ਜੀ. ਕੇ. ਨੇ ਟਾਈਟਲਰ ਨੂੰ ਸਜ਼ਾ ਦਿਵਾਉਣ ਦੀ ਜ਼ਿੰਮੇਵਾਰੀ ਅਗਲੀ ਪੀੜ੍ਹੀ ਦੇ ਸਿਰ ਸੁੱਟੀ : ਸਰਨਾ

Thursday, Mar 15, 2018 - 07:11 AM (IST)

ਜੀ. ਕੇ. ਨੇ ਟਾਈਟਲਰ ਨੂੰ ਸਜ਼ਾ ਦਿਵਾਉਣ ਦੀ ਜ਼ਿੰਮੇਵਾਰੀ ਅਗਲੀ ਪੀੜ੍ਹੀ ਦੇ ਸਿਰ ਸੁੱਟੀ : ਸਰਨਾ

ਜਲੰਧਰ  (ਚਾਵਲਾ) - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ 1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸਜ਼ਾ ਦਿਵਾਉਣ ਲਈ ਸਿੱਖਾਂ ਅਤੇ ਪੀੜਤ ਪਰਿਵਾਰਾਂ ਨਾਲ ਕੀਤੇ ਵਾਅਦੇ ਤੋਂ ਬੁਰੀ ਤਰ੍ਹਾਂ ਫੇਲ ਹੋਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਆਪਣੇ ਪੋਸਟਰ-ਬਿਆਨਾਂ ਰਾਹੀਂ ਟਾਈਟਲਰ ਨੂੰ ਸਜ਼ਾ ਦਿਵਾਉਣ ਦੀ ਜ਼ਿੰਮੇਵਾਰੀ ਅਗਲੀ ਪੀੜ੍ਹੀ ਦੇ ਸਿਰ ਸੁੱਟ ਕੇ ਆਪਣੇ ਵਾਅਦੇ ਤੋਂ ਮੁਕਰਨ ਦਾ ਰਸਤਾ ਲੱਭ ਰਿਹਾ ਹੈ।
ਉਨ੍ਹਾਂ ਜੀ. ਕੇ. ਦੀ ਸੋਚ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਇਹ ਵੀ ਦੋਸ਼ ਲਾਇਆ ਕਿ ਇਕ ਪਾਸੇ ਤਾਂ ਉਹ ਆਪਣੇ ਆਪ ਨੂੰ ਨਾਸ਼ਵਾਨ ਮਨੁੱਖ ਮੰਨਦਾ ਹੈ ਤੇ ਦੂਸਰੇ ਪਾਸੇ ਟਾਈਟਲਰ ਨੂੰ ਅਮਰ ਰਹਿਣ ਵਾਲਾ ਕਹਿ ਰਿਹਾ ਹੈ, ਜੋ ਉਸ ਦੀਆਂ ਅਗਲੀਆਂ ਪੀੜ੍ਹੀਆਂ ਤਕ ਜਿਊਂਦਾ ਰਹੇਗਾ ਤੇ ਜੀ. ਕੇ. ਦੀਆਂ ਅਗਲੀਆਂ ਪੀੜ੍ਹੀਆਂ ਉਸ ਨੂੰ ਸਜ਼ਾ ਜ਼ਰੂਰ ਦਿਵਾਉਣਗੀਆਂ।
ਸਰਨਾ ਨੇ ਕਿਹਾ ਕਿ ਕੇਂਦਰ 'ਚ ਬੀ. ਜੇ. ਪੀ. ਦੀ ਸਰਕਾਰ ਹੈ ਤੇ ਦਿੱਲੀ ਪੁਲਸ ਅਤੇ ਸੀ. ਬੀ. ਆਈ. ਵੀ ਉਸ ਦੇ ਅਧੀਨ ਹਨ, ਫਿਰ ਸਰਕਾਰ ਕਿਸ ਗੱਲ ਦੀ ਉਡੀਕ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਜੀ. ਕੇ. ਵਲੋਂ ਆਪਣੇ ਵਾਅਦੇ ਤੋਂ ਮੁਕਰਨ ਲਈ ਚੋਰ ਰਸਤੇ ਲੱਭਣਾ ਇਸ ਗੱਲ ਦਾ ਖੁਲਾਸਾ ਕਰਦਾ ਹੈ ਕਿ ਬਾਦਲ ਦਲ ਤੇ ਬੀ.ਜੇ.ਪੀ. ਸਿੱਖਾਂ ਨੂੰ ਇਨਸਾਫ ਨਹੀਂ ਦਿਵਾਉਣਾ ਚਾਹੁੰਦੇ ਸਗੋਂ ਚੋਣਾਂ ਵੇਲੇ ਸਿੱਖਾਂ ਦੇ ਜ਼ਖਮਾਂ ਨੂੰ ਕੁਰੇਦ ਕੇ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਸਿੱਖਾਂ ਦੇ ਵੱਧ ਤੋਂ ਵੱਧ ਵੋਟ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਦਲ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਿੰਨਾ ਕੁ ਗੰਭੀਰ ਹੈ, ਇਸ ਦੀ ਪੋਲ ਖੁੱਲ੍ਹ ਚੁੱਕੀ ਹੈ ਤੇ ਹੁਣ ਬਾਦਲ ਦਲ ਸਿੱਖਾਂ ਤੇ ਪੀੜਤਾਂ ਨੂੰ ਇਸ ਮੁੱਦੇ 'ਤੇ ਹੋਰ ਗੁੰਮਰਾਹ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਲਦੀ ਹੀ ਬਾਦਲ ਦਲ ਅਤੇ ਬੀ. ਜੇ. ਪੀ. ਨੂੰ ਇਸ ਮੁੱਦੇ 'ਤੇ ਸੰਗਤਾਂ ਦੀ ਕਚਹਿਰੀ 'ਚ ਬੇਨਕਾਬ ਕਰਨ ਦਾ ਪ੍ਰੋਗਰਾਮ ਬਣਾਵੇਗੀ।


Related News