ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ ''ਤੇ ਚੜ੍ਹੇ, ਸਰਕਾਰ ਨੂੰ ਦਿੱਤੀ ਚਿਤਾਵਨੀ
Thursday, Sep 10, 2020 - 02:30 PM (IST)
ਸੰਗਰੂਰ (ਵਿਵੇਕ ਸਿੰਧਵਾਨੀ) : ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅੱਜ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਸੁਨਾਮ ਰੋਡ 'ਤੇ ਸਥਿਤ ਟੈਂਕੀ 'ਤੇ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਸ਼ਿੰਦਰ ਸਾਗਰਾ, ਦਲਵੀਰ ਸਿੰਘ, ਮਨਜੀਤ ਸਿੰਘ ਅਤੇ ਪ੍ਰਗਟ ਸਿੰਘ ਚੜ੍ਹੇ ਜਦਕਿ ਬਾਕੀ ਬੇਰੁਜ਼ਗਾਰ ਅਧਿਆਪਕਾਂ ਨੇ ਟੈਂਕੀ ਹੇਠਾਂ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਇਸ ਦੌਰਾਨ ਯੂਨੀਅਨ ਦੇ ਬੁਲਾਰੇ ਕ੍ਰਿਸ਼ਨ ਕੁਮਾਰ ਨਾਭਾ, ਅਮਨਪਰੀਤ ਸਿੰਘ, ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ 2011 ਤੋਂ 646 ਪੋਸਟਾਂ ਦੀ ਮੈਰਿਟ ਲਿਸਟ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਸਿੱਖਿਆ ਮੰਤਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਇਹ ਵੀ ਪੜ੍ਹੋ : ਵਪਾਰਕ ਸੌਖ ਸਬੰਧੀ ਸਰਵੇਖਣ 'ਚ ਪੰਜਾਬ ਨੂੰ ਮਿਲੇ 19ਵੇਂ ਰੈਂਕ ਤੋਂ ਮੁੱਖ ਮੰਤਰੀ ਅਸੰਤੁਸ਼ਟ
ਮੌਜੂਦਾ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ਼ ਵੀ ਉਹ ਮੀਟਿੰਗ ਕਰ ਚੁੱਕੇ ਹਨ ਪਰ ਅਜੇ ਤੱਕ ਸਿਰਫ਼ ਸਾਨੂੰ ਮਿੱਠੀ ਗੋਲੀ ਹੀ ਮਿਲੀ ਹੈ ਅਤੇ ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦੇਣ ਲਈ ਲਗਾਤਾਰ ਲਾਅਰੇ ਲਗਾ ਰਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ 'ਚ ਆਉਣ ਲਈ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਕੈਪਟਨ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਭੱਜਦੀ ਆ ਰਹੀ ਹੈ। ਸਰਕਾਰਾਂ ਦੀ ਨਾਲਾਇਕੀ ਕਾਰਨ ਉਹ ਕਈ ਸਾਲਾਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ। ਆਗੂਆਂ ਨੇ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਹੁਣ ਉਹ ਆਪਣੇ ਬਣਦੇ ਹੱਕ ਲੈ ਕੇ ਹੀ ਹਟਣਗੇ, ਇਸ ਲਈ ਭਾਵੇਂ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।
ਇਹ ਵੀ ਪੜ੍ਹੋ : ਅਨਲਾਕ-4 ਤਹਿਤ ਨਵੇਂ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਹੁਕਮ ਜਾਰੀ