ਚੋਰੀ ਦੇ ਮੋਟਰਸਾਈਕਲ ਸਣੇ 2 ਨੌਜਵਾਨ ਕਾਬੂ

Monday, Sep 18, 2017 - 01:07 AM (IST)

ਚੋਰੀ ਦੇ ਮੋਟਰਸਾਈਕਲ ਸਣੇ 2 ਨੌਜਵਾਨ ਕਾਬੂ

ਗੁਰਦਾਸਪੁਰ,   (ਦੀਪਕ)-  ਥਾਣਾ ਸਦਰ ਦੀ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਸਣੇ 2 ਨੌਜਵਾਨਾਂ ਨੂੰ ਨਾਕੇ ਦੌਰਾਨ ਗ੍ਰਿਫਤਾਰ ਕੀਤਾ ਹੈ।
ਉਕਤ ਕਾਬੂ ਕੀਤੇ ਚੋਰਾਂ ਦੀ ਪਛਾਣ ਹਰਜੀਤ ਸਿੰਘ ਗੇਲਾ ਪੁੱਤਰ ਜੰਗ ਬਹਾਦਰ ਸਿੰਘ ਵਾਸੀ ਸਹਾਰੀ ਅਤੇ ਹਰਜਿੰਦਰ ਸਿੰਘ ਉਰਫ ਜ਼ਿੰਦਾ ਪੁੱਤਰ ਜੋਗਿੰਦਰ ਸਿੰਘ ਵਾਸੀ ਹਸਨਪੁਰ ਕਲਾਂ ਦੇ ਰੂਪ ਵਿਚ ਹੋਈ ਹੈ। ਥਾਣਾ ਸਦਰ ਦੇ ਮੁਖੀ ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੁਪਤਾ ਸੂਚਨਾ ਦੇ ਆਧਾਰ 'ਤੇ ਬੀਤੀ ਸ਼ਾਮ ਪੁਲਸ ਪਾਰਟੀ ਨਾਲ ਬੱਬਰੀ ਬਾਈਪਾਸ 'ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ 2 ਨੌਜਵਾਨ ਇਕ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਧਾਰੀਵਾਲ ਤੋਂ ਗੁਰਦਾਸਪੁਰ ਵਾਲੀ ਸਾਈਡ ਨੂੰ ਆ ਰਹੇ ਸਨ, ਜੋ ਪੁਲਸ ਨਾਕਾ ਦੇਖ ਕੇ ਪਿੱਛੇ ਨੂੰ ਭੱਜਣ ਲੱਗੇ। ਸ਼ੱਕ ਪੈਣ 'ਤੇ ਇਨ੍ਹਾਂ ਨੂੰ ਪੁਲਸ ਵੱਲੋਂ ਕਾਬੂ ਕੀਤਾ ਗਿਆ। ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਅਤੇ ਗੁਰੂ ਨਾਨਕ ਦੇਵ ਸਿਵਲ ਹਸਪਤਾਲ ਅੰਮ੍ਰਿਤਸਰ ਤੋਂ 19-12-2016 ਨੂੰ ਚੋਰੀ ਕੀਤਾ ਸੀ।   ਉਨ੍ਹਾਂ ਇਹ ਵੀ ਮੰਨਿਆ ਕਿ ਇਹ ਚੋਰੀ ਤੇ ਲੁੱਟ-ਖੋਹ ਦਾ ਕੰਮ ਵੀ ਕਰਦੇ ਹਨ ਅਤੇ ਇਨ੍ਹਾਂ ਖਿਲਾਫ ਤਿੱਬੜ ਥਾਣਾ, ਥਾਣਾ ਸੇਖਵਾਂ, ਸਦਰ ਥਾਣਾ ਬਟਾਲਾ ਅਤੇ ਧਾਰੀਵਾਲ 'ਚ ਚੋਰੀ ਅਤੇ ਲੁੱਟਾਂ-ਖੋਹਾਂ ਅਤੇ ਐੱਨ. ਡੀ. ਬੀ. ਐਕਟ ਤਹਿਤ ਕਈ ਮੁਕੱਦਮੇ ਦਰਜ ਹਨ। ਇਹ ਪੁਲਸ ਵੱਲੋਂ ਲੋੜੀਂਦੇ ਸਨ। 
ਥਾਣਾ ਮੁਖੀ ਅਨੁਸਾਰ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਇਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਪਿੰਡ ਤਿੱਬੜ ਤੋਂ ਇਕ ਟਿੱਪਰ ਅਤੇ ਧਾਰੀਵਾਲ ਤੋਂ ਟਰਾਲਾ ਵੀ ਚੋਰੀ ਕੀਤਾ ਸੀ ਜਿਨ੍ਹਾਂ ਨੂੰ ਇਨ੍ਹਾਂ ਦੀ ਨਿਸ਼ਾਨਦੇਹੀ ਦੇ ਆਧਾਰ 'ਤੇ ਪੁਰਾਣਾ ਸ਼ਾਲਾ ਤੋਂ ਬਰਾਮਦ ਕਰ ਲਿਆ ਹੈ। ਇਨ੍ਹਾਂ ਖਿਲਾਫ ਥਾਣਾ ਸਦਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਏ. ਐੱਸ. ਆਈ. ਸੁਰਿੰਦਰ ਸਿੰਘ, ਹੈੱਡ ਕਾਂਸਟੇਬਲ ਰਜਿੰਦਰ ਸਿੰਘ, ਅਮਰੀਕ ਸਿੰਘ, ਪੀ. ਐੱਚ. ਜੀ. ਸਰਵਣ ਸਿੰਘ ਤੇ ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।


Related News