ਯੂਕ੍ਰੇਨ 'ਚ ਬੰਬਾਰੀ, -2 ਡਿਗਰੀ ਤਾਪਮਾਨ ਵਿਚਕਾਰ ਭੁੱਖੇ-ਪਿਆਸੇ ਪੈਦਲ ਚੱਲਣ ਨੂੰ ‘ਮਜਬੂਰ’ ਵਿਦਿਆਰਥੀ

Wednesday, Mar 02, 2022 - 04:25 PM (IST)

ਯੂਕ੍ਰੇਨ 'ਚ ਬੰਬਾਰੀ, -2 ਡਿਗਰੀ ਤਾਪਮਾਨ ਵਿਚਕਾਰ ਭੁੱਖੇ-ਪਿਆਸੇ ਪੈਦਲ ਚੱਲਣ ਨੂੰ ‘ਮਜਬੂਰ’ ਵਿਦਿਆਰਥੀ

ਜਲੰਧਰ (ਪੁਨੀਤ)– ਯੂਕ੍ਰੇਨ ਵਿਚ ਹੁਣ ਹਰ ਪਾਸੇ ਬੰਬਾਰੀ ਹੋ ਰਹੀ ਹੈ। ਕੁਝ ਇਲਾਕਿਆਂ ਨੂੰ ਲੈ ਕੇ ਮੌਤ ਦਾ ‘ਮੰਜ਼ਰ’ ਸਾਫ਼ ਵਿਖਾਈ ਦੇਣ ਲੱਗਾ ਹੈ। ਸਾਰਿਆਂ ਦੀ ਜ਼ਿੰਦਗੀ ਉਸ ਸਮੇਂ ਤੱਕ ਖ਼ਤਰੇ ਵਿਚ ਹੈ, ਜਦੋਂ ਤੱਕ ਉਹ ਵਾਪਸ ਆਪਣੇ ਵਤਨ ਨਹੀਂ ਪਹੁੰਚ ਜਾਂਦੇ। ਹਾਲਾਤ ਇਹ ਹਨ ਕਿ ਬਾਰਡਰ ’ਤੇ -2 ਡਿਗਰੀ ਤਾਪਮਾਨ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ‘ਮੰਜ਼ਿਲ’ ਦੀ ਭਾਲ ਕਰ ਰਹੀਆਂ ਹਨ। ਦੂਰ-ਦੂਰ ਤੱਕ ਵਿਖਾਈ ਨਾ ਦੇਣ ਵਾਲੀ ਮੰਜ਼ਿਲ ਤੱਕ ਪਹੁੰਚਣ ਲਈ ਉਹ ‘ਭੁੱਖੇ-ਪਿਆਸੇ’ ਕਈ-ਕਈ ਮੀਲ (ਕਿਲੋਮੀਟਰ) ਤੱਕ ਪੈਦਲ ਚੱਲਣ ਨੂੰ ਮਜਬੂਰ ਹਨ ਤਾਂ ਕਿ ਉਹ ਸੁਰੱਖਿਅਤ ਨਿਕਲ ਸਕਣ।

ਹਾਲਤ ਇਹ ਹੈ ਕਿ ਯੂਕ੍ਰੇਨ ਵਿਚ ਫਸੇ ਵਧੇਰੇ ਵਿਦਿਆਰਥੀਆਂ ਕੋਲ ਪੈਸੇ ਖ਼ਤਮ ਹੋ ਚੁੱਕੇ ਹਨ। ਕਈ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਪੈਸੇ ਭੇਜਣ ਲਈ ਤਿਆਰ ਹਨ ਪਰ ਏ. ਟੀ. ਐੱਮ. ਵਿਚ ਪੈਸਾ ਨਹੀਂ ਹੈ ਅਤੇ ਬੈਂਕ ਖੁੱਲ੍ਹ ਨਹੀਂ ਰਹੇ, ਜਿਸ ਕਾਰਨ ਬੱਚੇ ਪੈਸੇ ਕਢਵਾਉਣ ਵਿਚ ਅਸਮਰੱਥ ਹਨ। ਅਜਿਹੇ ਹਾਲਾਤ ਵਿਚ ਉਨ੍ਹਾਂ ਨੂੰ ਬਹੁਤ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੋਲਤਾਵਾ ਸਟੇਟ ਮੈਡੀਕਲ ਯੂਨੀਵਰਸਿਟੀ ਤੋਂ ਕਈ ਵਿਦਿਆਰਥੀ ਐਤਵਾਰ ਰਾਤ ਨੂੰ ਬੱਸਾਂ ਜ਼ਰੀਏ 1200 ਕਿਲੋਮੀਟਰ ਦੂਰ ਰੋਮਾਨੀਆ ਬਾਰਡਰ ਲਈ ਨਿਕਲੇ। 7-8 ਘੰਟੇ ਦੇ ਸਫਰ ਲਈ 30 ਘੰਟਿਆਂ ਤੋਂ ਵੱਧ ਸਮਾਂ ਲੱਗਾ ਅਤੇ ਉਹ ਮੰਗਲਵਾਰ ਸਵੇਰੇ ਬਾਰਡਰ ’ਤੇ ਪੁੱਜੇ ਪਰ ਉਥੇ ਵੀ ਹਾਲਾਤ ਬਹੁਤ ਖਰਾਬ ਹਨ। ਉਨ੍ਹਾਂ ਅੱਗੇ ਹਜ਼ਾਰਾਂ ਲੋਕ ਖੜ੍ਹੇ ਹਨ, ਜਿਸ ਕਾਰਨ ਵਿਦਿਆਰਥੀ ਹੁਣ ਦੂਜੇ ਇਲਾਕਿਆਂ ਵੱਲ ਰਵਾਨਾ ਹੋਣ ਨੂੰ ਮਜਬੂਰ ਹਨ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਜਲੰਧਰ ਦੇ ਫਸੇ 53 ਵਿਦਿਆਰਥੀ, ਚਿੰਤਾ 'ਚ ਡੁੱਬੇ ਮਾਪੇ

PunjabKesari

ਪੋਲਤਾਵਾ ਸਟੇਟ ਯੂਨੀਵਰਸਿਟੀ ਤੋਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ, ਜਿਹੜੇ ਕਿ ਰੋਮਾਨੀਆ ਬਾਰਡਰ ਤੋਂ ਨਾਉਮੀਦ ਹੋ ਕੇ ਹੰਗਰੀ ਆਦਿ ਦੂਜੇ ਬਾਰਡਰ ਵੱਲ ਰਵਾਨਾ ਹੋ ਰਹੇ ਹਨ, ਉਹ ਦੱਸ ਰਹੇ ਹਨ ਕਿ ਰੋਮਾਨੀਆ ਬਾਰਡਰ ਪਾਰ ਕਰਕੇ ਅੱਗੇ ਜਾਣ ਲਈ 5 ਤੋਂ 6 ਘੰਟੇ ਲੱਗਣਾ ਤੈਅ ਹੈ। ਆਰਮੀ ਸਾਰਿਆਂ ਨੂੰ ਇਕਦਮ ਅੱਗੇ ਜਾਣ ਨਹੀਂ ਦੇ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਰੋਮਾਨੀਆ ਬਾਰਡਰ ’ਤੇ ਵਿਦਿਆਰਥੀਆਂ ਨੂੰ ਅੱਗੇ ਲੈ ਕੇ ਜਾਣ ਲਈ ਕੁਝ ਬੱਸਾਂ ਆ ਰਹੀਆਂ ਹਨ ਪਰ ਉਨ੍ਹਾਂ ਵਿਚ ਚੜ੍ਹਨ ਲਈ ਕਈਆਂ ਵਿਚ ਹੱਥੋਪਾਈ ਤੱਕ ਦੀ ਨੌਬਤ ਆ ਚੁੱਕੀ ਹੈ। ਇਨ੍ਹਾਂ ਵਿਚ ਭਾਰਤੀ ਵਿਦਿਆਰਥੀਆਂ ਤੋਂ ਇਲਾਵਾ ਪਾਕਿਸਤਾਨ ਵੀ ਮੌਜੂਦ ਹਨ, ਜਿਸ ਕਾਰਨ ਧੱਕਾ-ਮੁੱਕੀ ਵਿਚ ਕਈ ਜ਼ਖ਼ਮੀ ਵੀ ਹੋਏ ਹਨ।

ਵਿਦਿਆਰਥਣ ਤਨੂਜਾ ਪਟੇਲ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਦੱਸਿਆ ਕਿ ਉਥੇ ਬਾਰਡਰ ਨੇੜੇ ਪਹੁੰਚਣ ਤੋਂ ਬਾਅਦ ਕੁਝ ਕਿਲੋਮੀਟਰ ਸਫਰ ਤਹਿ ਕਰਨ ਵਿਚ ਕਈ ਘੰਟੇ ਦਾ ਸਮਾਂ ਲੱਗਾ ਅਤੇ ਉਥੇ ਜਾ ਕੇ ਪਤਾ ਲੱਗਾ ਕਿ ਸ਼ਾਮ ਨੂੰ ਇਕ ਫਲਾਈਟ ਆਵੇਗੀ। ਜਿਥੇ ਫਲਾਈਟ ਆਉਣੀ ਹੈ, ਉਥੋਂ ਤੱਕ ਪਹੁੰਚਣਾ ਆਸਾਨ ਨਹੀਂ ਹੈ। ਉਸਨੇ ਦੱਸਿਆ ਕਿ ਬਾਰਡਰ ’ਤੇ ਹਜ਼ਾਰਾਂ ਵਿਦਿਆਰਥੀ ਖੜ੍ਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਕ੍ਰੇਨੀ ਨਾਗਰਿਕ ਵੀ ਉਥੇ ਮੌਜੂਦ ਹਨ। ਕਈ ਵਿਦਿਆਰਥੀ ਪਿਛਲੇ 4-5 ਦਿਨਾਂ ਤੋਂ ਬਾਰਡਰ ’ਤੇ ਬੈਠੇ ਅੱਗੇ ਜਾਣ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਦੇ ਕੁਝ ਦੋਸਤਾਂ ਨੂੰ ਚੈਕਿੰਗ ਆਦਿ ਤੋਂ ਬਾਅਦ ਬਾਰਡਰ ਪਾਰ ਭੇਜ ਦਿੱਤਾ ਗਿਆ ਪਰ ਉਨ੍ਹਾਂ ਨੂੰ ਬੱਸਾਂ ਨਹੀਂ ਮਿਲ ਸਕੀਆਂ। ਇਸ ਕਾਰਨ ਉਹ ਰੋਮਾਨੀਆ ਦਾ ਬਾਰਡਰ ਕਰਾਸ ਕਰਕੇ -2 ਡਿਗਰੀ ਤਾਪਮਾਨ ਵਿਚ ਭੁੱਖੇ-ਪਿਆਸੇ ਕਈ-ਕਈ ਘੰਟੇ ਪੈਦਲ ਚੱਲਣ ਨੂੰ ਮਜਬੂਰ ਹੋ ਰਹੇ ਹਨ।

ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਦਾ PM ਮੋਦੀ 'ਤੇ ਵੱਡਾ ਹਮਲਾ, ਕਿਹਾ-ਕੇਂਦਰ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਨਾ ਮਾਰੇ

PunjabKesari

ਹੰਗਰੀ ਬਾਰਡਰ ਤੱਕ ਜਾਣਾ ਵੀ ਆਸਾਨ ਨਹੀਂ
ਵ੍ਹਟਸਐਪ ਕਾਲ ਵਿਚ ਵਿਦਿਆਰਥੀਆਂ ਨੇ ਦੱਸਿਆ ਕਿ ਬੱਸਾਂ ਜ਼ਰੀਏ ਰੋਮਾਨੀਆ ਬਾਰਡਰ ਤੋਂ ਹੰਗਰੀ ਦੇ ਬਾਰਡਰ ਵੱਲ ਰਵਾਨਾ ਹੋਏ ਹਨ। ਇਥੋਂ ਹੰਗਰੀ 100 ਕਿਲੋਮੀਟਰ ਦੇ ਲਗਭਗ ਹੈ, ਜਿਸ ਕਾਰਨ ਉਹ 1-2 ਘੰਟੇ ਵਿਚ ਪਹੁੰਚਣ ਦਾ ਅਨੁਮਾਨ ਲਾ ਕੇ ਬੱਸਾਂ ਵਿਚ ਬੈਠੇ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਇਥੇ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਕਿਉਂਕਿ ਹਜ਼ਾਰਾਂ ਵਿਦਿਆਰਥੀਆਂ ਬਾਰਡਰ ’ਤੇ ਖੜ੍ਹੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਹੰਗਰੀ ਬਾਰਡਰ ਤੋਂ ਇਕ ਦੋਸਤ ਨੇ ਫੋਨ ਕਰ ਕੇ ਉਥੇ ਆਉਣ ਲਈ ਕਿਹਾ, ਜਿਸ ਕਾਰਨ ਉਹ ਹੰਗਰੀ ਲਈ ਨਿਕਲ ਪਏ।

ਇਹ ਵੀ ਪੜ੍ਹੋ: ਹਫ਼ਤਾ ਪਹਿਲਾਂ ਯੂਕ੍ਰੇਨ ਗਿਆ ਪੰਜਾਬੀ ਨੌਜਵਾਨ, ਮਾਂ ਬੋਲੀ- ਫੋਨ ਕੱਟਦਿਆਂ ਹੀ ਵਧ ਜਾਂਦੀਆਂ ਦਿਲ ਦੀਆਂ ਧੜਕਨਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News