ਨਹੁੰ-ਮਾਸ ਦਾ ਰਿਸ਼ਤਾ ਹੋਇਆ ਤਾਰ-ਤਾਰ, ਮਾਮੇ ਨੇ ਪੁੱਤਾਂ ਨਾਲ ਮਿਲ ਮਾਰਿਆ ਭਾਣਜਾ
Sunday, Nov 17, 2019 - 09:56 PM (IST)
![ਨਹੁੰ-ਮਾਸ ਦਾ ਰਿਸ਼ਤਾ ਹੋਇਆ ਤਾਰ-ਤਾਰ, ਮਾਮੇ ਨੇ ਪੁੱਤਾਂ ਨਾਲ ਮਿਲ ਮਾਰਿਆ ਭਾਣਜਾ](https://static.jagbani.com/multimedia/2019_11image_18_49_374266585murd.jpg)
ਮਾਨਸਾ (ਜੱਸਲ) : ਜ਼ਮੀਨ ਦੇ ਲਾਲਚ ਵਿਚ ਨਹੁੰ-ਮਾਸ ਦਾ ਰਿਸ਼ਤਾ ਉਸ ਸਮੇਂ ਤਾਰ-ਤਾਰ ਹੋ ਗਿਆ ਜਦੋਂ ਸਕਾ ਮਾਮਾ ਅਤੇ ਉਸ ਦੇ ਲੜਕਿਆਂ ਨੇ ਭਾਣਜੇ ਨੂੰ ਕਤਲ ਕਰਨ ਲਈ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਭਾਣਜੇ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ ਹੈ। ਪੁਲਸ ਨੇ ਕਾਰਵਾਈ ਕਰਦਿਆਂ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।
ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ 14 ਜੂਨ 2017 ਨੂੰ ਪਰਮਜੀਤ ਕੌਰ ਵਿਧਵਾ ਜਗਜੀਤ ਸਿੰਘ ਵਾਸੀ ਝੁਨੀਰ ਨੇ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਏ ਕਿ ਉਸ ਦਾ ਲੜਕਾ ਅਮਨਦੀਪ ਸਿੰਘ (22) 8 ਜੂਨ 2017 ਨੂੰ ਨਜ਼ਦੀਕੀ ਪਿੰਡ ਜ਼ਮੀਨ ਵੇਖਣ ਗਿਆ ਸੀ ਪਰ ਅਜੇ ਤੱਕ ਉਸ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਢਾਈ ਸਾਲ ਤੋਂ ਚੱਲੇ ਆ ਰਹੇ ਇਸ ਮੁਕੱਦਮੇ ਨੂੰ ਟਰੇਸ ਕਰਨ ਲਈ ਝੁਨੀਰ ਪੁਲਸ ਨੂੰ ਮੁੜ ਦਿੱਤੀਆਂ ਹਦਾਇਤਾਂ ਉਪਰੰਤ ਪੁਲਸ ਨੇ 3 ਵਿਅਕਤੀਆਂ ਬਲਜੀਤ ਸਿੰਘ, ਗੁਰਮੀਤ ਸਿੰਘ ਪੁੱਤਰਾਨ ਗੁਰਮੇਲ ਸਿੰਘ ਅਤੇ ਗੁਰਮੇਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਗਾਟਵਾਲੀ ਥਾਣਾ ਰਾਮਾ ਜ਼ਿਲਾ ਬਠਿੰਡਾ ਨੂੰ ਨਾਮਜ਼ਦ ਕੀਤਾ। ਜਿਨ੍ਹਾਂ ਵਿਚੋਂ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰਨ 'ਤੇ ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਘੱਟ ਜ਼ਮੀਨ ਹੈ ਅਤੇ ਮਕਤੂਲ ਅਮਨਦੀਪ ਸਿੰਘ ਉਸਦੀ ਭੂਆ ਦਾ ਲੜਕਾ ਸੀ, ਜਿਸਦੀ ਜ਼ਮੀਨ 'ਤੇ ਉਨ੍ਹਾਂ ਦੀ ਅੱਖ ਸੀ।
ਜ਼ਮੀਨ ਦੇ ਲਾਲਚ ਵਿਚ ਉਨ੍ਹਾਂ ਨੇ ਅਮਨਦੀਪ ਸਿੰਘ ਨੂੰ ਨਸ਼ਾ ਕਰਵਾ ਕੇ ਕਾਰ ਵਿਚ ਪਿੰਡ ਫੱਤਾ ਮਾਲੋਕਾ ਨੇੜੇ ਭਾਖੜਾ ਨਹਿਰ 'ਤੇ ਲਿਜਾ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਨਹਿਰ ਵਿਚ ਸੁੱਟ ਦਿੱਤਾ ਸੀ, ਜਿਸਦੀ ਲਾਸ਼ ਬਰਾਮਦ ਨਹੀਂ ਹੋਈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਰਹਿੰਦੇ ਦੋ ਵਿਅਕਤੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।