ਜੇਕਰ ਤੁਹਾਨੂੰ ਵੀ ਆਉਂਦਾ ਹੈ ਅਜਿਹਾ ਫੋਨ ਤਾਂ ਹੋ ਜਾਓ ਸਾਵਧਾਨ
Thursday, Jan 18, 2018 - 11:49 AM (IST)

ਹਾਜੀਪੁਰ (ਜੋਸ਼ੀ)— ਜੇਕਰ ਤੁਹਾਨੂੰ ਵੀ ਅਣਪਛਾਤੇ ਲੋਕਾਂ ਵੱਲੋਂ ਬੈਂਕ ਨਾਲ ਸਬੰਧਤ ਜਾਣਕਾਰੀ ਲੈਣ ਲਈ ਫੋਨ ਆਉਂਦੇ ਹਨ ਤਾਂ ਥੋੜ੍ਹੀ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਅਜਿਹੇ ਲੋਕ ਹੀ ਤੁਹਾਡੇ ਤੋਂ ਬੈਂਕ ਅਤੇ ਏ. ਟੀ. ਐੱਮ. ਨਾਲ ਸਬੰਧਤ ਜਾਣਕਾਰੀ ਲੈ ਕੇ ਏ. ਟੀ. ਐੱਮ. 'ਚੋਂ ਪੈਸਾ ਕੱਢਵਾ ਕੇ ਤੁਹਾਡੇ ਨਾਲ ਠੱਗੀ ਮਾਰ ਸਕਦੇ ਹਨ। ਅਜਿਹਾ ਹੀ ਇਕ ਮਾਮਲਾ ਪਿੰਡ ਖਿਜਰਪੁਰ 'ਚੋਂ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਆਦਮੀ ਵੱਲੋਂ ਪਿੰਡ ਇਕ ਵਿਅਕਤੀ ਦੇ ਮੋਬਾਇਲ 'ਤੇ ਫੋਨ ਕਰਕੇ ਏ. ਟੀ. ਐੱਮ. ਕਾਰਡ ਦਾ ਨੰਬਰ ਪੁੱਛਣ ਉਪਰੰਤ ਉਸ ਦੇ ਬੈਂਕ ਖਾਤੇ 'ਚੋਂ 55 ਹਜ਼ਾਰ ਰੁਪਏ ਕੱਢਵਾ ਲਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਿਜਰਪੁਰ ਦੇ ਲਾਲ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਬੁੱਧਵਾਰ ਨੂੰ ਮੋਬਾਇਲ 'ਤੇ ਇਕ ਫੋਨ ਆਇਆ। ਫੋਨ ਕਰਨ ਵਾਲੇ ਅਣਪਛਾਤੇ ਆਦਮੀ ਨੇ ਲਾਲ ਸਿੰਘ ਨੂੰ ਕਿਹਾ ਕਿ ਮੈਂ ਬੈਂਕ ਤੋਂ ਬੋਲ ਰਿਹਾ ਹਾਂ। ਤੁਹਾਡੇ ਏ. ਟੀ. ਐੱਮ. ਕਾਰਡ ਦੀ ਵੈਲੀਡਿਟੀ ਵਧਾਉਣੀ ਹੈ, ਇਸ ਲਈ ਉਸ ਦਾ ਨੰਬਰ ਦੱਸੋ। ਜਦੋਂ ਉਸ ਨੇ ਨੰਬਰ ਦੱਸ ਦਿੱਤਾ ਤਾਂ ਉਸ ਨੇ ਕਾਰਡ ਦਾ ਓ. ਟੀ. ਪੀ. ਨੰਬਰ ਵੀ ਪੁੱਛਿਆ, ਜਿਸ ਤੋਂ ਬਾਅਦ ਉਸ ਦੇ ਖਾਤੇ 'ਚੋਂ 55 ਹਜ਼ਾਰ ਰੁਪਏ ਨਿਕਲ ਗਏ। ਲਾਲ ਸਿੰਘ ਤੁਰੰਤ ਹਾਜੀਪੁਰ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਗਿਆ ਅਤੇ ਏ. ਟੀ. ਐੱਮ. ਬੰਦ ਕਰਵਾ ਕੇ ਪੁਲਸ ਨੂੰ ਸੂਚਨਾ ਦਿੱਤੀ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਉਕਤ ਠੱਗ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।