ਅੰੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਤੇਜ਼, 64 ਚਸ਼ਮਦੀਦਾਂ ਦੇ ਬਿਆਨ ਦਰਜ
Monday, Oct 29, 2018 - 05:03 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਰੇਲ ਹਾਦਸਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਹਾਦਸਾ ਕਿਸਦੀ ਅਣਗਹਿਲੀ ਜਾਂ ਗਲਤੀ ਦਾ ਨਤੀਜਾ ਸੀ ਇਸਦੀ ਮੈਜਿਸਟ੍ਰੀਅਲ ਜਾਂਚ ਜਾਰੀ ਹੈ। ਜਾਂਚ ਕਮਿਸ਼ਨ ਦੇ ਮੁਖੀ ਬੀ. ਪੁਰਸ਼ਾਰਥ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ 'ਚ ਹਾਦਸੇ ਦੇ ਚਸ਼ਮਦੀਦਾਂ ਤੇ ਹਾਦਸਾ ਪੀੜਤਾਂ ਦੇ ਬਿਆਨ ਕਲਮਬੱਧ ਕੀਤੇ। ਪੁਲਸ ਕਮਿਸ਼ਨਰ ਨੇ ਵੀ ਜਾਂਚ ਅਧਿਕਾਰੀ ਨੂੰ ਆਪਣੇ ਬਿਆਨ ਦਰਜ ਕਰਵਾਏ। ਇਸ ਦੌਰਾਨ ਚਸ਼ਮਦੀਦਾਂ ਨੇ ਦੱਸਿਆ ਕਿ ਆਖਿਰ ਕਿਵੇਂ ਪਲਾਂ 'ਚ ਮੌਤ ਬਣ ਕੇ ਆਈ ਟ੍ਰੇਨ ਨੇ ਦਰਜਨਾਂ ਲਾਸ਼ਾਂ ਵਿਛਾ ਦਿੱਤੀਆਂ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਦੁਸਹਿਰਾ ਦੇ ਆਯੋਜਕ ਮਿੱਠੂ ਮਦਾਨ ਨੂੰ ਵੀ ਸੰਮਨ ਭੇਜਿਆ ਗਿਆ ਸੀ ਪਰ ਘਰ ਬੰਦ ਹੋਣ ਕਰਕੇ ਸੰਮਨ ਵਾਪਸ ਆ ਗਏ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ 'ਚ ਮਿੱਠੂ ਤੇ ਰੇਲਵੇ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
ਹੁਣ ਤੱਕ ਇਸ ਮਾਮਲੇ 'ਚ 64 ਲੋਕ ਆਪਣੇ ਬਿਆਨ ਕਲਮਬੱਧ ਕਰਵਾ ਚੁੱਕੇ ਹਨ। ਅਧਿਕਾਰੀ ਮੁਤਾਬਕ ਲੋੜ ਪੈਣ 'ਤੇ ਨਵਜੋਤ ਕੌਰ ਸਿੱਧੂ ਨੂੰ ਵੀ ਸੰਮਨ ਭੇਜੇ ਜਾ ਸਕਦੇ ਹਨ। ਦੱਸ ਦੇਈਏ ਕਿ ਦੁਸਹਿਰੇ ਵਾਲੇ ਦਿਨ ਜੌੜਾ ਫਾਟਕ ਕੋਲ ਰਾਵਨ ਦਹਿਨ ਵੇਖ ਰਹੇ ਲੋਕਾਂ ਨੂੰ ਟਰੇਨ ਨੇ ਕੁਚਲ ਦਿੱਤਾ ਸੀ। ਇਸ ਹਾਦਸੇ 'ਚ 60 ਮੌਤਾਂ ਹੋ ਗਈਆਂ, ਜਦਕਿ ਕਈ ਲੋਕ ਜ਼ਖਮੀ ਹੋ ਗਏ ਸਨ।