ਕੰਮ ਨਾ ਮਿਲਣ ''ਤੇ ਬੇਰੁਜ਼ਗਾਰ ਪਰਿਵਾਰਾਂ ਸਮੇਤ ਫਾਕੇ ਕੱਟਣ ਨੂੰ ਮਜਬੂਰ ਹਨ ਇਹ ਲੋਕ

Sunday, Aug 27, 2017 - 12:50 PM (IST)


ਕੋਟਕਪੂਰਾ (ਨਰਿੰਦਰ) : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਖਿਲਾਫ਼ ਆਏ ਅਦਾਲਤੀ ਫੈਸਲੇ ਤੋਂ ਬਾਅਦ ਪੰਜਾਬ 'ਚ ਪੈਦਾ ਹੋਏ ਤਣਾਅਪੂਰਨ ਮਾਹੌਲ ਦੇ ਚਲਦਿਆਂ ਜਿੱਥੇ ਵੱਡੇ ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ, ਉੱਥੇ ਇਸਦੀ ਸਭ ਤੋਂ ਜ਼ਿਆਦਾ ਮਾਰ ਸਮਾਜ ਦੇ ਕਮਜੋਰ ਵਰਗ ਮਜਦੂਰਾਂ 'ਤੇ ਵੇਖਣ ਨੂੰ ਮਿਲ ਰਹੀ ਹੈ। ਅੱਜ ਜਗਬਾਣੀ ਦੀ ਟੀਮ ਵੱਲੋਂ ਇਸ ਸਬੰਧੀ ਜਾਨਣ ਲਈ ਸਥਾਨ ਰੇਲਵੇ ਓਵਰ ਬ੍ਰਰਿਜ ਦੇ ਹੇਠਾਂ ਜਾ ਕੇ ਜਾਇਜ਼ਾ ਲਿਆ ਤਾਂ ਉੱਥੇ ਵੱਡੀ ਗਿਣਤੀ 'ਚ ਮਜ਼ਦੂਰ ਦਿਹਾਡ਼ੀ ਜਾਣ ਦੀ ਉਡੀਕ 'ਚ ਬੈਠੇ ਸਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਂਝ ਤਾਂ ਪਿਛਲੇ ਇਕ ਹਫ਼ਤੇ ਤੋਂ ਉਨ੍ਹਾਂ ਨੂੰ ਕੋਈ ਕੰਮ ਨਹੀਂ ਸੀ ਮਿਲ ਰਿਹਾ ਪਰ 25 ਅਗਸਤ ਤੋਂ ਬਾਅਦ ਤਾਂ ਉਨ੍ਹਾਂ ਨੂੰ ਕੰਮ ਮਿਲਣਾਂ ਉਕਾ ਹੀ ਬੰਦ ਹੋ ਚੁੱਕਾ ਹੈ ਅਤੇ ਹਾਲਾਤ ਇਹ ਬਣ ਗਏ ਹਨ ਕਿ ਉਨ੍ਹਾਂ ਨੂੰ ਰੋਜੀ-ਰੋਟੀ ਦੇ ਲਾਲੇ ਪੈ ਗਏ ਹਨ। 
ਇਸ ਦੌਰਾਨ ਉੱਥੇ ਬੈਠੇ ਮਜਦੂਰ ਬਲਦੇਵ, ਰਕੇਸ਼, ਗੋਵਿੰਦ, ਕ੍ਰਸ਼ਿਨ ਅਤੇ ਛਿੰਦਾ ਸਿੰਘ ਆਦਿ ਨੇ ਦੱਸਿਆ ਕਿ ਉਹ ਹਰ ਰੋਜ ਘਰੋਂ ਕੰਮ ਦੀ ਉਮੀਦ ਲੈ ਕੇ ਆਉਂਦੇ ਹਨ ਪਰ ਘਰੋਂ ਲਿਆਂਦੀ ਰੋਟੀ ਖਾ ਕੇ ਖਾਲੀ ਹੱਥ ਮੁਡ਼ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਈ ਦਿਨਾਂ ਤੋਂ ਕੰਮ ਬਿਲਕੁੱਲ ਨਾ ਮਿਲਣ ਕਾਰਨ ਹੁਣ ਪਰਿਵਾਰ ਸਮੇਤ ਫਾਕੇ ਕੱਟਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਕਰਫਿਊ ਕਾਰਨ ਦੁਪਹਿਰ ਬਾਰਾਂ ਵਜੇ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਭਜਾ ਦਿੰਦੇ ਹਨ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰੁਜਗਾਰ ਦਵਾਇਆ ਜਾਵੇ ਤਾਂ ਜੋ ਉਹ ਆਪਣੇ ਪਰਵਾਰਾਂ ਦਾ ਪੇਟ ਭਰ ਸਕਣ।


Related News