਾਨੌਰ (ਵਤਨ) : ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਲਖਵਿੰਦਰ ਸਿੰਘ ਅਠਵਾਲ ਦੇ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਦੇ ਯਤਨਾਂ ਨੂੰ ਉਸ ਵੇਲੇ ਬੂਰ ਪੈਂਦਾ ਦਿਖਾਈ ਦਿੱਤਾ ਜਦੋਂ ਲੋਕਾਂ ਨੇ ਸਿਹਤ ਕੇਂਦਰ ਦੀ ਜਾਗਰੂਕਤਾ ਮੁਹਿੰਮ ਤੋਂ ਪ੍ਰਭਾਵਿਤ ਹੁੰਦਿਆਂ ਅੱਜ ਵੱਡੇ ਪੱਧਰ ’ਤੇ ਕੋਰੋਨਾ ਵੈਕਸੀਨ ਲਗਵਾਈ। ਇਸ ਵੈਕਸੀਨੇਸ਼ਨ ਮੁਹਿੰਮ ਵਿਚ ਬੀ. ਡੀ. ਪੀ. ਓ. ਕਲਾਨੌਰ ਗੁਰਜੀਤ ਸਿੰਘ ਚੌਹਾਨ, ਸਾਬਕਾ ਸਰਪੰਚ ਓਮ ਪ੍ਰਕਾਸ਼, ਕ੍ਰਿਸ਼ਨਾ ਗਊ ਮਾਤਾ ਸੇਵਾ ਸੰਮਤੀ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਹੁਦੇਦਾਰਾਂ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਵਧ ਚੜ ਕੇ ਹਿੱਸਾ ਲਿਆ। ਇਸ ਮੌਕੇ ਐੱਸ. ਐੱਮ. ਓ. ਡਾ. ਲਖਵਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਕਾਰਨ ਜਿਥੇ ਲੋਕਾਂ ਨੂੰ ਮਾਸਕ ਲਗਾਉਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ, ਉਥੇ ਹੀ ਸਰਕਾਰ ਵਲੋਂ ਸ਼ੁਰੂ ਕੀਤੀ ਵੈਕਸੀਨੇਸ਼ਨ ਦੀ ਮੁਹਿੰਮ ਵਿਚ ਹਿੱਸਾ ਲੈਂਦਿਆਂ ਹਰੇਕ ਨੂੰ ਵੈਕਸੀਨ ਲਗਵਾਉਣੀ ਚਾਹਿਦੀ ਹੈ।
ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਕੋਰੋਨਾ ਮਹਾਮਾਰੀ ਤੋਂ ਬਚਣ ਵਿਚ ਮਦਦ ਕਰਦੀ ਹੈ ਪਰ ਵੈਕਸੀਨੇਸ਼ਨ ਤੋਂ ਬਾਅਦ ਵੀ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਵੈਕਸੀਨ ਦੀ ਦੂਸਰੀ ਡੋਜ਼ ਵੀ ਸਮੇਂ ਅਨੁਸਾਰ ਲੈ ਲੈਣੀ ਚਾਹਿਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੈਕਸੀਨ ਲਗਾ ਕੇ ਆਪਣੇ ਆਪ ਨੂੰ ਸੁਰੱਖਿਅਤ ਬਨਾਉਣ। ਇਸ ਮੌਕੇ ਹੈਲਥ ਇੰਸਪੈਕਟਰ ਦਿਲਬਾਗ ਸਿੰਘ, ਹੈਲਥ ਇੰਸਪੈਕਟਰ ਕੁਲਵੰਤ ਰਾਏ ਆਦਿ ਹਾਜ਼ਰ ਸਨ।