ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਘਰ ਘੇਰਿਆ, ਮਾਨ ਸਰਕਾਰ ’ਤੇ ਕੀਤੇ ਤਿੱਖੇ ਹਮਲੇ

Sunday, May 01, 2022 - 04:52 PM (IST)

ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਘਰ ਘੇਰਿਆ, ਮਾਨ ਸਰਕਾਰ ’ਤੇ ਕੀਤੇ ਤਿੱਖੇ ਹਮਲੇ

ਬਰਨਾਲਾ (ਪੁਨੀਤ) : ਬਰਨਾਲਾ ’ਚ ਬੀ.ਐੱਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ’ਚ ਬੇਰੁਜ਼ੁਗਾਰ ਅਧਿਆਪਕ ਪੁਲਸ ਵਲੋਂ ਲਗਾਏ ਗਏ ਬੈਰੀਕੇਡ ਦੇ ਉੱਪਰੋਂ ਨਿਕਲ ਕੇ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਕੋਲ ਪਹੁੰਚੇ। ਵੱਡੀ ਗਿਣਤੀ ’ਚ ਤਾਇਨਾਤ ਪੁਲਸ ਬਲ ਵਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਲਈ ਕਾਫ਼ੀ ਜੱਦੋਜਹਿਦ ਕੀਤੀ ਗਈ। ਇਸ ਖਿੱਚੋਤਾਣ ’ਚ ਇਕ ਵਿਅਕਤੀ ਦੀ ਪੱਗੜੀ ਉਤਰ ਗਈ ਜਦਕਿ ਕੁਝ ਲੋਕਾਂ ਦੇ ਕੱਪੜੇ ਵੀ ਫੱਟ ਗਏ।  ਪੁਲਸ ਕਰਮਚਾਰੀਆਂ ਅਤੇ ਬੇਰੁਜ਼ਗਾਰ ਅਧਿਆਪਕਾਂ ਵਿਚਾਲੇ ਹੋਈ ਧੱਕਾ ਮੁੱਕੀ ਦੌਰਾਨ ਅਧਿਆਪਕਾਂ ਨੇ ਮੰਤਰੀ ਦੀ ਕੋਠੀ ਵਲ ਜਾਣ ਦੀ ਜ਼ਿੱਦ ’ਤੇ ਅੜੇ ਰਹੇ ਅਤੇ ਪੁਲਸ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਤ ਕਰਨੀ ਪਈ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਖ਼ੁਦ ਨੂੰ ਆਮ ਆਦਮੀ ਦੱਸਣ ਵਾਲੀ ਇਹ ‘ਆਪ’ ਸਰਕਾਰ ਤਾਂ ਪਿਛਲੀਆਂ ਸਰਕਾਰਾਂ ਨਾਲੋਂ ਵੀ ਨਿਰਦਈ ਨਿਕਲੀ ।

ਇਹ ਵੀ ਪੜ੍ਹੋ : ਕਲਯੁੱਗੀ ਮਾਂ : ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਆਸ਼ਕ ਨਾਲ ਹੋਈ ਫਰਾਰ

ਇਸ ਮਾਮਲੇ ’ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰ ਨੇਤਾਵਾਂ ਗਗਨਦੀਪ ਕੌਰ, ਸੰਦੀਪਪ ਗਿੱਲ, ਜਗਦੀਪ ਸਿੰਘ ਅਤੇ ਪੁਲਸ ਦੀ ਧੱਕਾ ਮੁੱਕੀ ਦਾ ਸ਼ਿਕਾਰ ਹੋਏ ਅਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਅਧਿਆਪਕਾਂ ਦੀਆਂ 4161 ਪੋਸਟਾਂ ਕੱਢੀਆਂ ਗਈਆਂ ਸੀ ਜਦਕਿ ਬੀਐੱਡ ਟੈੱਟ ਪਾਸ ਅਧਿਆਪਕਾਂ ਦੀ ਗਿਣਤੀ 35 ਹਜ਼ਾਰ ਦੇ ਲਗਭਗ ਹੈ ਅਤੇ ਜਿਹੜੀਆਂ ਪੋਸਟਾਂ ਕੱਢੀਆਂ ਸਨ ਉਨ੍ਹਾਂ ਨੂੰ ਵਧਾਉਣ ਲਈ ਉਹ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੀ ਸੰਘਰਸ਼ ਕਰ ਰਹੇ ਹਨ। ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਜਦੋਂ ਬੇਰੁਜ਼ਗਾਰ ਅਧਿਆਪਕ ਸੰਗਰੂਰ ਅਤੇ ਹੋਰ ਥਾਵਾਂ ’ਤੇ ਪਾਣੀ ਦੀਆਂ ਟੈਂਕੀਆਂ ’ਤੇ ਬੈਠੇ ਸਨ ਤਾਂ ਇਹੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਡੇਢ ਸੌ ਫੁੱਟ ਉੱਪਰ ਟੰਕੀ ’ਤੇ ਚੜ੍ਹਕੇ ਉਨ੍ਹਾਂ ਨੂੰ ਭਰੋਸਾ ਦੇ ਕੇ ਗਏ ਸਨ ਕਿ ਜੇਕਰ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਡੇਢ ਮਹੀਨੇ ’ਚ ਹੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਉ੍ਨ੍ਹਾਂ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਐਲਾਨ ਮੰਤਰੀ ਕਹਿੰਦੇ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਢ ਮਹੀਨਾ ਹੋ ਚੁੱਕਿਆ ਹੈ ਅਤੇ ਇਨ੍ਹਾਂ ਲੋਕਾਂ ਵਲੋਂ ਵੀ ਸਿਰਫ਼ ਐਲਾਨ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਸੀ ਕਿ ਸਰਕਾਰ ਬਣਦੇ ਹੀ ਮੁੱਖ ਮੰਤਰੀ ਦਾ ਹਰਾ ਪੈੱਨ ਸਭ ਤੋਂ ਪਹਿਲਾਂ ਉਨ੍ਹਾਂ ਲਈ ਹੀ ਚੱਲੇਗਾ ਅਤੇ ਸਾਰੀਆਂ ਭਰਤੀਆਂ ਖੋਲ੍ਹੀਆਂ ਜਾਣਗੀਆਂ ਅਤੇ ਸਾਮਾਜਿਕ ਸਿੱਖਿਆ, ਹਿੰਦੀ, ਪੰਜਾਬੀ ਆਦਿ ਸਾਰੇ ਅਧਿਆਪਕਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। 

ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ

ਉਨ੍ਹਾਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ 8 ਜਨਵਰੀ ਨੂੰ 4161 ਪੋਸਟਾਂ ਕੱਢੀਆਂ ਗਈਆਂ ਸੀ ਜਿਨ੍ਹਾਂ ਦੀ ਭਰਤੀ ਅਜੇ ਤੱਕ ਨਹੀਂ ਹੋਈ ਹੈ ਅਤੇ ਇਸ ਬਾਰੇ ’ਚ ਉਹ ਕਈ ਵਾਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਮੰਗ ਕਰ  ਚੁੱਕੇ ਹਨ ਕਿ ਇਕ ਪੈੱਨਲ ਮੀਟਿੰਗ ਬੁਲਾ ਕੇ ਸਮੱਸਿਆ ਦਾ ਹੱਲ ਕੀਤਾ ਜਾਵੇ ਪਰ ਸਿੱਖਿਆ ਮੰਤਰੀ ਮੀਤ ਹੇਅਰ ਇਕ ਵਾਰ ਵੀ ਪੈਨਲ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਜਿਸ ਤੋਂ ਬਾਅਦ ਥੱਕ ਹਾਰ ਕੇ ਉਹ ਅੱਜ ਆਪਣੀ ਗੱਲ ਦੱਸਣ ਲਈ ਬਰਨਾਲਾ ’ਚ ਸਿੱਖਿਆ ਮੰਤਰੀ ਦੇ ਘਰ ਪਹੁੰਚੇ ਸੀ ਪਰ ਪੁਲਸ ਵਲੋਂ 5 ਥਾਵਾਂ ’ਤੇ ਬੈਰੀਕੇਡਿੰਗ ਕਰ ਕੇ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਪਿਛਲੀ ਸਰਕਾਰਾਂ ਤੋਂ ਦੁਖੀ ਹੋ ਕੇ ਇਸ ਵਾਰ ‘ਆਮ ਆਦਮੀ ਪਾਰਟੀ’ ਨੂੰ 92 ਸੀਟਾਂ ਦੇ ਕੇ ਸਰਕਾਰ ਬਣਾਈ ਸੀ ਕਿ ਉਹ ਲੋਕਾਂ ਦੇ ਦੁੱਖ ਸੁਣਨਗੇ ਪਰ ਜਦੋਂ ਅੱਜ ਲੋਕ ਆਪਣੇ ਦੁੱਖ ਦੱਸਣ ਲਈ ਆਏ ਹਨ ਤਾਂ ਇਨ੍ਹਾਂ ਮੰਤਰੀਆਂ ਦੇ ਦਰਵਾਜ਼ੇ ਸਾਡੇ ਲਈ ਬੰਦ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ’ਚ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਜਿਹੜੀਆਂ 4161 ਭਰਤੀਆਂ ਕੱਢੀਆਂ ਸਨ ਉਨ੍ਹਾਂ ’ਚ ਵਾਧਾ ਕਰ ਕੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿਛਲੀ ਸਰਕਾਰਾਂ ਦੀ ਤਰ੍ਹਾਂ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਅਤੇ ਆਪਣੀ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੀਆਂ ਪਗੜੀਆਂ ਜ਼ਮੀਨਾਂ ’ਤੇ ਸੁੱਟੀਆਂ ਜਾ ਰਹੀਆਂ ਹਨ ਅਤੇ ਲਾਠੀਚਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪੈਨਲ ਮੀਟਿੰਗ ’ਚ ਬੈਠਕੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਨਹੀਂ ਦੇਣਗੇ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News