ਤੇਜ਼ ਹਵਾ ਤੇ ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦੇ ਸਾਹ ਸੁੱਕੇ
Sunday, Apr 26, 2020 - 12:13 AM (IST)
ਖਰੜ, (ਗਗਨਦੀਪ)— ਇਕ ਪਾਸੇ ਜਿਥੇ ਪੂਰੀ ਦੁਨੀਆਂ ਕੋਰੋਨਾ ਵਾਇਰਸ ਮਹਾਮਾਰੀ ਦੀ ਮਾਰ ਝੱਲ ਰਹੀ ਹੈ, ਜਿਸ ਕਾਰਣ ਸਾਰੇ ਕਾਰੋਬਾਰ ਤੇ ਵਪਾਰ ਠੱਪ ਪਏ ਹਨ। ਉਥੇ ਹੀ ਹੁਣ ਕੁਦਰਤ ਵੀ ਇਨਸਾਨ ਦੀ ਦੁਸ਼ਮਣ ਬਣੀ ਜਾਪਦੀ ਹੈ। ਬਦਲਦੇ ਮੌਸਮ ਦੇ ਨਾਲ ਚੱਲੀ ਤੇਜ਼ ਹਵਾ ਤੇ ਬੇ-ਮੌਸਮੀਂ ਬਾਰਿਸ਼ ਕਾਰਣ ਅੰਨਦਾਤਾ ਕਿਸਾਨ ਦੇ ਸਾਹ ਸੁੱਕੇ ਪਏ ਹਨ। ਵਾਢੀਆਂ ਦੇ ਦਿਨਾਂ 'ਚ ਤੇਜ਼ ਮੀਂਹ ਨਾਲ ਚੱਲੀ ਹਵਾ ਨੇ ਕਣਕ ਦੀ ਪੱਕੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਜਿਸ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ ਨਜ਼ਰ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਗਾਂਹ ਵਧੂ ਕਿਸਾਨ ਅਮਰਜੀਤ ਸਿੰਘ ਘੜੂੰਆਂ ਨੇ ਦੱਸਿਆ ਕਿ ਇਸ ਬੇ-ਮੌਸਮੀਂ ਬਾਰਿਸ਼ ਤੇ ਤੇਜ਼ ਹਵਾ ਕਾਰਨ ਕਣਕ ਦੀ ਫ਼ਸਲ ਹੇਠਾਂ ਡਿੱਗ ਗਈ ਹੈ। ਜਿਸ ਕਾਰਣ ਕਣਕ ਦੇ ਝਾੜ 'ਚ ਕਾਫ਼ੀ ਫਰਕ ਪੈ ਸਕਦਾ ਹੈ ਅਤੇ ਡਿੱਗੀ ਹੋਈ ਕਣਕ ਨੂੰ ਵੱਢਣ ਲਈ ਲੇਬਰ ਅਤੇ ਕੰਬਾਇਨ ਦਾ ਖਰਚਾ ਵੀ ਵੱਧ ਜਾਂਦਾ ਹੈ।