ਟੋਕੀਓ ਪੈਰਾ-ਓਲੰਪਿਕ ’ਚ ਉੱਚੀ ਛਾਲ ’ਚ ਪਦਕ ਜਿੱਤਣ ਵਾਲੇ ਊਨਾ ਜ਼ਿਲ੍ਹਾ ਨਿਵਾਸੀ ਦਾ ਸਨਮਾਨ

Monday, Sep 06, 2021 - 02:15 PM (IST)

ਟੋਕੀਓ ਪੈਰਾ-ਓਲੰਪਿਕ ’ਚ ਉੱਚੀ ਛਾਲ ’ਚ ਪਦਕ ਜਿੱਤਣ ਵਾਲੇ ਊਨਾ ਜ਼ਿਲ੍ਹਾ ਨਿਵਾਸੀ ਦਾ ਸਨਮਾਨ

ਚੰਡੀਗੜ੍ਹ (ਲਲਨ) : ਆ ਗਿਆ, ਆ ਗਿਆ ਦੀ ਆਵਾਜ਼ ਹੀ ਮੇਰੇ ਕੰਨਾਂ ਵਿਚ ਸੁਣਾਈ ਦੇ ਰਹੀ ਸੀ। ਮੈਂ ਸੋਚ ਰਿਹਾ ਸੀ ਕਿ ਕੀ ਆ ਗਿਆ? ਉੱਚੀ ਛਾਲ ਪੂਰੀ ਹੋਣ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਪਦਕ ਜਿੱਤ ਲਿਆ ਹੈ। ਇਸ ਦੌਰਾਨ ਮੇਰੇ ਕੋਚ ਬਾਹਰੋਂ ਬੋਲ ਰਹੇ ਸਨ ਕਿ ਆ ਗਿਆ, ਆ ਗਿਆ। ਮੈਂ ਉਨ੍ਹਾਂ ਨੂੰ ਪੁੱਛਿਆ ਕੀ ਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਂ ਸਿਲਵਰ ਮੈਡਲ ਜਿੱਤ ਗਿਆ ਹਾਂ। ਇਸ ਤੋਂ ਬਾਅਦ ਵੀ ਮੈਨੂੰ ਭਰੋਸਾ ਨਹੀਂ ਹੋ ਰਿਹਾ ਸੀ ਪਰ ਇਹ ਸੱਚ ਸੀ। ਇਸ ਤੋਂ ਬਾਅਦ ਮੇਰੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗ ਪਏ। ਇਹ ਕਹਿਣਾ ਹੈ ਟੋਕੀਓ ਪੈਰਾ-ਓਲੰਪਿਕ ਵਿਚ ਉੱਚੀ ਛਾਲ ਵਿਚ ਸਿਲਵਰ ਮੈਡਲ ਜਿੱਤਣ ਵਾਲੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹਾ ਨਿਵਾਸੀ ਨਿਸ਼ਾਦ ਕੁਮਾਰ ਦਾ। ਡੀ. ਏ. ਵੀ. ਕਾਲਜ ਵਿਚ ਹੋਏ ਸਨਮਾਨ ਸਮਾਰੋਹ ਵਿਚ ਪੁੱਜੇ ਨਿਸ਼ਾਦ ਨੇ ਦੱਸਿਆ ਕਿ ਮੈਂ ਜ਼ਿੰਦਗੀ ਵਿਚ ਕਦੇ ਖੁਦ ਨੂੰ ਸਰੀਰਕ ਰੂਪ ਤੋਂ ਅਸਮਰਥ ਨਹੀਂ ਸਮਝਿਆ, ਨਾ ਹੀ ਕਿਸੇ ਹੋਰ ਨੂੰ ਅਜਿਹਾ ਸਮਝਣਾ ਚਾਹੀਦਾ ਹੈ। ਮਨ ਵਿਚੋਂ ਦਿਵਿਆਂਗ ਸ਼ਬਦ ਨੂੰ ਕੱਢ ਦਿਓ ਅਤੇ ਖੁਦ ’ਤੇ ਭਰੋਸਾ ਕਰੋ ਤਾਂ ਤੁਹਾਨੂੰ ਸਫ਼ਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ।

PunjabKesari

ਚਾਰਾ ਕੱਟਣ ਵਾਲੀ ਮਸ਼ੀਨ ਨਾਲ ਕੱਟਿਆ ਗਿਆ ਸੀ ਹੱਥ
ਨਿਸ਼ਾਦ ਨੇ ਦੱਸਿਆ ਕਿ 2008 ਵਿਚ ਉਸ ਦਾ ਹੱਥ ਚਾਰਾ ਕੱਟਣ ਵਾਲੀ ਮਸ਼ੀਨ ਨਾਲ ਕੱਟਿਆ ਗਿਆ ਸੀ ਪਰ ਕਦੇ ਮੈਂ ਇਹ ਨਹੀਂ ਸੋਚਿਆ ਕਿ ਮੈਂ ਦਿਵਿਆਂਗ ਹਾਂ। ਖੇਤੀਬਾੜੀ ਵਿਚ ਪਾਪਾ ਦੀ ਮਦਦ  ਕਰਦਾ ਰਿਹਾ। ਹਰ ਕਿਸੇ ਦਾ ਬੁਰਾ ਸਮਾਂ ਆਉਂਦਾ ਹੈ ਪਰ ਚੰਗੇ ਦਿਨ ਵੀ ਆਉਂਦੇ ਹਨ। ਇਸ ਲਈ ਵਿਅਕਤੀ ਨੂੰ ਹਤਾਸ਼ ਅਤੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਇਕ ਸਮਾਂ ਅਜਿਹਾ ਵੀ ਆਇਆ ਕਿ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਸਨ ਪਰ 2016 ਵਿਚ ਨੈਸ਼ਨਲ ਲੈਵਲ ’ਤੇ ਮੈਡਲ ਜਿੱਤਣ ਤੋਂ ਬਾਅਦ ਮੇਰੀ ਟ੍ਰੇਨਿੰਗ ਭੋਪਾਲ ਵਿਚ ਸ਼ੁਰੂ ਹੋ ਗਈ ਅਤੇ ਮੇਰੀ ਕਿਸਮਤ ਬਦਲ ਗਈ। ਮੇਰੀ ਮਾਂ ਪੁਸ਼ਪਾ ਦੇਵੀ ਵਾਲੀਬਾਲ ਅਤੇ ਸ਼ਾਟਪੁਟ ਦੀ ਕਾਲਜ ਲੈਵਲ ਦੀ ਖਿਡਾਰੀ ਰਹੀ ਹੈ। ਉਨ੍ਹਾਂ ਮੈਨੂੰ ਪੂਰਾ ਸਹਿਯੋਗ ਦਿੱਤਾ।

PunjabKesari

ਨੌਕਰੀ ਦੀ ਭਾਲ ਹੁਣ ਤਕ ਜਾਰੀ, ਨਹੀਂ ਆਈ ਸਰਕਾਰ ਵੱਲੋਂ ਆਫ਼ਰ
ਟੋਕੀਓ ਪੈਰਾ-ਓਲੰਪਿਕ ਵਿਚ ਸਿਲਵਰ ਮੈਡਲ ਜਿੱਤਣ ਵਾਲੇ ਨਿਸ਼ਾਦ ਕੁਮਾਰ ਨੂੰ ਹੁਣ ਤਕ ਨੌਕਰੀ ਨਹੀਂ ਮਿਲੀ ਹੈ। ਉਸ ਨੇ ਦੱਸਿਆ ਕਿ ਪੈਰਾ ਓਲੰਪਿਕ ਵਿਚ ਪਦਕ ਜਿੱਤਣ ’ਤੇ ਹਿਮਾਚਲ ਸਰਕਾਰ ਵੱਲੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਅਜੇ ਨਾ ਤਾਂ ਸੂਬਾ ਸਰਕਾਰ ਵੱਲੋਂ ਜਾਬ ਆਫ਼ਰ ਆਈ ਹੈ , ਨਾ ਹੀ ਕੇਂਦਰ ਸਰਕਾਰ ਵੱਲੋਂ। ਨਿਸ਼ਾਦ ਨੇ ਦੱਸਿਆ ਕਿ ਹੁਣ ਉਸ ਦਾ ਫੋਕਸ ਅਗਲੇ ਸਾਲ ਹੋਣ ਵਾਲੀ ਇੰਟਰਨੈਸ਼ਨਲ ਚੈਂਪੀਅਨਸ਼ਿਪ ’ਤੇ ਹੈ। 2022 ਵਿਚ ਏਸ਼ੀਅਨ ਚੈਪੀਅਨਸ਼ਿਪ ਅਤੇ ਵਰਲਡ ਚੈਂਪੀਅਨਸ਼ਿਪ ਹੋਣੀਆਂ ਹਨ, ਜਿਸ ਦੀ ਤਿਆਰੀਆਂ ਉਸ ਨੇ ਸ਼ੁਰੂ ਕਰ ਦਿੱਤੀਆਂ ਹਨ।

PunjabKesari

ਨਿਸ਼ਾਦ ਕੁਮਾਰ ਦੀ ਕਹਾਣੀ ਪ੍ਰੇਰਣਾਦਾਇਕ : ਗਿੱਲ
ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਭਾਵੁਕ ਅੰਦਾਜ਼ ਵਿਚ ਕਿਹਾ ਕਿ ਮੈਂ ਸਾਰਿਆਂ ਨੂੰ ਦੱਸਾਂਗਾ ਕਿ ਮੈਂ ਨਿਸ਼ਾਦ ਕੁਮਾਰ ਦੇ ਕਾਲਜ ਵਿਚ ਪੜ੍ਹਿਆ ਹਾਂ। ਮੈਂ ਆਪਣੇ ਬੱਚਿਆਂ ਨੂੰ ਟੋਕੀਓ ਪੈਰਾ-ਓਲੰਪਿਕ ਦੇ ਮੈਡਲ ਜੇਤੂ ਨਿਸ਼ਾਦ ਦੀ ਕਹਾਣੀ ਦੱਸਾਂਗਾ। ਉਨ੍ਹਾਂ ਕਿਹਾ ਕਿ ਮੇਰੇ ਵਰਗੇ ਵਿਦਿਆਰਥੀ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਕਾਲਜਾਂ ਵਿਚੋਂ ਨਿਕਲਦੇ ਹਨ ਪਰ ਨਿਸ਼ਾਦ ਵਰਗੇ ਖਿਡਾਰੀ ਕਦੇ-ਕਦੇ ਸਾਹਮਣੇ ਆਉਂਦੇ ਹਨ।


author

Anuradha

Content Editor

Related News