ਸ਼ਿਵ ਸੈਨਾ ਸਮਾਜਵਾਦੀ ਦੀ ਉਪ ਪ੍ਰਧਾਨ ਮਾਹੀ ਤੇ ਮੇਰੀ ਪਤਨੀ ਦਰਮਿਆਨ ਸਮਲਿੰਗਿਕ ਸਬੰਧ : ਜਸਪ੍ਰੀਤ ਸਿੰਘ
Thursday, Aug 24, 2017 - 07:00 AM (IST)
ਜਲੰਧਰ(ਕਮਲੇਸ਼)- ਖਾਂਬਰਾ ਵਾਸੀ ਜਸਪ੍ਰੀਤ ਸਿੰਘ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਪਤਨੀ ਤੇ ਸ਼ਿਵ ਸੈਨਾ ਸਮਾਜਵਾਦੀ ਦੀ ਕੌਮੀ ਉਪ ਪ੍ਰਧਾਨ ਊਸ਼ਾ ਮਾਹੀ ਦਰਮਿਆਨ ਸਮਲਿੰਗਿਕ ਸਬੰਧਾਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਤਨੀ ਦੀ ਮੁਲਾਕਾਤ ਮਹਿਲਾ ਆਗੂ ਨਾਲ 2015 ਵਿਚ ਹੋਈ ਸੀ ਤੇ ਮਹਿਲਾ ਆਗੂ ਨੇ ਆਪਣੇ ਠਾਠ- ਬਾਠ ਜ਼ਰੀਏ ਉਨ੍ਹਾਂ ਦੇ ਪਰਿਵਾਰ ਨਾਲ ਕਾਫੀ ਚੰਗੇ ਸਬੰਧ ਬਣਾ ਲਏ ਸਨ ਤੇ ਉਨ੍ਹਾਂ ਦਾ ਉਸਦੇ ਘਰ ਆਉਣ-ਜਾਣ ਹੋਣ ਲੱਗਾ। ਉਨ੍ਹਾਂ ਦੱਸਿਆ ਕਿ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦੀ ਪਤਨੀ ਦੇ ਸੁਭਾਅ ਵਿਚ ਤਬਦੀਲੀ ਆਉਣ ਲੱਗੀ ਤੇ ਉਹ ਗੱਲ-ਗੱਲ 'ਤੇ ਉਨ੍ਹਾਂ ਨਾਲ ਝਗੜਨ ਲੱਗੀ ਤੇ ਬਾਅਦ ਵਿਚ ਪਤਾ ਲੱਗਾ ਕਿ ਇਸਦਾ ਕਾਰਨ ਊਸ਼ਾ ਮਾਹੀ ਤੇ ਉਨ੍ਹਾਂ ਦੀ ਪਤਨੀ ਦਰਮਿਆਨ ਸਮਲਿੰਗਿਕ ਸਬੰਧ ਹਨ। ਦੋਵਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਿਖਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ ਵਿਚ ਹੈ ਤੇ ਉਨ੍ਹਾਂ ਦੀ ਇਕ 7 ਸਾਲਾ ਬੇਟੀ ਵੀ ਹੈ, ਜਿਸ ਕੋਲੋਂ ਮਾਂ ਦਾ ਸਾਇਆ ਖੋਹ ਲਿਆ ਗਿਆ ਹੈ ਕਿਉਂਕਿ ਹੁਣ ਉਨ੍ਹਾਂ ਦੀ ਪਤਨੀ ਊਸ਼ਾ ਮਾਹੀ ਦੇ ਨਾਲ ਉਸਦੇ ਘਰ ਵਿਚ ਹੀ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਪੁਲਸ ਕਮਿਸ਼ਨਰ ਨੂੰ ਵੀ ਇਸ ਬਾਰੇ ਸ਼ਿਕਾਇਤ ਦਿੱਤੀ ਸੀ, ਜਿਸ ਨੂੰ ਉਨ੍ਹਾਂ ਨੇ ਸਦਰ ਥਾਣੇ ਵਿਚ ਮਾਰਕ ਕੀਤਾ ਸੀ ਪਰ ਮਹਿਲਾ ਆਗੂ ਦੇ ਰੁਤਬੇ ਕਾਰਨ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਪੁਲਸ ਜਲਦੀ ਮਹਿਲਾ ਆਗੂ 'ਤੇ ਕਾਰਵਾਈ ਕਰੇ ਤੇ ਇਸ ਦੌਰਾਨ ਜੇਕਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸਦੀ ਜ਼ਿੰਮੇਵਾਰ ਸਿਰਫ ਮਹਿਲਾ ਆਗੂ ਹੋਵੇਗੀ।
ਦੋਸ਼ ਬੇਬੁਨਿਆਦ, ਮੇਰਾ ਕੈਰੀਅਰ ਖਰਾਬ ਕਰਨ ਦੀ ਸਾਜ਼ਿਸ਼ : ਊਸ਼ਾ ਮਾਹੀ
ਉਥੇ ਇਸ ਸੰਬੰਧ ਵਿਚ ਊਸ਼ਾ ਮਾਹੀ ਦਾ ਕਹਿਣਾ ਹੈ ਕਿ ਉਹ ਸ਼ਿਵ ਸੈਨਾ ਸਮਾਜਵਾਦੀ ਵਿਚ ਉੱਚੇ ਅਹੁਦੇ 'ਤੇ ਕੰਮ ਕਰ ਰਹੀ ਹੈ ਜੋ ਕੁਝ ਲੋਕਾਂ ਦੀਆਂ ਅੱਖਾਂ ਵਿਚ ਰੜਕ ਰਿਹਾ ਹੈ ਤੇ ਉਹ ਲੋਕ ਉਸ ਨਾਲ ਈਰਖਾ ਕਰਦੇ ਹਨ। ਮਾਹੀ ਨੇ ਕਿਹਾ ਕਿ ਉਨ੍ਹਾਂ 'ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ ਤੇ ਇਹ ਸਭ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਖਰਾਬ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਕੋਲੋਂ ਉਨ੍ਹਾਂ ਲੱਖਾਂ ਰੁਪਏ ਲੈਣੇ ਹਨ, ਜਿਸ ਸੰਬੰਧੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੋ ਤਸਵੀਰਾਂ ਜਸਪ੍ਰੀਤ ਨੇ ਮੀਡੀਆ ਨੂੰ ਵਿਖਾਈਆਂ ਹਨ, ਉਹ ਜਸਪ੍ਰੀਤ ਨੇ ਖੁਦ ਹੀ ਹਾਸੇ ਮਜ਼ਾਕ ਵਿਚ ਖਿੱਚੀਆਂ ਹਨ।
