ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ 'ਤੇ, ਪੁਲਸ ਨੇ ਹਰ ਪਾਸੇ ਸਖ਼ਤ ਕੀਤੀ ਸੁਰੱਖਿਆ

Sunday, Aug 04, 2024 - 09:50 AM (IST)

ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ 'ਤੇ, ਪੁਲਸ ਨੇ ਹਰ ਪਾਸੇ ਸਖ਼ਤ ਕੀਤੀ ਸੁਰੱਖਿਆ

ਚੰਡੀਗੜ੍ਹ (ਨਵਿੰਦਰ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਕੇਂਦਰ ’ਚ ਤੀਜੀ ਵਾਰ ਐੱਨ. ਡੀ. ਏ. ਦੀ ਸਰਕਾਰ ਬਣੀ ਹੈ। ਲਗਾਤਾਰ ਦੂਜੀ ਵਾਰ ਕੇਂਦਰੀ ਗ੍ਰਹਿ ਮੰਤਰੀ ਬਣੇ ਅਮਿਤ ਸ਼ਾਹ ਐਤਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਦੂਜੀ ਵਾਰ ਦੇਸ਼ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਚੰਡੀਗੜ੍ਹ ’ਚ ਇਹ ਉਨ੍ਹਾਂ ਦੀ ਪਹਿਲੀ ਫੇਰੀ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ’ਚ ਕੇਂਦਰੀ ਬਜਟ ਪੇਸ਼ ਕਰਨ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਚੰਡੀਗੜ੍ਹ ਭਾਜਪਾ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਆਏ ਸਨ ਅਤੇ ਨਾਲ ਹੀ ਉਨ੍ਹਾਂ ਚੰਡੀਗੜ੍ਹ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇਕ ਟੀਮ ਚੰਡੀਗੜ੍ਹ ਪਹੁੰਚ ਚੁੱਕੀ ਹੈ। ਇਸੇ ਟੀਮ ਦੀ ਨਿਗਰਾਨੀ ਹੇਠ ਇਹ ਤਿਆਰੀਆਂ ਚੱਲ ਰਹੀਆਂ ਹਨ। ਅਮਿਤ ਸ਼ਾਹ ਐਤਵਾਰ ਦੁਪਹਿਰ 12.30 ਤੋਂ 1.30 ਵਜੇ ਦਰਮਿਆਨ ਮਨੀਮਾਜਰਾ ਦੇ ਸ਼ਿਵਾਲਿਕ ਗਾਰਡਨ ’ਚ ਸ਼ਹਿਰ ਦੇ 24 ਘੰਟੇ ਚੱਲਣ ਵਾਲੇ ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕਰਨਗੇ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਆਈ ਨਵੀਂ ਅਪਡੇਟ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ Alert

ਇਸ ਤੋਂ ਇਲਾਵਾ ਉਹ 1 ਜੁਲਾਈ ਤੋਂ ਦੇਸ਼ ਭਰ ’ਚ ਲਾਗੂ ਹੋਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਦੀ ਵੀ ਸਮੀਖਿਆ ਕਰਨਗੇ। ਅਮਿਤ ਸ਼ਾਹ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਅਮਲੀ ਜਾਮਾ ਪਹਿਨਾਉਣ ’ਚ ਪਿਛਲੇ ਕਈ ਦਿਨਾਂ ਤੋਂ ਯੂ. ਟੀ. ਪ੍ਰਸ਼ਾਸਨ ਹੀ ਨਹੀਂ ਸਗੋਂ ਪੁਲਸ ਵੀ ਰੁੱਝੀ ਹੋਈ ਸੀ। ਦਰਅਸਲ ਸਮਾਰਟ ਸਿਟੀ ਮਿਸ਼ਨ ਤਹਿਤ ਮਨੀਮਾਜਰਾ ’ਚ 74.56 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ 24 ਘੰਟੇ ਚੱਲਣ ਵਾਲਾ ਜਲ ਸਪਲਾਈ ਪਾਇਲਟ ਪ੍ਰਾਜੈਕਟ ਲਾਗੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ’ਚ ਮੌਜੂਦਾ ਸਮੇਂ ’ਚ ਲੋਕਾਂ ਦੇ ਘਰਾਂ ਅਤੇ ਹੋਰ ਥਾਵਾਂ ’ਤੇ ਰੁਕ-ਰੁਕ ਕੇ ਪਾਣੀ ਦੀ ਸਪਲਾਈ ਨੂੰ ਲਗਾਤਾਰ ਅਤੇ ਪ੍ਰੈਸ਼ਰਡ ਵਾਟਰ ਸਪਲਾਈ ’ਚ ਤਬਦੀਲ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਦੇ ਤਹਿਤ, ਮਨੀਮਾਜਰਾ ਖੇਤਰ ਨੂੰ ਚਾਰ ਵੱਖ-ਵੱਖ ਜਲ ਸਪਲਾਈ ਖੇਤਰਾਂ ’ਚ ਵੰਡਿਆ ਗਿਆ ਹੈ, ਜੋ ਕਿ ਨਿਗਰਾਨੀ ਲਈ 16 ਜ਼ਿਲ੍ਹਾ ਮੀਟਰਡ ਖੇਤਰਾਂ (ਡੀ. ਐੱਮ. ਏ.) ’ਚ ਵੰਡਿਆ ਗਿਆ ਹੈ। ਇੱਕ ਰੀਟਰੋਫਿਟ ਪ੍ਰਾਜੈਕਟ ਹੋਣ ਕਰਕੇ ਪੂਰੇ ਖੇਤਰ ’ਚ ਲਾਏ ਗਏ ਵਾਟਰ ਸਪਲਾਈ ਪੰਪਾਂ ਨੂੰ ਵੇਰੀਏਬਲ ਫ੍ਰੀਕੁਐਂਸੀ ਪੰਪ ’ਚ ਬਦਲ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਅਦਾਲਤ 'ਚ ਸਹੁਰੇ ਨੇ ਕਤਲ ਕਰ 'ਤਾ IRS ਅਫ਼ਸਰ ਜਵਾਈ, ਸ਼ਰੇਆਮ ਚਲਾਈਆਂ ਗੋਲੀਆਂ (ਵੀਡੀਓ)
ਚੰਡੀਗੜ੍ਹ ਸਕੱਤਰੇਤ ’ਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ 50 ਤੋਂ 60 ਲੋਕਾਂ ਲਈ ਚੰਡੀਗੜ੍ਹ ਸਕੱਤਰੇਤ ਵਿਖੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਮਨੀਮਾਜਰਾ ’ਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਯੂ. ਟੀ. ਸਕੱਤਰੇਤ ਪੁੱਜਣਗੇ। ਜਿੱਥੇ ਕਿ ਉਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਇਸ ਦੌਰਾਨ ਉਹ ਮੰਤਰੀ ਸਥਾਨਕ ਭਾਜਪਾ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਗ੍ਰਹਿ ਮੰਤਰੀ ਭਾਰਤੀ ਨਿਆਂ ਸੰਹਿਤਾ, ਭਾਰਤੀ ਸਿਵਲ ਡਿਫੈਂਸ ਕੋਡ ਅਤੇ ਭਾਰਤੀ ਸਬੂਤ ਸੰਹਿਤਾ ਦੀ ਸਮੀਖਿਆ ਕਰਨ ਲਈ ਯੂ. ਟੀ. ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਨਵੇਂ ਸਕੱਤਰੇਤ ਵਿੱਚ ਹੋਵੇਗੀ ਕਿਉਂਕਿ ਗ੍ਰਹਿ ਮੰਤਰੀ ਨੇ ਸਭ ਤੋਂ ਪਹਿਲਾਂ ਚੰਡੀਗੜ੍ਹ ’ਚ ਨਵੇਂ ਅਪਰਾਧਿਕ ਕਾਨੂੰਨਾ ਨੂੰ ਲਾਗੂ ਕਰਨ ਸਬੰਧੀ ਐਲਾਨ ਕੀਤਾ ਸੀ। ਮੀਟਿੰਗ ’ਚ ਪੁਲਸ ਅਧਿਕਾਰੀ ਤਿੰਨਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦੇਣਗੇ। ਪੁਲਸ ਨੂੰ ਗ੍ਰਹਿ ਮੰਤਰੀ ਦੀ ਆਮਦ ਸਬੰਧੀ ਅਧਿਕਾਰਤ ਪ੍ਰੋਗਰਾਮ ਵੀ ਮਿਲ ਗਿਆ ਹੈ।
ਵਾਟਰ ਪਰੂਫ ਟੈਂਟ ਲਗਾਏ ਜਾਣਗੇ
24 ਘੰਟੇ ਚੱਲਣ ਵਾਲੇ ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਜਨ ਸਭਾ ਲਈ ਵਿਸ਼ਾਲ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ। ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਵਾਟਰ ਪਰੂਫ ਬਣਾਇਆ ਜਾ ਰਿਹਾ ਹੈ। ਚੰਡੀਗੜ੍ਹ ਪੁਲਸ ਵੀ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਸੁਰੱਖਿਆ ਲਈ ਪੁਲਸ ਨੇ ਪਿਛਲੇ ਦੋ ਦਿਨਾਂ ਤੋਂ ਸ਼ਹਿਰ ’ਚ ਗਸ਼ਤ ਵਧਾ ਦਿੱਤੀ ਹੈ। ਜਿਨਾਂ ਇਲਾਕਿਆਂ ’ਚ ਗ੍ਰਹਿ ਮੰਤਰੀ ਦੇ ਪ੍ਰੋਗਰਾਮ ਹੋਣੇ ਹਨ। ਉੱਥੇ ਹਰ ਪਾਸੇ ’ਤੇ ਪੁਲਸ ਤਾਇਨਾਤ ਕੀਤੀ ਗਈ ਹੈ। ਜਿਨਾਂ ਸੜਕਾਂ ਤੋਂ ਕੇਂਦਰੀ ਗ੍ਰਹਿ ਮੰਤਰੀ ਦਾ ਕਾਫ਼ਲਾ ਲੰਘੇਗਾ, ਉਨ੍ਹਾਂ ਸੜਕਾਂ ’ਤੇ ਵੀ ਚੈੱਕਪੋਸਟ ਬਣਾਏ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News