''ਬੇਰੋਜ਼ਗਾਰੀ ਦੀ ਮਾਰ'' 4 ਸਾਲਾਂ ''ਚ 5 ਲੱਖ ਨੌਜਵਾਨਾਂ ਨੇ ਮਾਰੀ ਵਿਦੇਸ਼ਾਂ ਨੂੰ ਉਡਾਰੀ

Wednesday, Jan 22, 2020 - 11:06 AM (IST)

ਮੋਗਾ (ਗੋਪੀ ਰਾਊਕੇ): ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਸੂਬੇ 'ਚ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਜ਼ਮੀਨੀ ਪੱਧਰ 'ਤੇ ਸਰਕਾਰੀ ਦਾਅਵਿਆਂ ਦਾ ਰੱਤੀ ਭਰ ਵੀ ਲਾਹਾ ਨਾ ਮਿਲਣ ਤੋਂ ਨਾਰਾਜ਼ ਹੋਇਆ ਪੰਜਾਬ ਦਾ ਨੌਜਵਾਨ ਵਰਗ ਮਜਬੂਰੀ 'ਚ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 4 ਸਾਲਾਂ 'ਚ ਸੂਬੇ ਦੇ ਲਗਭਗ 5 ਲੱਖ ਤੋਂ ਵੀ ਜ਼ਿਆਦਾ ਨੌਜਵਾਨਾਂ ਨੇ ਵਿਦੇਸ਼ਾਂ ਨੂੰ ਉਡਾਰੀ ਮਾਰੀ ਹੈ। ਇਨ੍ਹਾਂ ਨੌਜਵਾਨਾਂ ਦੇ ਵਿਦੇਸ਼ਾਂ 'ਚ ਲੱਖਾਂ ਰੁਪਏ ਖਰਚ ਕੇ ਜਾਣ ਦਾ ਮੁੱਖ ਮਨੋਰਥ ਵੀ ਇਹੀ ਹੈ ਕਿ ਪੰਜਾਬ 'ਚ ਉਨ੍ਹਾਂ ਨੂੰ ਆਪਣਾ ਭਵਿੱਖ ਕਿਸੇ ਪਾਸਿਓਂ ਵੀ ਸੁਰੱਖਿਅਤ ਨਹੀਂ ਲੱਗਦਾ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਪਣੀ ਮਿੱਟੀ ਦਾ ਮੋਹ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਨੌਜਵਾਨਾਂ ਨੂੰ ਸੂਬੇ 'ਚ ਰੋਜ਼ਗਾਰ ਮੌਕੇ ਮੁਹੱਈਆ ਕਰਵਾਉਣ ਲਈ ਅਜੇ ਤੱਕ ਸਮੇਂ ਦੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਹੈ, ਜਿਸ ਕਰ ਕੇ ਇਹ ਵਰਤਾਰਾ ਹਰ ਸਾਲ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ। ਹੁਣ ਤਾਂਂ ਆਏ ਦਿਨ ਮੈਰਿਜ ਪੈਲੇਸਾਂ 'ਚ ਵੀ ਆਈਲੈੱਟਸ ਦੇ ਰੋਜ਼ਾਨਾ ਪੇਪਰ ਹੋ ਰਹੇ ਹਨ, ਜਿਸ ਕਰ ਕੇ ਸਮੁੱਚੇ ਪੰਜਾਬ ਅਤੇ ਖਾਸ ਕਰ ਕੇ ਮਾਲਵਾ ਦੇ ਮੋਗਾ ਸ਼ਹਿਰ ਦੇ ਅਨੇਕਾਂ ਪੈਲੇਸ ਆਈਲੈੱਟਸ ਸੈਂਟਰਾਂ 'ਚ ਤਬਦੀਲ ਹੋਣ ਲੱਗੇ ਹਨ।

2005 'ਚ ਸ਼ੁਰੂ ਹੋਇਆ ਆਈਲੈੱਟਸ ਦਾ ਰੁਝਾਨ
ਆਈਲੈੱਟਸ ਕਰ ਕੇ ਪੜ੍ਹਨ ਬਹਾਨੇ ਵਿਦੇਸ਼ਾਂ ਦੇ ਪੱਕੇ ਬਾਸ਼ਿੰਦੇ ਬਣਨ ਦਾ ਰੁਝਾਨ 2005 'ਚ ਪਿੰਡਾਂ 'ਚ ਪਤਾ ਲੱਗਿਆ ਅਤੇ ਇਸੇ ਤਰੀਕੇ ਨੌਜਵਾਨ ਹੌਲੀ-ਹੌਲੀ ਵਿਦੇਸ਼ ਜਾਣ ਲੱਗੇ। ਇਸ ਤੋਂ ਬਾਅਦ 2007-08 'ਚ ਇਹ ਰੁਝਾਨ ਉਸ ਵੇਲੇ ਵੱਧ ਗਿਆ, ਬਹੁ ਗਿਣਤੀ ਨੌਜਵਾਨਾਂ ਨੇ ਆਸਟਰੇਲੀਆਂ ਦੀ ਧਰਤੀ 'ਤੇ ਆਈਲੈੱਟਸ ਜ਼ਰੀਏ ਆਪਣੇ ਪੈਰ ਰੱਖੇ। ਇਸ ਤੋਂ ਬਾਅਦ ਜਦੋਂ ਆਸਟਰੇਲੀਆ ਨੇ ਕੁੱਝ ਨਿਯਮ ਸਖਤ ਕੀਤੇ ਤਾਂ ਫਿਰ ਨੌਜਵਾਨਾਂ ਨੇ ਆਈਲੈੱਟਸ ਰਾਹੀਂ ਕੈਨੇਡਾ ਵੱਲ ਜਾਣਾ ਸ਼ੁਰੂ ਕਰ ਦਿੱਤਾ, ਜੋ ਹੁਣ ਤੱਕ ਜਾਰੀ ਹੈ।

ਨਸ਼ਿਆਂ ਕਰ ਕੇ ਵੀ ਮਾਪਿਆਂ ਨੇ ਬੱਚਿਆਂ ਨੂੰ ਭੇਜਿਆ ਕੈਨੇਡਾ
ਨਸ਼ਿਆਂ ਦੇ ਰੁਝਾਨ ਦੀ ਪਿਛਲੇ ਸਾਲਾਂ ਦੌਰਾਨ ਚੱਲੀ ਹਨੇਰੀ ਕਰ ਕੇ ਅਨੇਕਾਂ ਘਰਾਂ ਦੇ ਚਿਰਾਗ ਬੁੱਝੇ ਹਨ। ਖਾਸ ਕਰ ਕੇ ਸਿੰਥੈਟਿਕ ਡਰੱਗ ਕਰ ਕੇ ਪੰਜਾਬ 'ਚ ਅਨੇਕਾਂ ਨੌਜਵਾਨ ਇਸ ਦੇ ਆਦੀ ਬਣੇ ਹਨ। ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਰੁਝਾਨ ਤੋਂ ਬਚਾਉਣ ਲਈ ਵੀ ਮਾਪਿਆਂ ਨੇ 12ਵੀਂ ਕਰਨ ਤੋਂ ਬਾਅਦ ਹੀ ਆਈਲੈੱਟਸ ਕਰਵਾ ਕੇ ਕੈਨੇਡਾ ਭੇਜਣ 'ਚ ਹੀ ਭਲਾਈ ਸਮਝੀ।


Shyna

Content Editor

Related News