ਢੱਕਣ ਰਹਿਤ ਮੈਨ ਹੋਲ ''ਚ ਡਿੱਗੀ ਕਾਰ

02/18/2018 4:30:30 PM


ਮੁੱਦਕੀ (ਰੰਮੀ ਗਿੱਲ) - ਅਚਾਨਕ ਹੀ ਇਕ ਕਾਰ ਮੁੱਦਕੀ ਦੇ ਮੇਨ ਰੋਡ 'ਤੇ ਸਥਿਤ ਓਰੀਐਂਟਲ ਬੈਂਕ ਆਫ ਕਾਮਰਸ ਬਰਾਂਚ ਦੇ ਬਿਲਕੁਲ ਸਾਹਮਣੇ ਬਣੇ ਢੱਕਣ ਰਹਿਤ ਮੈਨ ਹੋਲ ਵਿਚ ਜਾ ਡਿੱਗੀ, ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਪਰ ਕਾਰ ਚਾਲਕ ਵਾਲ-ਵਾਲ ਬਚ ਗਿਆ। ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲਾਗਲੇ ਪਿੰਡ ਦਾ ਇਕ ਵਿਅਕਤੀ ਬੈਂਕ ਵਿਚ ਆਪਣੇ ਕਿਸੇ ਕੰਮ ਲਈ ਆਇਆ ਸੀ ਪਰ ਅਚਾਨਕ ਹੀ ਕਿਸੇ ਕਾਰਨ ਉਸ ਦੀ ਕਾਰ ਢੱਕਣ ਰਹਿਤ ਡੂੰਘੇ ਮੈਨ ਹੋਲ ਵਿਚ ਜਾ ਡਿੱਗੀ, ਜਿਸ ਨੂੰ ਮੌਕੇ 'ਤੇ ਇਕੱਠੇ ਹੋਏ ਵੱਡੀ ਗਿਣਤੀ 'ਚ ਲੋਕਾਂ ਨੇ ਬੜੀ ਜੱਦੋ-ਜਹਿਦ ਤੋਂ ਬਾਅਦ ਮੈਨ ਹੋਲ 'ਚੋਂ ਬਾਹਰ ਕੱਢ ਲਿਆ। 
ਜ਼ਿਕਰਯੋਗ ਹੈ ਕਿ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਪਾਣੀ ਦੀ ਨਿਕਾਸੀ ਲਈ ਸੜਕ ਵਿਚਕਾਰ ਬਣੀ ਪੁਰਾਣੀ ਪੁਲੀ ਤੋਂ ਗੰਦੇ ਨਾਲੇ ਨੂੰ ਜਾਂਦੇ ਪਾਣੀ ਦੇ ਨਿਕਾਸ ਲਈ ਪੁਲੀ ਦੇ ਕੰਢੇ 'ਤੇ ਬੈਂਕ ਦੇ ਸਾਹਮਣੇ ਬਣਿਆ ਡੂੰਘਾ ਮੈਨ ਹੋਲ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਆਏ ਦਿਨ ਇਸ ਮੈਨ ਹੋਲ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਦਕੀ ਵਾਸੀਆਂ ਨੇ ਨਗਰ ਪੰਚਾਇਤ ਮੁੱਦਕੀ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਢੱਕਣ ਰਹਿਤ ਮੈਨ ਹੋਲ ਉਪਰ ਸਲੈਬਾਂ ਪਾ ਕੇ ਢੱਕਣ ਲਾਇਆ ਜਾਵੇ। 

ਕੀ ਕਹਿੰਦੇ ਨੇ ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ 
ਇਸ ਸਬੰਧੀ ਜਦੋਂ ਨਗਰ ਪੰਚਾਇਤ ਮੁੱਦਕੀ ਦੇ ਕਾਰਜਸਾਧਕ ਅਫਸਰ ਮੈਡਮ ਪੂਨਮ ਭਟਨਾਗਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮੈਨ ਹੋਲ ਉਪਰ ਪਹਿਲਾਂ ਸਲੈਬ ਦਾ ਢੱਕਣ ਲੱਗਾ ਸੀ ਪਰ ਕਿਸੇ ਜ਼ਿਆਦਾ ਭਾਰੀ ਵਾਹਨ ਦੇ ਢੱਕਣ ਉਪਰ ਚੜ੍ਹ ਜਾਣ ਕਾਰਨ ਇਹ ਟੁੱਟ ਗਿਆ ਸੀ। ਇਸ ਲਈ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਸਲੈਬਾਂ ਪਾ ਕੇ ਢੱਕਣ ਲਾਇਆ ਜਾਵੇਗਾ ।


Related News