ਦਰਦਨਾਕ ਹਾਦਸੇ ਨੇ ਘਰ 'ਚ ਪਵਾਏ ਕੀਰਨੇ, ਚਾਚੇ-ਭਤੀਜੇ ਨੇ ਇਕੱਠਿਆਂ ਤੋੜਿਆ ਦਮ
Thursday, Apr 27, 2023 - 06:45 PM (IST)
 
            
            ਬਨੂੜ (ਗੁਰਪਾਲ) : ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ 'ਤੇ ਵਾਪਰੇ ਇਸ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ 9 ਸਾਲਾ ਭਤੀਜੇ ਤੇ ਉਸਦੇ ਚਾਚੇ ਦੀ ਮੌਤ ਹੋਣ ਜਦਕਿ ਉਸਦੀ ਦਾਦੀ ਤੇ ਚਾਚੀ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਦੁੱਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਦੁਪਹਿਰ 3 ਕੁ ਵਜੇ ਦੇ ਕਰੀਬ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਥਾਣਾ ਸਿਟੀ ਰਾਜਪੁਰਾ ਦੇ ਅਧੀਨ ਪੈਂਦੇ ਪਿੰਡ ਜਡੋਲੀ ਵਾਸੀ ਹਰਨੇਕ ਸਿੰਘ (41) ਪੁੱਤਰ ਰਾਮਕ੍ਰਿਸਨ ਸਿੰਘ, ਉਸਦਾ ਭਤੀਜਾ ਫਤਿਹ ਸਿੰਘ (9) ਪੁੱਤਰ ਦੀਦਾਰ ਸਿੰਘ, ਮਾਤਾ ਮਾਇਆ ਕੋਰ (60) ਪਤਨੀ ਰਾਮਕ੍ਰਿਸ਼ਨ ਸਿੰਘ ਤੇ ਭਰਜਾਈ ਜਸਵਿੰਦਰ ਕੌਰ (38) ਪਤਨੀ ਕੁਲਦੀਪ ਸਿੰਘ ਬਨੂੜ ਨੇੜਲੇ ਪਿੰਡ ਤੋਂ ਕਿਸੇ ਭੋਗ 'ਚੋਂ ਸ਼ਾਮਲ ਹੋ ਕੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸਨ।
ਇਹ ਵੀ ਪੜ੍ਹੋ- ਕਣਕ ਵੱਢਣ ਗਏ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਪੋਸਟਮਾਰਟਮ ਰਿਪੋਰਟ ਨੇ ਹੈਰਾਨ ਕੀਤਾ ਪਰਿਵਾਰ
ਇਸ ਦੌਰਾਨ ਜਦੋਂ ਉਹ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ 'ਤੇ ਸਥਿਤ ਪਿੰਡ ਜੰਗਪੁਰਾ ਦੇ ਨਜ਼ਦੀਕ ਪਹੁੰਚੇ ਤਾਂ ਸੜਕ ਕਿਨਾਰੇ ਖੜ੍ਹੇ ਇਕ ਘੋੜਾ ਟਰਾਲੇ ਨਾਲ ਅਚਾਨਕ ਮੋਟਰਸਾਈਕਲ ਦੀ ਟਕਰਾ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਸਾਰੇ ਹੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਹਰਨੇਕ ਸਿੰਘ ਤੇ ਉਸਦੇ 9 ਸਾਲਾ ਭਤੀਜੇ ਫਤਿਹ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਮਾਤਾ ਮਾਇਆ ਕੌਰ ਤੇ ਭਰਜਾਈ ਜਸਵਿੰਦਰ ਕੌਰ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਸਿਆਸਤ ਦਾ ਕੇਂਦਰ ਬਿੰਦੂ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਗੁੜ੍ਹਤੀ 'ਚ ਮਿਲਿਆ ਸੀ ਸੰਘਰਸ਼, ਜਾਣੋ ਜ਼ਿੰਦਗੀ ਦੇ ਅਹਿਮ ਪੜ੍ਹਾਅ
ਇਸ ਮਾਮਲੇ ਬਾਰੇ ਜਦੋਂ ਜਾਂਚ ਅਧਿਕਾਰੀ ਏ. ਐੱਸ. ਆਈ. ਜਸਵਿੰਦਰ ਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸਾਗ੍ਰਸਤ ਦੋਵੇਂ ਵਾਹਨ ਕਬਜ਼ੇ ਵਿਚ ਲਏ ਗਏ ਹਨ ਜਦਕਿ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            