ਚਾਚੇ ਦੇ ਲੜਕੇ ਨੇ ਆਪਣੇ ਭਰਾ ਨੂੰ ਨਸ਼ਾ ਛੁਡਾਊ ਕੇਂਦਰ ਭੇਜ ਕੇ ਮਾਰੀ ਕਰੋੜਾਂ ਰੁਪਏ ਦੀ ਠੱਗੀ
Monday, Dec 09, 2024 - 06:19 AM (IST)
ਨਿਊ ਚੰਡੀਗੜ੍ਹ (ਬੱਤਾ) : ਮੁੱਲਾਂਪੁਰ ਨਿਊ ਚੰਡੀਗੜ੍ਹ ਦੇ ਪਿੰਡ ਭੜੌਜੀਆਂ ’ਚ ਚਚੇਰੇ ਭਰਾ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਜਾਂਚ ਕਰਕੇ 28 ਨਵੰਬਰ 2024 ਨੂੰ ਮੁੱਲਾਂਪੁਰ ਨਿਊ ਚੰਡੀਗੜ੍ਹ ਥਾਣੇ ’ਚ ਮਾਮਲਾ ਦਰਜ ਕਰ ਲਿਆ।
ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਹਰਿੰਦਰ ਸਿੰਘ ਵਾਸੀ ਭੜੌਜੀਆਂ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਸਤਵਿੰਦਰ ਸਿੰਘ ਨੇ ਇਕ ਸਾਜ਼ਿਸ਼ ਤਹਿਤ ਉਸ ਨੂੰ ਅਗਸਤ 2023 ’ਚ ਫ਼ਤਹਿਗੜ੍ਹ ਸਾਹਿਬ ਦੇ ਇਕ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ’ਚ ਭਰਤੀ ਕਰਵਾਇਆ, ਜਿੱਥੇ ਉਸ ਦੇ ਚਚੇਰੇ ਭਰਾ ਦੇ ਕਹਿਣ ’ਤੇ ਉਸਦੀ ਕੁੱਟਮਾਰ ਕੀਤੀ ਗਈ ਤੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤਸ਼ੱਦਦ ਕੀਤਾ ਗਿਆ। ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਹ ਉਸ ਨੂੰ ਮਾਜਰੀ ਤਹਿਸੀਲ ਲੈ ਆਇਆ ਅਤੇ ਧੋਖੇ ਨਾਲ ਨਿਊ ਚੰਡੀਗੜ੍ਹ ’ਚ ਕਰੋੜਾਂ ਰੁਪਏ ਦੀ ਜਾਇਦਾਦ ਉਸ ਦੀ ਪਤਨੀ ਤੇ ਪੁੱਤਰ ਦੇ ਨਾਂ ’ਤੇ ਟਰਾਂਸਫਰ ਕਰਵਾ ਦਿੱਤੀ ਅਤੇ ਉਸ ਨੂੰ ਫਿਰ ਨਸ਼ਾ ਛੁਡਾਊ ਕੇਂਦਰ ’ਚ ਭੇਜ ਦਿੱਤਾ ਗਿਆ। ਜਦੋਂ ਉਹ 15 ਫਰਵਰੀ ਨੂੰ ਵਾਪਸ ਪਰਤਿਆ ਤਾਂ ਉਸ ਨੂੰ ਪਤਾ ਲੱਗਾ ਕਿ ਜਾਇਦਾਦ ਉਸ ਦੀ ਪਤਨੀ ਤੇ ਪੁੱਤਰ ਦੇ ਨਾਂ ’ਤੇ ਬਣੀ ਸੀ ਤਾਂ ਸਤਵਿੰਦਰ ਸਿੰਘ ਨੇ ਉਸ ਦੇ ਨਾਂ ’ਤੇ ਵੀ ਜਾਅਲੀ ਕਾਗਜ਼ਾਤ ਤਿਆਰ ਕਰਕੇ ਧੋਖੇ ਨਾਲ ਕਈ ਪਲਾਟ ਆਪਣੇ ਨਾਂ ਕਰਵਾ ਲਏ ਸਨ।
ਇਹ ਵੀ ਪੜ੍ਹੋ : ਸ਼ਿਮਲਾ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ 'ਚ ਵੀ ਵਧੀ ਠੰਡ
ਉਸ ਦੀ ਪਤਨੀ ਨੂੰ ਇਹ ਕਹਿ ਕੇ ਕਿਸੇ ਕੰਪਨੀ ’ਚ 84 ਲੱਖ ਰੁਪਏ ਲਗਾ ਦਿੱਤੇ, ਜਿਸ ਦੇ ਬਦਲੇ ’ਚ ਉਸ ਨੂੰ ਹਰ ਮਹੀਨੇ ਪੈਸੇ ਮਿਲਣਗੇ, ਜੋ ਉਸ ਨੂੰ ਅੱਜ ਤੱਕ ਨਹੀਂ ਮਿਲੇ ਤੇ ਕੰਪਨੀ ਤੋਂ ਕੋਈ ਰਸੀਦ ਵੀ ਨਹੀਂ ਮਿਲੀ। ਇਸ ਤਰ੍ਹਾਂ ਚਚੇਰੇ ਭਰਾ ਸਤਵਿੰਦਰ ਨੇ ਸਾਡੇ ਨਾਲ ਕਰੋੜਾਂ ਦੀ ਠੱਗੀ ਮਾਰੀ ਹੈ। ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8