ਬੇਰੋਜ਼ਗਾਰ ਅਧਿਆਪਕਾਂ ਨੇ ਨੰਗੇ ਧੜ ਮੋਤੀ ਮਹਿਲ ਤੱਕ ਕੱਢਿਆ ਰੋਸ ਮਾਰਚ
Sunday, Jun 27, 2021 - 08:04 PM (IST)
ਪਟਿਆਲਾ(ਮਨਦੀਪ ਜੋਸਨ)- ਰੋਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਦਾ ਸੰਘਰਸ਼ ਜਾਰੀ ਹੈ। ਅੱਜ ਉਨ੍ਹਾਂ ਨੇ ਨੰਗੇ ਧੜ ਹੋ ਕੇ ਮੋਤੀ ਮਹਿਲ ਤੱਕ ਰੋਸ ਮਾਰਚ ਕੱਢਿਆ। ਇਸ ਤੋਂ ਪਹਿਲਾਂ ਇਨ੍ਹਾਂ ਅਧਿਆਪਕਾਂ ਨੇ ਫੁਹਾਰਾ ਚੌਕ ਵਿਖੇ ਹੀ ਕਈ ਘੰਟੇ ਜ਼ੋਰਦਾਰ ਰੋਸ ਪ੍ਰਦਰਸ਼ਨ ਵੀ ਕੀਤਾ। ਜਿਉਂ ਹੀ ਅਧਿਆਪਕ ਨੰਗੇ ਹੋ ਕੇ ਮੋਤੀ ਮਹਿਲ ਨੇੜੇ ਵਾਈ. ਪੀ. ਐੱਸ. ਚੌਕ ਪੁੱਜੇ ਤਾਂ ਭਾਰੀ ਪੁਲਸ ਫੋਰਸ ਨੇ ਅਧਿਆਪਕਾਂ ਨੂੰ ਘੇਰਿਆ ਅਤੇ ਉਨ੍ਹਾਂ ਨੂੰ ਮੋਤੀ ਮਹਿਲ ਵੱਲ ਵਧਣ ਤੋਂ ਰੋਕ ਦਿੱਤਾ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਫੇਸਬੁੱਕ ’ਤੇ ਸ਼ੇਅਰ ਕੀਤੀ ਅਕਾਲੀ ਆਗੂ ਵਲੋਂ ਬਣਾਈ ਵੀਡੀਓ, ਨਿਸ਼ਾਨੇ ’ਤੇ ਮਨਪ੍ਰੀਤ ਬਾਦਲ
ਉਕਤ ਆਗੂਆਂ ਨੇ ਦੱਸਿਆ ਕਿ ਸੁਰਿੰਦਰਪਾਲ ਜੋ ਕਿ 99 ਦਿਨਾਂ ਤੋਂ ਟਾਵਰ ਉੱਪਰ ਡਟਿਆ ਹੈ, ਅੱਜ ਉਸ ਦਾ ਮਰਨ ਵਰਤ ਅੱਠਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ, ਜਿਸ ਕਾਰਨ ਉਸ ਦੀ ਹਾਲਤ ਵੀ ਗੰਭੀਰ ਬਣ ਚੁੱਕੀ ਹੈ। ਸੁਰਿੰਦਰਪਾਲ ਦੀ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਉਸ ਨਾਲ ਕਿਸੇ ਵੀ ਸਮੇਂ ਕੋਈ ਦੁਰਘਟਨਾ ਵਾਪਰ ਸਕਦੀ ਹੈ। ਰੋਸ ਵਜੋਂ ਅੱਜ ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਅੱਧ-ਨੰਗੇ ਹੋ ਕੇ ਪਹਿਲਾਂ ਲੀਲਾ ਚੌਕ ’ਤੇ ਜਾਮ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਵਾਈ. ਪੀ. ਐੱਸ. ਚੌਕ ਤੱਕ ਮਾਰਚ ਸ਼ੁਰੂ ਕੀਤਾ ਗਿਆ। ਬੇਰੋਜ਼ਗਾਰ ਅਧਿਆਪਕ ਜਦੋਂ ਮਾਰਚ ਕਰਦੇ ਹੋਏ ਵਾਈ. ਪੀ. ਐੱਸ. ਚੌਕ ਪੁੱਜੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪ੍ਰਕਾਸ਼ ਸਿੰਘ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ ਐੱਸ. ਆਈ. ਟੀ. ’ਚੋਂ ਦਿੱਤਾ ਅਸਤੀਫ਼ਾ
ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸ਼ਾਮਾ, ਨਿਰਮਲ ਜ਼ੀਰਾ, ਬਲਵਿੰਦਰ ਨਾਭਾ ਅਤੇ ਰਾਜਸੁਖਵਿੰਦਰ ਗੁਰਦਾਸਪੁਰ ਨੇ ਕਿਹਾ ਕਿ ਟਾਵਰ ’ਤੇ ਬੈਠੇ ਸੁਰਿੰਦਰਪਾਲ ਗੁਰਦਾਸਪੁਰ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?