ਗੁਰਦੁਆਰਾ ਟਾਹਲਾ ਸਾਹਿਬ ''ਚ ਚੋਰੀ ਕਰਦੀਆਂ 3 ਜੇਬਕਤਰੀਆਂ ਕਾਬੂ
Monday, Jun 11, 2018 - 06:40 AM (IST)
ਤਰਨਤਾਰਨ, (ਪ੍ਰਭ ਖਹਿਰਾ)- ਇਤਿਹਾਸਿਕ ਸ਼ਹਿਰ ਤਰਨਤਾਰਨ ਤੋਂ ਅੰਮ੍ਰਿਤਸਰ ਰੋਡ 'ਤੇ ਸੁਸ਼ੋਭਿਤ ਗੁਰਦੁਆਰਾ ਅਸਥਾਨ ਸ਼ਹੀਦ ਬਾਬਾ ਟਾਹਲਾ ਸਾਹਿਬ ਦੀ ਹਦੂਦ ਅੰਦਰ ਦਿਨ-ਦਿਹਾੜੇ ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਪੈਸੇ ਚੋਰੀ ਕਰਨ ਦਾ ਯਤਨ ਕਰਨ ਤੋਂ ਬਾਅਦ ਦਰਸ਼ਨ ਕਰਨ ਪੁੱਜੀਆਂ ਸੰਗਤਾਂ ਦੀਆ ਜੇਬਾਂ ਨੂੰ ਸਾਫ ਕਰਨ ਵਾਲੀਆਂ ਤਿੰਨ ਜੇਬਕਤਰੀਆਂ ਨੂੰ ਗੁਰੂ ਘਰ ਦੇ ਸੇਵਾਦਾਰ ਬਾਬਾ ਦਰਸ਼ਨ ਸਿੰਘ ਵੱਲੋਂ ਹਾਜ਼ਰ ਸੰਗਤਾਂ ਦੇ ਸਹਿਯੋਗ ਨਾਲ ਕਾਬੂ ਕਰ ਕੇ ਸਥਾਨਕ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਗੁਰਦੁਆਰਾ ਅਸਥਾਨ ਦੇ ਦਰਸ਼ਨ ਕਰਨ ਪੁੱਜੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਕਰੀਬੀ ਸਾਥੀ ਤੇ ਐਂਟੀ ਨਾਰਕੋਟਿਕਸ ਸੈੱਲ ਦੇ ਚੇਅਰਮੈਨ ਹਰਜਿੰਦਰ ਸਿੰਘ ਪੱਖੋਕੇ ਨੇ ਸਮੂਹ ਸੰਗਤਾਂ ਦੀ ਹਾਜ਼ਰੀ 'ਚ ਇਸ ਘਟਨਾ ਦੀ ਭਰਪੂਰ ਨਿੰਦਾ ਕਰਦਿਆਂ ਪ੍ਰਸ਼ਾਸਨ ਕੋਲੋਂ ਫੜੀਆਂ ਔਰਤਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿਚ ਕੋਈ ਵੀ ਅਨਸਰ ਗੁਰੂ ਘਰ ਅੰਦਰ ਅਜਿਹਾ ਸ਼ਰਮਨਾਕ ਕੰਮ ਕਰਨ ਦੀ ਹਿੰਮਤ ਨਾ ਕਰ ਸਕੇ। ਫੜੀਆਂ ਔਰਤਾਂ ਨੂੰ ਥਾਣਾ ਚਾਟੀਵਿੰਡ ਦੀ ਪੁਲਸ ਨੇ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
