ਬੇਰੋਜ਼ਗਾਰ ਅਧਿਆਪਕਾਂ ਵਲੋਂ ਸੰਘਰਸ਼ ਜਾਰੀ, ਟੈਂਕੀ ''ਤੇ ਚੜ੍ਹੇ ਅਧਿਆਪਕ ਦੀ ਹਾਲਤ ਵਿਗੜੀ (ਤਸਵੀਰਾਂ)

09/27/2016 3:01:49 PM

ਜਲਾਲਾਬਾਦ (ਸੇਤੀਆ, ਗੋਇਲ, ਗੁਲਸ਼ਨ)— ਬੇਰੋਜ਼ਗਾਰ ਪੀ. ਟੀ. ਆਈ. ਅਧਿਆਪਕਾਂ ਵਲੋਂ ਤਹਿਸੀਲ ਕੰਪਲੈਕਸ ਵਿਚ ਜਾਰੀ ਰੋਸ ਧਰਨਾ ਮੰਗਲਵਾਰ ਨੂੰ 38ਵੇਂ ਦਿਨ ''ਚ ਸ਼ਾਮਿਲ ਹੋ ਗਿਆ, ਉਥੇ ਹੀ ਲੜੀਵਾਰ ਭੁੱਖ ਹੜਤਾਲ 29ਵੇਂ ਦਿਨ ਵਿਚ ਸ਼ਾਮਿਲ ਹੋ ਗਈ। ਇਸਦੇ ਨਾਲ ਹੀ ਟੈਂਕੀ ''ਤੇ ਚੜ੍ਹ ਕੇ ਤਿੰਨ ਦਿਨਾਂ ਤੋਂ ਮਰਨ ਵਰਤ ''ਤੇ ਬੈਠੇ ਸਾਥੀ ਰਜਿੰਦਰ ਸਿੰਘ ਮਾਨਸਾ ਦੀ ਮੰਗਲਵਾਰ ਨੂੰ ਅਚਾਨਕ ਹਾਲਤ ਵਿਗੜਣ ਕਾਰਣ ਪ੍ਰਸ਼ਾਸਨ ਵਲੋਂ ਸਿਵਲ ਹਸਪਤਾਲ ਦੇ ਸਟਾਫ ਨੂੰ ਬੁਲਾਇਆ ਗਿਆ। ਇਸ ਮੌਕੇ ਐਸ. ਡੀ. ਐਮ. ਅਵਿਕੇਸ਼ ਗੁਪਤਾ, ਨਾਇਬ ਤਹਿਸੀਲਦਾਰ ਗੁਰਸੇਵਕ ਸਿੰਘ, ਐਸ. ਐਚ. ਓ. ਹਰਪ੍ਰੀਤ ਸਿੰਘ ਆਦਿ ਮੌਜੂਦ ਸਨ। ਡਾਕਟਰਾਂ ਦੀ ਟੀਮ ਵਲੋਂ ਚੈਕਅਪ ਕੀਤੇ ਜਾਣ ਤੋਂ ਬਾਅਦ ਰਿਪੋਰਟ ਵਿਚ ਬੀ. ਪੀ. ਲੋਅ ਪਾਇਆ ਗਿਆ ਅਤੇ ਡਾਕਟਰਾਂ ਮੁਤਾਬਿਕ ਮੁੱਢਲੀ ਸਹਾਇਤਾਂ ਲਈ ਮੈਡੀਕਲ ਟ੍ਰੀਟਮੈਂਟ ਜ਼ਰੂਰੀ ਦੱਸਿਆ ਗਿਆ ਪਰ ਅਧਿਆਪਕਾਂ ਵਲੋਂ ਟ੍ਰੀਟਮੈਂਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਧਰ ਐਸ. ਡੀ. ਐਮ. ਦਾ ਕਹਿਣਾ ਹੈ ਕਿ ਪ੍ਰਸ਼ਾਸਨ ਮੁੱਢਲੀ ਸਹਾਇਤਾ ਅਤੇ ਇਲਾਜ ਲਈ ਤਿਆਰ ਹੈ ਪਰ ਜਥੇਬੰਦੀ ਉਨ੍ਹਾਂ ਨੂੰ ਇਲਾਜ ਨਹੀਂ ਕਰਵਾਉਣ ਦੇ ਰਹੀ ਅਤੇ ਭਵਿੱਖ ਵਿਚ ਜੇਕਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਨਹੀਂ ਹੋਵੇਗੀ।
ਉਧਰ ਟੈਂਕੀ ''ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕ ਸੁਨੀਲ ਕੁਮਾਰ, ਹਰਦੀਪ ਸਿੰਘ, ਬੱਬੂ, ਕਮਲਜੀਤ, ਆਸ਼ੂ ਬਾਲਾ, ਪਰਮਜੀਤ ਨੇ ਦੱਸਿਆ ਕਿ ਜਥੇਬੰਦੀ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸੇ ਵੀ ਘਟਨਾ ਲਈ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਜੇਕਰ ਪ੍ਰਸ਼ਾਸਨ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਸਾਥੀ ਟੈਂਕੀਆਂ ਤੋਂ ਛਾਲ ਮਾਰਨ ਤੋਂ ਵੀ ਗੁਰੇਜ ਨਹੀਂ ਕਰਨਗੇ।


Gurminder Singh

Content Editor

Related News