ਸਾਂਝੀ ਰਸੋਈ ਦਾ ਨਿਵੇਕਲਾ ਪ੍ਰਾਜੈਕਟ ਗਰੀਬ ਲੋਕਾਂ ਲਈ ਲਾਹੇਵੰਦ ਸਾਬਤ : ਡੀ. ਸੀ.

Thursday, Jan 04, 2018 - 12:27 PM (IST)


ਮੋਗਾ (ਗਰੋਵਰ, ਗੋਪੀ) - ਗਰੀਬ ਲੋਕਾਂ ਨੂੰ ਘੱਟ ਕੀਮਤ 'ਤੇ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਵਾਲੀ 'ਸਾਂਝੀ ਰਸੋਈ' ਦਫਤਰ ਨਗਰ ਨਿਗਮ ਮੋਗਾ ਵਿਖੇ ਸਫਲਤਾ ਪੂਰਵਕ ਚੱਲ ਰਹੀ ਹੈ। ਇਸ ਸਾਂਝੀ ਰਸੋਈ 'ਚ ਐਤਵਾਰ ਨੂੰ ਛੱਡ ਕੇ ਰੋਜ਼ਾਨਾ 150 ਵਿਅਕਤੀ ਪੌਸ਼ਟਿਕ ਭੋਜਨ ਦਾ ਆਨੰਦ ਮਾਣਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ. ਏ. ਐੱਸ. ਨੇ ਦੱਸਿਆ ਕਿ 31 ਮਈ, 2017 ਨੂੰ ਸ਼ੁਰੂ ਕੀਤੀ ਗਈ ਇਸ ਸਾਂਝੀ ਰਸੋਈ 'ਚ ਹੁਣ ਤੱਕ 38,127 ਵਿਅਕਤੀ ਖਾਣਾ ਖਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 'ਸਾਂਝੀ ਰਸੋਈ' ਪ੍ਰਾਜੈਕਟ 'ਚ ਇਹ ਰਸੋਈ ਦੁਪਹਿਰ 12 ਤੋਂ 3 ਵਜੇ ਤੱਕ ਗਰੀਬ ਲੋਕਾਂ ਨੂੰ ਘੱਟ ਕੀਮਤ 'ਚ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਵਿਅਕਤੀਆਂ ਨੂੰ ਸਾਂਝੀ ਰਸੋਈ 10 ਰੁਪਏ ਦੀ ਥਾਲੀ ਮੁਹੱਈਆ ਕਰਵਾ ਰਹੀ ਹੈ, ਜਿਸ 'ਚ ਦਾਲ, ਸਬਜ਼ੀ, 4 ਫੁਲਕੇ ਅਤੇ ਚੌਲ ਦਿੱਤੇ ਜਾ ਰਹੇ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਇਹ ਨਿਵੇਕਲਾ ਪ੍ਰਾਜੈਕਟ ਗਰੀਬ ਲੋਕਾਂ ਲਈ ਕਾਫੀ ਲਾਹੇਵੰਦ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਸਾਂਝੀ ਰਸੋਈ ਪ੍ਰਾਜੈਕਟ ਨੂੰ ਹੋਰ ਵਧੀਆ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਇਸ ਮੌਕੇ ਸਕੱਤਰ ਜ਼ਿਲਾ ਰੈੱਡ ਕਰਾਸ ਸੁਸਾਇਟੀ ਮੋਗਾ ਸਤਿਨਾਮ ਸਿੰਘ ਨੇ ਕਿਹਾ ਕਿ 10 ਰੁਪਏ 'ਚ ਦਿੱਤਾ ਜਾ ਰਿਹਾ ਖਾਣਾ ਪੌਸ਼ਟਿਕ ਅਤੇ ਸਵਾਦਿਸ਼ਟ ਹੈ, ਜਿਸ ਦਾ ਗਰੀਬ ਲੋਕ ਲਾਭ ਉਠਾ ਰਹੇ ਹਨ।


Related News